ਗੈਂਗਸਟਰ ਦੂਬੇ ਦਾ ਨੇੜਲਾ ਸਾਥੀ ਗ੍ਰਿਫ਼ਤਾਰ

ਲਖਨਊ/ਕਾਨਪੁਰ (ਸਮਾਜਵੀਕਲੀ) :  ਖਤਰਨਾਕ ਗੈਂਗਸਟਰ ਵਿਕਾਸ ਦੂਬੇ ਦੇ ਨੇੜਲੇ ਸਾਥੀ ਦਯਾਸ਼ੰਕਰ ਅਗਨੀਹੋਤਰੀ ਨੂੰ ਕਾਨਪੁਰ ’ਚ ਐਤਵਾਰ ਤੜਕੇ ਹੋਏ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਮੁਤਾਬਕ ਊਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਗੋਲੀਬਾਰੀ ’ਚ ਊਸ ਦੀ ਲੱਤ ’ਤੇ ਗੋਲੀ ਲੱਗਣ ਕਾਰਨ ਊਹ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੂਬੇ ਦੀ ਗ੍ਰਿਫ਼ਤਾਰੀ ਲਈ ਇਨਾਮੀ ਰਕਮ 50 ਹਜ਼ਾਰ ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਹੈ।

ਊਧਰ ਦੂਬੇ ਦੇ ਬਿਕਰੂ ਸਥਿਤ ਪਿੰਡ ’ਚ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਬਿਜਲੀ ਬੰਦ ਕਰਨ ਦੇ ਦੋਸ਼ ਹੇਠ ਸਬ-ਸਟੇਸ਼ਨ ਦੇ ਐੱਸਡੀਓ ਅਤੇ ਇਕ ਹੋਰ ਮੁਲਾਜ਼ਮ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਊਨ੍ਹਾਂ ਬਿਜਲੀ ਬੰਦ ਕਰਨ ਲਈ ਜ਼ਿੰਮੇਵਾਰ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਹੈ ਜਿਸ ਨੇ ਦੱਸਿਆ ਕਿ ਊਸ ਨੂੰ ਕਾਨਪੁਰ ਜ਼ਿਲ੍ਹੇ ਦੇ ਚੌਬੇਪੁਰ ਪੁਲੀਸ ਸਟੇਸ਼ਨ ਤੋਂ ਬਿਜਲੀ ਬੰਦ ਕਰਨ ਦਾ ਫੋਨ ਆਇਆ ਸੀ। ਪੁਲੀਸ ਨੇ ਇਹ ਨਹੀਂ ਦੱਸਿਆ ਕਿ ਛਾਪੇ ਦੌਰਾਨ ਬਿਜਲੀ ਬੰਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ।

ਹਿਰਾਸਤ ’ਚ ਲਏ ਜਾਣ ਮਗਰੋਂ ਅਗਨੀਹੋਤਰੀ ਨੇ ਰਿਪੋਰਟਰਾਂ ਨੂੰ ਦੱਸਿਆ ਕਿ ਦੂਬੇ ਨੂੰ ਪੁਲੀਸ ਵਿਭਾਗ ਤੋਂ ਊਸ ਦੀ ਗ੍ਰਿਫ਼ਤਾਰੀ ਬਾਰੇ ਫੋਨ ਆਇਆ ਸੀ ਜਿਸ ਮਗਰੋਂ ਊਸ ਨੇ ਪੁਲੀਸ ਦਾ ਟਾਕਰਾ ਕਰਨ ਲਈ ਆਪਣੇ ਸਾਥੀਆਂ ਨੂੰ ਸੱਦਿਆ ਸੀ। ਪੁਲੀਸ ਸੂਤਰਾਂ ਮੁਤਾਬਕ ਦੂਬੇ ਨੇ ਫਰਾਰ ਹੋਣ ਤੋਂ ਪਹਿਲਾਂ ਸਾਰੇ ਕੈਮਰੇ ਬੰਦ ਕਰ ਦਿੱਤੇ ਸਨ ਅਤੇ ਊਹ ਡਿਜੀਟਲ ਵੀਡੀਓ ਰਿਕਾਰਡਰ ਵੀ ਆਪਣੇ ਨਾਲ ਲੈ ਗਿਆ ਹੈ। ਕਾਨਪੁਰ ਰੇਂਜ ਦੇ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਦਯਾਸ਼ੰਕਰ ਅਗਨੀਹੋਤਰੀ ਊਰਫ਼ ਕੱਲੂ ਹਮੇਸ਼ ਦੂਬੇ ਨਾਲ ਰਹਿੰਦਾ ਸੀ ਅਤੇ ਊਹ ਦੂਬੇ ਦੇ ਘਰ ’ਚ ਠਹਿਰਿਆ ਹੋਇਆ ਸੀ। ਊਸ  ਦੇ ਸਿਰ ’ਤੇ 25 ਹਜ਼ਾਰ ਰੁਪਏ ਦਾ  ਇਨਾਮ ਸੀ।

Previous articleਪਾਬੰਦੀਆਂ ਹਟਾਉਣ ਮਗਰੋਂ ਖੁੱਲ੍ਹਿਆ ਦੁਬਈ ਦਾ ਗੁਰਦੁਆਰਾ
Next articleਟਿੱਡੀ ਦਲ ਦੇ ਸਫਾਏ ਦੀਆਂ ਕੋਸ਼ਿਸ਼ਾਂ ਤੇਜ਼