ਪਿਆਰੇ – ਪਿਆਰੇ ਬੱਚਿਆਂ ਦਾ ਦਿਨ : ਬਾਲ ਦਿਵਸ

ਮਾਸਟਰ ਸੰਜੀਵ ਧਰਮਾਣੀ
(ਸਮਾਜ ਵੀਕਲੀ)

ਪਿਆਰੇ ਬੱਚਿਓ ! ਤੁਹਾਨੂੰ ਸਭ ਨੂੰ ਬਾਲ ਦਿਵਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਦਿਨ  ” ਚਾਚਾ ਨਹਿਰੂ ” ਜੀ ਦਾ ਜਨਮ ਦਿਵਸ ਹੁੰਦਾ ਹੈ ਅਤੇ ਸਮੁੱਚੇ ਦੇਸ਼ ਇਸ ਦਿਨ ਨੂੰ ਬਾਲ ਦਿਵਸ ਦੇ ਤੌਰ ‘ਤੇ ਵਿਸ਼ੇਸ਼ ਰੂਪ ਵਿੱਚ ਮਨਾਇਆ ਜਾਂਦਾ ਹੈ। ਅਸੀਂ ਅੱਜ ਤੁਹਾਨੂੰ ” ਚਾਚਾ ਨਹਿਰੂ ” ਜੀ ਬਾਰੇ ਕੁਝ ਜਾਣਕਾਰੀ ਦੇਵਾਂਗੇ।

ਬੱਚਿਓ ! ” ਚਾਚਾ ਨਹਿਰੂ”  ਜੀ ਦਾ ਪੂਰਾ ਨਾਂ ਪੰਡਿਤ ਜਵਾਹਰ ਲਾਲ ਨਹਿਰੂ ਹੈ। ਉਹ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਬੱਚਿਓ ! ” ਚਾਚਾ ਨਹਿਰੂ” ਜੀ ਦਾ ਜਨਮ 14 ਨਵੰਬਰ 1889 ਵਿੱਚ ਇਲਾਹਾਬਾਦ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਪੰਡਿਤ ਮੋਤੀ ਲਾਲ ਨਹਿਰੂ ਸੀ ਅਤੇ ਮਾਤਾ ਦਾ ਨਾਂ ਸ੍ਰੀਮਤੀ ਸਵਰੂਪ ਰਾਣੀ ਸੀ।ਆਪ ਜੀ ਦੇ ਪਿਤਾ ਜੀ ਇੱਕ ਪ੍ਰਸਿੱਧ ਵਕੀਲ ਸਨ। ਆਪ ਜੀ ਦੀਆਂ ਤਿੰਨ ਭੈਣਾਂ ਸਨ,  ਛੋਟੀ ਭੈਣ ਦਾ ਨਾਂ ਕ੍ਰਿਸ਼ਨਾਂ ਸੀ।

ਨਹਿਰੂ ਪਰਿਵਾਰ ਦੇ ਨਿਵਾਸ ਸਥਾਨ ਦਾ ਨਾਂ ” ਆਨੰਦ ਭਵਨ ” ਸੀ। ਚਾਚਾ ਨਹਿਰੂ ਜੀ ਦਾ ਸੰਬੰਧ ਬਹੁਤ ਹੀ ਸਮਰਿੱਧ ਤੇ ਧਨ – ਸੰਪੰਨ ਪਰਿਵਾਰ ਨਾਲ ਸੀ। ਲਗਪਗ ਗਿਆਰਾਂ ਸਾਲ ਦੀ ਉਮਰ ਵਿਚ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਲਈ ਆਇਰਲੈਂਡ ਦੇਸ਼ ਦੇ ਨਿਵਾਸੀ ਇੱਕ ਯੋਗ ਅਤੇ ਕੁਸ਼ਲ ਅਧਿਆਪਕ ਦੀ ਨਿਯੁਕਤੀ ਕੀਤੀ। ਚਾਚਾ  ਨਹਿਰੂ ਜੀ ਦੇ ਅਧਿਆਪਕ ਦਾ ਨਾਂ ਐਫ. ਟੀ. ਬਰੁੱਕਸ ਸੀ।ਸੰਨ 1915 ਵਿਚ ਚਾਚਾ ਨਹਿਰੂ ਜੀ ਪੰਦਰਾਂ ਸਾਲ ਦੀ ਉਮਰ ਦੇ ਹੋਏ ਤਾਂ ਆਪਣੇ ਮਾਤਾ – ਪਿਤਾ ਅਤੇ ਛੋਟੀ ਭੈਣ ਨਾਲ ਯੂਰਪ ਦੀ ਯਾਤਰਾ ‘ਤੇ ਗਏ। ਚਾਚਾ ਨਹਿਰੂ ਜੀ ਦਾ ਪਾਲਣ ਪੋਸ਼ਣ ਬਹੁਤ ਹੀ ਸੁਚੱਜੇ ਅਤੇ ਉੱਤਮ ਢੰਗ ਤਰੀਕੇ ਨਾਲ ਹੋਇਆ।

ਉਚੇਰੀ ਪੜ੍ਹਾਈ ਕਰਨ ਲਈ ਆਪ ਵਿਲਾਇਤ (ਇੰਗਲੈਂਡ) ਗਏ। ਕੈਂਬਰਿਜ ਯੂਨੀਵਰਸਿਟੀ ਤੋਂ ਵੀ ਆਪਜੀ ਨੇ ਪੜ੍ਹਾਈ ਕੀਤੀ। ਚਾਚਾ ਨਹਿਰੂ ਜੀ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ। ਆਪ ਦੀ ਪਤਨੀ ਦਾ ਨਾਂ ਸ੍ਰੀਮਤੀ ਕਮਲਾ ਸੀ। ਚਾਚਾ ਨਹਿਰੂ ਜੀ ਦੀ ਪੁੱਤਰੀ ਦਾ ਨਾਂ ਇੰਦਰਾ ਪ੍ਰੀਅਦਰਸ਼ਨੀ ਸੀ , ਜੋ ਬਾਅਦ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੇ ਨਾਂ ਨਾਲ ਜਾਣੇ ਗਏ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਭਾਰਤ ਵਿੱਚ ਰਹਿੰਦੇ ਹੋਏ ਚਾਚਾ ਨਹਿਰੂ ਜੀ ਨੇ ਦੇਸ਼ ਦੇ ਦੂਰ – ਦਰਾਜ਼ ਇਲਾਕਿਆਂ ਵਿੱਚ ਰਹਿੰਦੇ ਗ਼ਰੀਬ ਲੋਕਾਂ ਦੇ ਹਾਲਾਤਾਂ ਨੂੰ ਜਾਣਿਆ – ਸਮਝਿਆ ਅਤੇ ਉਨ੍ਹਾਂ ਦੇ ਦੁੱਖ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ।

ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਚਾਚਾ ਨਹਿਰੂ ਜੀ ਦੇ ਜੀਵਨ ਦਾ ਬਹੁਤ ਹਿੱਸਾ ਜੇਲ੍ਹ ਵਿੱਚ ਬਤੀਤ ਹੋਇਆ। ਭਾਵ ਉਹ ਦੇਸ਼ ਦੀ ਆਜ਼ਾਦੀ ਲਈ ਬਹੁਤੇਰੀ ਵਾਰ ਜੇਲ੍ਹ ਗਏ। ਸੰਨ 1919 ਵਿੱਚ ਚਾਚਾ ਨਹਿਰੂ ਜੀ , ਗਾਂਧੀ ਜੀ ਦੇ ਸੰਪਰਕ ਵਿੱਚ ਆਏ। ਚਾਚਾ ਨਹਿਰੂ ਜੀ ਨੇ ਵਿਦੇਸ਼ੀ ਕੱਪੜਿਆਂ ਦਾ ਬਾਈਕਾਟ ਕੀਤਾ। ਉਨ੍ਹਾਂ ਨੇ ਮਹਾਤਮਾ ਗਾਂਧੀ ਜੀ ਨਾਲ ਮਿਲ਼ ਕੇ ਦੇਸ਼ ਦੀ ਆਜ਼ਾਦੀ ਲਈ ਮਿਲ਼ਜੁਲ਼ ਕੇ ਸੰਘਰਸ਼ ਕੀਤਾ। ” ਬੱਚੇ ਦੇਸ਼ ਦਾ ਭਵਿੱਖ ਹਨ” , ਇਹ ਵਿਚਾਰ ਚਾਚਾ ਨਹਿਰੂ ਜੀ ਦੇ ਨੇ ਕਹੇ ਸਨ।

