ਕੇਂਦਰੀ ਮੰਤਰੀ ਤੇ ਸਾਬਕਾ ਥਲ ਸੈਨਾ ਮੁਖੀ ਵੀ.ਕੇ.ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਪਾਕਿਸਤਾਨ ਨੇ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰ ਦਿੱਤਾ ਹੈ, ਪਰ ਗੁਆਂਢੀ ਮੁਲਕ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਇਥੇ ਆਪਣੇ ਸੰਸਦੀ ਹਲਕੇ ਵਿੱਚ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪਾਕਿਸਤਾਨ ਨਾਲ ਰਿਸ਼ਤਿਆਂ ਵਿੱਚ ਆਈ ਤਲਖੀ ਨੂੰ ਲੈ ਕੇ ‘ਢੁੱਕਵੇਂ ਕਦਮ’ ਚੁੱਕ ਰਹੀ, ਪਰ ਇਸ ਪੇਸ਼ਕਦਮੀ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ,‘ਸਾਨੂੰ ਖ਼ੁਸ਼ੀ ਹੈ ਕਿ ਪਾਇਲਟ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪਰ ਜੇਕਰ ਉਹ ਇਸ ਰਿਹਾਈ ਨੂੰ ‘ਅਮਨ ਦਾ ਸੁਨੇਹਾ’ ਦੱਸਦੇ ਹਨ ਤਾਂ ਅਸੀਂ ਇਸ ਤੋਂ ਵੀ ਖੁਸ਼ ਹਾਂ, ਪਰ ਉਨ੍ਹਾਂ (ਪਾਕਿਸਤਾਨ) ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਯੂਏਈ ਵਿੱਚ ਓਆਈਸੀ (ਇਸਲਾਮਿਕ ਸਹਿਯੋਗ ਬਾਰੇ ਜਥੇਬੰਦੀ) ਦੀ ਮੀਟਿੰਗ ’ਚੋਂ ਗ਼ੈਰਹਾਜ਼ਰੀ ਬਾਰੇ ਪੁੱਛੇ ਜਾਣ ’ਤੇ ਸਿੰਘ ਨੇ ਕਿਹਾ, ‘ਇਹ ਕੁਰੈਸ਼ੀ ਦੀ ਸਮਝ ਹੈ, ਉਨ੍ਹਾਂ ਨੂੰ ਉਹ ਕੁਝ ਕਰਨ ਦੇਣਾ ਚਾਹੀਦਾ ਹੈ, ਜੋ ਉਹ ਚਾਹੁੰਦੇ ਹਨ।’ ਕੁਰੈਸ਼ੀ ਨੇ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਭਾਰਤੀ ਹਮਰੁਤਬਾ ਸੁਸ਼ਮਾ ਸਵਰਾਜ ਨੂੰ ਓਆਈਸੀ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸੱਦੇ ਜਾਣ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।
HOME ਪਾਕਿ ਨੂੰ ਅਜੇ ਬਹੁਤ ਕੁਝ ਕਰਨ ਦੀ ਲੋੜ: ਵੀਕੇ ਸਿੰਘ