ਪਾਵਰ ਕਾਮ ਵਲੋਂ ‘‘ਕੰਪਲੇਂਟ ਹੈਂਡਲਿਗ ਬਾਈਕਸ’’ ਅਤੇ ‘‘ ਕੰਪਲੇਂਟ ਹੈਂਡਲਿਗ ਵੈਗਨ’’ ਯੋਜਨਾ ਦੀ ਸ਼ੁਰੂਆਤ

ਜਲੰਧਰ, (ਸਮਾਜ ਵੀਕਲੀ ਬਿਊਰੋ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਬਿਜਲੀ ਸਪਲਾਈ ਨਾਲ ਸਬੰਧਿਤ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇਕ ਵਿਲੱਖਣ ਪਹਿਲ ਕਦਮੀ ਕਰਦਿਆਂ ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਸਰਕਲਾਂ ਲਈ ‘‘ ਕੰਪਲੇਂਟ ਹੈਂਡਲਿਗ ਬਾਈਕਸ’’ ਅਤੇ ‘‘ ਕੰਪਲੇਂਟ ਹੈਂਡਲਿਗ ਵੈਗਨ’’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਸ਼ਕਤੀ ਸਦਨ ਵਿਖੇ ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ (ਵੰਡ) ਐਨ.ਕੇ.ਸ਼ਰਮਾ ਨੇ ਦੱਸਿਆ ਕਿ ਜਲੰਧਰ ਸਰਕਲ ਲਈ 139 ਕੰਪਲੇਂਟ ਹੈਂਡਲਿਗ ਬਾਈਕਸ ਅਤੇ 4 ਕੰਪਲੇਂਟ ਹੈਂਡਲਿਗ ਵੈਗਨ ਅਤੇ ਇਕ ਕੰਪਲੇਂਟ ਹੈਂਡਲਿਗ ਵੈਨ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਕੰਪਲੇਂਟ ਹੈਂਡਲਿਗ  ਬਾਈਕਸ ਉਪਰ ਪੀ.ਐਸ.ਪੀ.ਸੀ.ਐਲ ਦੇ ਦੋ ਤਕਨੀਕੀ ਮਾਹਿਰ ਹੋਣਗੇ ਜਿਨਾਂ ਦੀ ਵਰਦੀ ਵੀ ਵਿਸ਼ੇਸ਼ ਤਰ੍ਹਾਂ ਦੀ ਹੋਵੇਗੀ ਤਾਂ ਜੋ ਉਹ ਆਮ ਲੋਕਾਂ ਨਾਲੋਂ ਵੱਖਰੇ ਦਿਖਣ। ਇਨਾਂ ਮਾਹਿਰਾਂ ਨੂੰ ਆਧੁਨਿਕ ਸਾਜੋ ਸਮਾਨ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਉਹ ਲੋਕਾਂ ਵਲੋਂ ਪ੍ਰਾਪਤ ਸ਼ਿਕਾਇਤ ਦਾ ਮੌਕੇ ’ਤੇ ਜਾ ਕੇ ਤੁਰੰਤ ਨਿਪਟਾਰਾ ਕਰ ਸਕਣ।
ਇਸ ਤੋਂ ਇਲਾਵਾ ਕੰਪਲੇਂਟ  ਹੈਂਡਲਿਗ ਵੈਗਨ ਵਿੱਚ 8 ਵਰਕਰ ਤਾਇਨਾਤ ਹੋਣਗੇ ਜੋ ਕਿ ਬਿਜਲੀ ਸਪਲਾਈ ਨਾਲ ਸਬੰਧਿਤ ਜ਼ਿਆਦਾ ਮੁਸ਼ਕਿਲ ਅਤੇ ਭਾਰੇ ਕੰਮਾਂ ਨੂੰ ਨੇਪਰੇ ਚਾੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕੰਪਲੇਂਟ ਹੈਂਡਲਿਗ ਵੈਨ ਵਿੱਚ ਹਾਈਡਰੋਲਿਕ ਵਿਵਸਥਾ ਵੀ ਲਗਾਈ ਗਈ ਹੈ ਅਤੇ ਇਸ ਉਪਰ ਵੀ 8 ਵਰਕਰ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ ਇਨਾਂ ਨਵੀਆਂ ਤਿੰਨ ਸੇਵਾਵਾਂ ਲਈ ਜਲੰਧਰ ਸਰਕਲ ਵਿੱਚ 318 ਵਰਕਰ ਲਗਾਏ ਗਏ ਹਨ । ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਸਰਕਲ ਵਿਚ 132 ਕੰਪਲੇਂਟ ਹੈਂਡਲਿਗ ਬਾਈਕਸ ਅਤੇ 3 ਕੰਪਲੇਂਟ ਹੈਂਡਲਿਗ ਵੈਗਨ ਤਾਇਨਾਤ ਕੀਤੀਆਂ ਗਈਆਂ ਹਨ ਜਿਨ੍ਹਾਂ ’ਤੇ ਕੁੱਲ 288 ਵਰਕਰ ਨਿਯੁਕਤ ਕੀਤੇੋ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਸਰਕਲ ਵਿਚ 165 ਕੰਪਲੇਂਟ ਹੈਂਡਲਿਗ ਬਾਈਕਸ , 3 ਕੰਪਲੇਂਟ ਹੈਂਡਲਿਗ ਵੈਗਨ ਲਗਾਈਆਂ ਗਈਆਂ ਹਨ ਜਿਨਾਂ ਉਪਰ 354 ਵਰਕਰ ਲੋਕ ਸ਼ਿਕਾਇਤਾਂ ਤੁਰੰਤ ਦੂਰ ਕਰਨ ਦਾ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਵਿਵਸਥਾ ਦੀ ਸ਼ੁਰੂਆਤ ਨਾਲ ਜਿਥੇ ਖ਼ਪਤਕਾਰਾਂ ਨੂੰ ਤੁਰੰਤ ਅਤੇ ਗੁਣਵੱਤਾ ਭਰਪੂਰ ਸੇਵਾ ਮੁਹੱਈਆ ਕਰਵਾਈ ਜਾ ਸਕੇਗੀ ਉਥੇ ਹੀ ਮੀਂਹ ,ਹਨੇਰੀ/ਝੱਖੜ ਆਦਿ ਕਾਰਨ ਬਿਜਲੀ ਸਪਲਾਈ ਵਿੱਚ ਪੈਣ ਵਾਲੇ ਵਿਘਨ ਨੂੰ ਵੀ ਬਹੁਤ ਜਲਦ ਦੂਰ ਕਰਕੇ ਬਿਜਲੀ ਸਪਲਾਈ ਚਾਲੂ ਕੀਤੀ ਜਾ ਸਕੇਗੀ। ਇਸ ਵਿਵਸਥਾ ਦੇ ਕੰਮ ਕਰਨ ਬਾਰੇ ਚਾਨਣਾਂ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਖ਼ਪਤਕਾਰ ਵਲੋਂ ਬਿਜਲੀ ਸਪਲਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਟੋਲ ਫਰੀ ਨੰਬਰ 1912 ਜਾਂ ਪੀ.ਐਸ.ਪੀ.ਸੀ.ਐਲ. ਦੀ ਮੋਬਾਇਲ ਐਪ ਉਪਰ ਦਰਜ ਕਰਵਾਉਣ ਮਗਰੋਂ ਵਿਭਾਗ ਵਲੋਂ ਸ਼ਿਕਾਇਤ ਨੂੰ ਸਬੰਧਿਤ ਸਰਕਲ ਵਿਚ ਤਾਇਨਾਤ ਨੇੜਲੀ ਕੰਪਲੇਂਟ ਹੈਂਡਲਿਗ ਬਾਈਕਸ ਜਾਂ ਵੈਗਨ ਨੂੰ ਭੇਜਿਆ ਜਾਵੇਗਾ । ਉਨ੍ਹਾਂ ਸਪਸ਼ਟ ਕੀਤਾ ਕਿ ਜਲੰਧਰ ਸਰਕਲ ਵਿਚ ਕੰਪਲੇਂਟ ਹੈਂਡਲਿਗ ਵੈਨ (ਹਾਈਡ੍ਰੋਲਿਕ) ਤਾਇਨਾਤ ਕੀਤੀ ਗਈ ਹੈ ਜਿਸ ਨਾਲ ਹਾਈ ਟਰਾਂਸਮਿਸ਼ਨ ਲਾਈਨਾਂ ਵਿਚ ਰੁਕਾਵਟ ਜਾਂ ਖੰਭਿਆਂ ਦੀ ਟੁੱਟ ਭੱਜ ਆਦਿ ਵਰਗੀਆਂ ਦਿੱਕਤਾਂ ਨੂੰ ਅਸਾਨੀ ਨਾਲ ਜਲਦ ਦੂਰ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕੰਪਲੇਂਟ ਹੈਂਡਲਿਗ ਬਾਈਕਸ ਦੀ ਵੰਡ ਤਿੰਨਾਂ ਸਰਕਲਾਂ ਦੀਆਂ ਡਵੀਜ਼ਨਾਂ ਦੇ ਹਿਸਾਬ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਸਰਕਲ ਵਿੱਚ 5 ਡਵੀਜ਼ਨਾਂ ਹਨ ਜਿਸ ਵਿਚ ਕੰਟੋਨਮੈਂਟ ਡਵੀਜ਼ਨ ਜੋ ਕਿ ਬੜਿੰਗ ਪਿੰਡ ਵਿਖੇ, ਮਾਡਲ ਟਾਊਨ ਡਵੀਜ਼ਨ ਬੂਟਾ ਮੰਡੀ ਵਿਖੇ, ਪੱਛਮੀ ਡਵੀਜ਼ਨ ਮਕਸੂਦਾਂ ਵਿਖੇ, ਪੂਰਬੀ ਡਵੀਜ਼ਨ ਪਠਾਨਕੋਟ ਚੌਕ ਵਿਖੇ ਅਤੇ ਫਗਵਾੜਾ ਡਵੀਜ਼ਨ ਸਥਾਪਿਤ ਹਨ।
ਇਸੇ ਤਰ੍ਹਾਂ ਹੁਸ਼ਿਆਰਪੁਰ ਸਰਕਲ ਵਿਚ 6 ਡਵੀਜ਼ਨਾਂ ਹਨ ਜਿਸ ਵਿਚ ਸਿਟੀ ਡਵੀਜ਼ਨ, ਸਬ ਅਰਬਨ ਡਵੀਜ਼ਨ, ਦਸੂਹਾ ਡਵੀਜ਼ਨ, ਮੁਕੇਰੀਆਂ ਡਵੀਜ਼ਨ,ਮਾਹਲਪੁਰ ਡਵੀਜ਼ਨ ਅਤੇ ਭੋਗਪੁਰ ਡਵੀਜ਼ਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਸਰਕਲ ਵਿਚ 4 ਡਵੀਜ਼ਨਾਂ ਹਨ ਜਿਸ ਵਿਚ ਗੁਰਾਇਆ, ਬੰਗਾ, ਗੜਸੰਕਰ ਅਤੇ ਨਵਾਂ ਸ਼ਹਿਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ –ਕਮ- ਪ੍ਰਬੰਧਕੀ ਨਿਰਦੇਸ਼ਕ ਬਲਦੇਵ ਸਿੰਘ ਸਰਾਂ ਵਲੋਂ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮੌਕੇ ਮੁੱਖ ਇੰਜੀਨੀਅਰ ਉਤਰੀ ਜ਼ੋਨ ਸੰਜੀਵ ਕੁਮਾਰ, ਉਪ ਮੁੱਖ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ, ਸੁਪਰਡੰਟ ਇੰਜੀਨੀਅਰ ਇੰਦਰਪਾਲ ਸਿੰਘ, ਡਿਪਟੀ ਮੁੱਖ ਇੰਜੀਨੀਅਰ ਪੀ.ਐਸ.ਖਾਂਬਾ ਅਤੇ ਡਿਪਟੀ ਮੁੱਖ ਇੰਜੀਨੀਅਰ ਡੀ.ਕੇ.ਸ਼ਰਮਾ ਹਾਜ਼ਰ ਸਨ।

Previous articleਗੁਰਛਾਇਆ ਸੋਖਲ ਦੇ ਦੂਜੇ ਜਨਮ ਦਿਵਸ ਮੌਕੇ “ਤਿਰਵੈਣੀ” ਦੇ ਸ਼ਰਧਾ ਭਾਵਨਾ ਨਾਲ ਬੂਟੇ ਲਗਾਏ – ਅਸ਼ੋਕ ਸੰਧੂ
Next articleਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਤਹਿਤ 10 ਵੋਟਰ ਸਹੂਲਤ ਕੇਂਦਰ ਸਥਾਪਿਤ