ਆਪ ਜੀ ਦੀਆਂ ਅਨੇਕਾਂ ਰਚਨਾਵਾਂ/ ਪੁਸਤਕਾਂ ਹਨ , ਜਿਵੇਂ : ਮੇਰੀ ਕਹਾਨੀ , ਡਿਸਕਵਰੀ ਆਫ ਇੰਡੀਆ ਆਦਿ – ਆਦਿ। ਬੱਚਿਓ ! ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਉਸਦੇ ਵਿਕਾਸ ਅਤੇ ਭਵਿੱਖ ਦੇ ਲਈ ਦਿਸ਼ਾ ਤੈਅ ਕਰਨ ਦੀ ਜ਼ਿੰਮੇਵਾਰੀ ਉਸ ਦੇਸ਼ ਦੇ ਨੇਤਾਵਾਂ ਦੀ ਹੁੰਦੀ ਹੈ। ਭਾਰਤੀ ਲੋਕਤੰਤਰ ਵਿੱਚ ਪ੍ਰਧਾਨਮੰਤਰੀ ਦਾ ਅਹੁਦਾ ਸੰਵਿਧਾਨਕ ਤੌਰ ‘ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰਾਨਾ ਹੁੰਦਾ ਹੈ। ਇਸ ਅਹੁਦੇ ‘ਤੇ ਰਹਿੰਦੇ ਹੋਏ ਉਨ੍ਹਾਂ ਨੇ ਭਾਰਤ ਨੂੰ ਹਰ ਪੱਖੋਂ ਦੁਨੀਆਂ ਵਿੱਚ ਮੋਹਰੀ ਬਣਾਉਣ ਲਈ ਸਿਰਤੋੜ ਯਤਨ ਕੀਤੇ , ਜਿਵੇਂ  ਕਿ ਪੰਚਸ਼ੀਲ ਦਾ ਸਿਧਾਂਤ , ਪੰਜ ਸਾਲਾ ਯੋਜਨਾਵਾਂ ਦਾ  ਸ਼ੁਭ ਆਰੰਭ , ਉਦਯੋਗਿਕ ਕ੍ਰਾਂਤੀ , ਬਾਲ ਕਲਿਆਣ ਅਤੇ ਬਾਲ ਸਿੱਖਿਆ ਪ੍ਰੋਗਰਾਮ ਆਰੰਭ ਕਰਨਾ , ਆਰਥਿਕ ਵਿਕਾਸ ਦੇ ਸਿਧਾਂਤਾਂ ‘ਤੇ ਧਿਆਨ ਦੇਣਾ , ਅਨਾਜ ਦੀ ਪੈਦਾਵਾਰ ਵਧਾਉਣ ਹਿੱਤ ਉਪਰਾਲੇ ਕਰਨਾ , ਸਿੰਚਾਈ ਵਿਵਸਥਾ ਲਾਗੂ ਕਰਨਾ , ਬੰਨ੍ਹ ਬਣਾਉਣਾ , ਖੇਤੀ ਅਤੇ ਉਦਯੋਗਾਂ ਨੂੰ ਵਿਕਸਤ ਕਰਨਾ  ਆਦਿ – ਆਦਿ।

ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦਾ ਉਦਘਾਟਨ ਵੀ ਚਾਚਾ ਨਹਿਰੂ ਜੀ ਨੇ ਚੀਨ ਦੇ ਮੌਜੂਦਾ ਪ੍ਰਧਾਨ ਮੰਤਰੀ ਚਾਊ – ਇਨ – ਲਾਈ ਦੀ ਮੌਜੂਦਗੀ ਵਿੱਚ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਨੇ ਭਾਖੜਾ ਡੈਮ ਨੂੰ ” ਆਧੁਨਿਕ ਭਾਰਤ ਦਾ ਮੰਦਿਰ ” ਦੱਸਿਆ। ਚਾਚਾ ਨਹਿਰੂ ਜੀ ਨੇ ਗੋਆ ਨੂੰ ਪੁਰਤਗਾਲ ਤੋਂ ਮੁਕਤੀ ਦੁਆਈ ਅਤੇ ਇਸ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਬਣਾਇਆ। 1955 ਵਿੱਚ ਚਾਚਾ ਨਹਿਰੂ ਜੀ ਨੂੰ ” ਭਾਰਤ – ਰਤਨ ” ਦੇ ਕੇ ਸਨਮਾਨਤ ਕੀਤਾ ਗਿਆ।

ਬੱਚਿਓ ! ਸੰਨ 1962 ਵਿੱਚ ਚੀਨ ਦੇ ਵਿਸ਼ਵਾਸਘਾਤ ਭਰੇ ਹਮਲੇ ਨੇ ਵੀ ਨਹਿਰੂ ਜੀ ਦੇ ਮਨ ‘ਤੇ ਗਹਿਰਾ ਅਸਰ ਪਾਇਆ। ਅਚਾਨਕ ਹੀ 27 ਮਈ 1964 ਨੂੰ ਆਕਾਸ਼ਵਾਣੀ ਦਿੱਲੀ ਦੇ ਕੇਂਦਰ ‘ਤੇ ਬਾਅਦ ਦੁਪਹਿਰ ਖਬਰ ਆਈ ਕਿ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਇਸ ਸੰਸਾਰ ਵਿੱਚ ਨਹੀਂ ਰਹੇ। ਬੱਚਿਓ ! ਚਾਚਾ ਨਹਿਰੂ ਜੀ ਦਾ ਬੱਚਿਆਂ ਨਾਲ ਸ਼ੁਰੂ ਤੋਂ ਹੀ ਬਹੁਤ ਲਗਾਓ ਸੀ। ਉਹ ਆਪਣਾ ਕਾਫ਼ੀ ਸਮਾਂ ਬੱਚਿਆਂ ਨਾਲ ਵੀ ਬਤੀਤ ਕਰਦੇ ਸਨ। ਭਾਵੇਂ ਕਿ ਸੰਨ 1964 ਤੋਂ ਪਹਿਲਾਂ ਬਾਲ ਦਿਵਸ 20 ਨਵੰਬਰ ਨੂੰ ਮਨਾਇਆ ਜਾਂਦਾ ਸੀ , ਪ੍ਰੰਤੂ ਚਾਚਾ ਨਹਿਰੂ ਜੀ ਦੇ ਬੱਚਿਆਂ ਨਾਲ ਪਿਆਰ , ਲਗਾਓ ਤੇ ਸਨੇਹ ਨੂੰ ਦੇਖਦੇ ਹੋਏ  1964 ਤੋਂ ਬਾਅਦ 14 ਨਵੰਬਰ ਦੇ ਦਿਨ ਨੂੰ ਹੀ ” ਬਾਲ ਦਿਵਸ ” ਵਜੋਂ ਮਨਾਉਣ ਦਾ ਫ਼ੈਸਲਾ ਦੇਸ਼ ਵਿੱਚ ਲਿਆ ਗਿਆ।

