ਪਾਕਿ ਦੀ ਨੀਤੀ ’ਚ ਕੋਈ ਤਬਦੀਲੀ ਨਹੀਂ: ਹੱਕਾਨੀ

ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਸਫ਼ੀਰ ਹੁਸੈਨ ਹੱਕਾਨੀ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਦਹਿਸ਼ਤੀ ਸੰਗਠਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਾ ਦੇਣ ਦਾ ਹਾਲ ਹੀ ਵਿਚ ਆਇਆ ਬਿਆਨ ਉਨ੍ਹਾਂ ਦੀ ਨੀਤੀ ਵਿੱਚ ਤਬਦੀਲੀ ਨਹੀਂ ਹੈ ਬਲਕਿ ਵਿਸ਼ਵ ਪੱਧਰੀ ਸੰਸਥਾ ਵਲੋਂ ਪਾਬੰਦੀ ਲਾਏ ਜਾਣ ਦੇ ਡਰ ਨੂੰ ਪ੍ਰਗਟਾਉਂਦਾ ਹੈ। ਹੱਕਾਨੀ ਨੇ ਕਿਹਾ ਕਿ ਇਮਰਾਨ ਖਾਨ ਨੇ ਇਹ ਬਿਆਨ ਦਹਿਸ਼ਤੀ ਸੰਗਠਨਾਂ ਨੂੰ ਵਿੱਤੀ ਸਹਾਇਤਾ ਪਹੁੰਚਾਉਣ ਵਾਲਿਆਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਐੱਫਏਟੀਐੱਫ ਵਲੋਂ ਦੇਸ਼ ’ਤੇ ਪਾਬੰਦੀ ਲਾਏ ਜਾਣ ਦੇ ਡਰ ਕਰਕੇ ਦਿੱਤਾ ਹੈ। ਦਹਿਸ਼ਤੀ ਸੰਗਠਨਾਂ ’ਤੇ ਕਾਰਵਾਈ ਕਰਨ ਦੇ ਆਲਮੀ ਦਬਾਅ ਦੌਰਾਨ ਖਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਦਹਿਸ਼ਤੀ ਗਤੀਵਿਧੀ ਲਈ ਨਹੀਂ ਹੋਣ ਦੇਵੇਗੀ ਅਤੇ ਅਜਿਹੇ ਸੰਗਠਨਾਂ ਖ਼ਿਲਾਫ਼ ਕਾਰਵਾਈ ਕਰੇਗੀ। ਹੱਕਾਨੀ ਇੱਥੇ ਜਾਰਜਟਾਊਨ ਯੂਨੀਵਰਸਿਟੀ ਵਲੋਂ ਕਰਵਾਈ ਗਈ ‘ਇੰਡੀਆ ਆਈਡੀਆਜ਼ ਕਾਨਫੰਰਸ’ ਮੌਕੇ ਬੋਲ ਰਹੇ ਸਨ। ਹੱਕਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਖਾਸ ਕਰਕੇ ਅਫਗਾਨਿਸਤਾਨ ਅਤੇ ਭਾਰਤ ਖ਼ਿਲਾਫ਼ ਹੋਣ ਵਾਲੇ ਅਤਿਵਾਦ ਵਿਚ ਪਾਕਿਸਤਾਨ ਦੇ ਵਿਹਾਰ ਵਿੱਚ ਬਹੁਤ ਘੱਟ ਤਬਦੀਲੀਆਂ ਆਈਆਂ ਹਨ।’’ ਉਨ੍ਹਾਂ ਨੇ ਇਹ ਇਸ਼ਾਰਾ ਵੀ ਕੀਤਾ ਕਿ ਜੰਮੂੂ ਕਸ਼ਮੀਰ ਦੇ ਪੁਲਵਾਮਾ ਵਿਚ ਦਹਿਸ਼ਤੀ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਖ਼ਿਲਾਫ਼ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ।

Previous articleਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਡਿੰਪੀ ਢਿੱਲੋਂ ਖ਼ਿਲਾਫ਼ ਕੇਸ ਦਰਜ
Next articleNaidu to campaign for Congress-JD-S in Karnataka