ਦੁਬਈ (ਸਮਾਜਵੀਕਲੀ) : ਦੁਬਈ ਵਿੱਚ ਕਰੋਨਾਵਾਇਰਸ ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਇੱਥੋਂ ਦਾ ਗੁਰੂ ਨਾਨਕ ਦਰਬਾਰ ਗੁਰਦੁਅਾਰਾ 110 ਦਿਨਾਂ ਮਗਰੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਗੁਰਦੁਆਰੇ ਨੂੰ ਇਹਤਿਆਤੀ ਕਦਮਾਂ ਨਾਲ ਖੋਲ੍ਹਿਆ ਗਿਆ ਹੈ ਜਿਸ ਤਹਿਤ ਸ਼ਰਧਾਲੂਆਂ ਲਈ ਸਮਾਂ ਤੈਅ ਕੀਤਾ ਗਿਆ ਹੈ।
ਗਲਫ਼ ਨਿਊਜ਼ ਦੀ ਇਕ ਰਿਪੋਰਟ ਅਨੁਸਾਰ ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਦੱਸਿਆ ਕਿ ਦੁਬਈ ਦੀ ਕਮਿਊਨਿਟੀ ਵਿਕਾਸ ਅਥਾਰਟੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਗੁਰਦੁਆਰਾ ਸ਼ਨਿਚਰਵਾਰ ਨੂੰ ਖੋਲ੍ਹਿਆ ਗਿਆ।
ਉਨ੍ਹਾਂ ਕਿਹਾ ਕਿ ਸਵੇਰ ਵੇਲੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਮੌਕੇ ਲੋਕ ਕਾਫੀ ਅਨੁਸ਼ਾਸਨ ਵਿੱਚ ਸਨ। ਉਨ੍ਹਾਂ ਵੱਲੋਂ ਸਮਾਜਿਕ ਵਿੱਥ ਦਾ ਧਿਆਨ ਰੱਖਿਆ ਗਿਆ ਅਤੇ ਪੂਰਾ ਸਹਿਯੋਗ ਕੀਤਾ ਗਿਆ। ਰਿਪੋਰਟ ਅਨੁਸਾਰ ਸ਼ਰਧਾਲੂ ਸ਼ਨਿਚਰਵਾਰ ਤੋਂ ਵੀਰਵਾਰ ਤੱਕ ਸਵੇਰੇ 9 ਤੋਂ 9.30 ਵਜੇ ਤੱਕ ਅਤੇ ਸ਼ਾਮ 6 ਤੋਂ 6.30 ਵਜੇ ਤੱਕ ਗੁਰਦੁਆਰੇ ’ਚ ਦਰਸ਼ਨਾਂ ਲਈ ਆ ਸਕਦੇ ਹਨ।