ਇਸ ਦਿਨ ਸਕੂਲਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਕਿ ਸੰਗੀਤ , ਨਾਚ , ਨਾਟਕ , ਗਿਆਨਵਰਧਕ ਮੁਕਾਬਲੇ ਆਦਿ ਆਦਿ ਕਰਵਾਏ ਜਾਂਦੇ ਹਨ। ਬੱਚਿਆਂ ਨੂੰ ਚਾੱਕਲੇਟ , ਟਾਫੀਆਂ , ਗੁਬਾਰੇ , ਕੱਪੜੇ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਜਾਂਦਾ ਹੈ। ਚਾਚਾ ਨਹਿਰੂ ਜੀ ਵੀ ਬੱਚਿਆਂ ਨਾਲ ਇਸੇ ਤਰ੍ਹਾਂ ਵਿਚਰਦੇ ਸਨ। ਇਸ ਤਰ੍ਹਾਂ ਸੱਚਮੁੱਚ ਬੱਚਿਓ ! ਚਾਚਾ ਨਹਿਰੂ ਜੀ ਭਾਰਤੀ ਜਨ – ਮਾਨਸ ਦੇ ਹਿਰਦੇ ਦੇ ਸਮਰਾਟ , ਸ਼ਾਂਤੀ ਦੂਤ , ਮਹਾਨ ਕਰਮਯੋਗੀ , ਰਾਜਨੀਤੀਵਾਨ , ਮਹਾਨ ਅਧਿਐਨਕਰਤਾ ,ਉੱਘੇ ਲੇਖਕ , ਭਾਰਤੀ ਆਜ਼ਾਦੀ ਅੰਦੋਲਨ ਦੇ ਅਹਿਮ ਆਗੂ ਅਤੇ ਮਹਾਨ ਦੂਰਦਰਸ਼ੀ ਰਾਜਨੇਤਾ ਸਨ।

ਪਿਆਰੇ ਬੱਚਿਓ ! ਬਾਲ ਦਿਵਸ ਦੇ ਦਿਨ ਹੀ 14 ਨਵੰਬਰ ਸੰਨ 2017 ਨੂੰ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਪ੍ਰੀ – ਪ੍ਰਾਇਮਰੀ ਜਮਾਤਾਂ ਦਾ ਸ਼ੁਭ ਆਰੰਭ ਕੀਤਾ ਗਿਆ। ਇਸੇ ਦਿਨ ਨੂੰ ਵਿਸ਼ਵ ਮਧੂਮੇਹ ਦਿਵਸ ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ। ਪਿਆਰੇ ਬੱਚਿਓ ! ਸਾਨੂੰ ਬਾਲ ਦਿਵਸ ਦੇ ਸ਼ੁਭ ਅਵਸਰ ‘ਤੇ ਚੰਗੇ , ਸਮਾਜ ਅਤੇ ਦੇਸ਼ ਭਲਾਈ ਦੇ ਕੰਮ ਕਰਨ ਅਤੇ ਭਵਿੱਖ ਵਿੱਚ ਦੇਸ਼ ਦੇ ਚੰਗੇ ਨਾਗਰਿਕ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਇੱਕ ਵਾਰ ਫਿਰ ਤੁਹਾਨੂੰ ਸਾਰੇ ਨੰਨ੍ਹੇ – ਮੁੰਨ੍ਹੇ ਤੇ ਪਿਆਰੇ – ਪਿਆਰੇ ਬੱਚਿਆਂ ਨੂੰ ” ਬਾਲ ਦਿਵਸ ” ਦੀਆਂ ਢੇਰ ਸਾਰੀਆਂ ਮੁਬਾਰਕਾਂ ।

ਤੁਹਾਡਾ ਆਪਣਾ ,
ਲੇਖਕ ,
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.      
Previous articleਦੀਵਾਲ਼ੀ ਜਾਂ ਦੀਵਾਲ਼ਾ
Next articleयुवा कर्मचारी नीरज कुमार ने दिया आर.सी.एफ. मजदूर यूनियन को अपने साथियों समेत समर्थन