ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਡਿੰਪੀ ਢਿੱਲੋਂ ਖ਼ਿਲਾਫ਼ ਕੇਸ ਦਰਜ

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੇ ਹੱਕ ਵਿਚ ਦੋਦਾ ’ਚ ਕੀਤੀ ਰੈਲੀ ਮੌਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਇਸ ਚੋਣ ਰੈਲੀ ਮੌਕੇ ਮੁੱਖ ਮਹਿਮਾਨ ਵਜੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਦੜਬਾਹਾ ਤੋਂ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੀਆਂ ਚੋਣ ਰੈਲੀ ਵਿਚ ਜਾਣ ਮੌਕੇ ਟਰੈਕਟਰ-ਟਰਾਲੀਆਂ ਅਤੇ ਕਾਫਲੇ ਦੇ ਰੂਪ ਵਿਚ ਜਾਣ ਸਬੰਧੀ ਸੋਸ਼ਲ ਅਤੇ ਪ੍ਰਿੰਟ ਮੀਡੀਆ ਵਿਚ ਤਸਵੀਰਾਂ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ ਦੀ ਪ੍ਰਵਾਨਗੀ ਨਹੀਂ ਲਈ ਗਈ ਸੀ। ਰੈਲੀ ਦੌਰਾਨ ਕੁਝ ਵਿਅਕਤੀਆਂ ਦੀਆਂ ਨਸ਼ਾ ਕਰਦਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਨ੍ਹਾਂ ਮਾਮਲਿਆਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਕਮ ਸਹਾਇਕ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ ਫ਼ਰੀਦਕੋਟ ਅਤੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਵੱਲੋਂ ਪੜਤਾਲ ਕਰਨ ਲਈ ਨਾਇਬ ਤਹਿਸੀਦਾਰ ਦੋਦਾ ਦੀ ਅਗਵਾਈ ਵਿਚ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਦੋ ਐੱਫਐੱਸਟੀ ਅਤੇ ਇਕ ਵੀਐੱਸਟੀ ਮੈਂਬਰ ਸ਼ਾਮਲ ਕੀਤਾ ਗਿਆ। ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਪੜਤਾਲ ਕਰਕੇ ਤੁਰੰਤ ਰਿਪੋਰਟ ਪੇਸ਼ ਕੀਤੀ ਜਾਵੇ। ਕਮੇਟੀ ਵੱਲੋਂ ਪੜਤਾਲ ਕਰਨ ’ਤੇ ਉਪਰੋਤਕ ਦੋਹਾਂ ਮਾਮਲਿਆਂ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਿੱਧ ਹੋਣ ਦੀ ਰਿਪੋਰਟ ਉਪ ਮੰਡਲ ਮੈਜਿਸਟ੍ਰੇਟ ਕਮ ਸਹਾਇਕ ਰਿਟਰਨਿੰਗ ਅਫਸਰ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਵਲੋਂ ਪੱਤਰ ਨੰਬਰ 38 ਚੋਣਾਂ ਐੱਮ ਸੀ ਸੀ 12 ਅਪਰੈਲ 19 ਰਾਹੀਂ ਹਦਾਇਤ ਕੀਤੀ ਗਈ ਕਿ ਰੈਲੀ ਪ੍ਰਬੰਧਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਨਸ਼ਾ ਕਰਦੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਥਾਣਾ ਕੋਟਭਾਈ ਵੱਲੋਂ ਆਈਪੀਸੀ, 27-61/85 ਐੱਨਡੀਪੀਐੱਸ ਐਕਟ ਅਧੀਨ, ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Previous articleਫਿਨਲੈਂਡ ਬਣਿਆ ਖ਼ੁਦਕੁਸ਼ ਤੋਂ ਖ਼ੁਦਖ਼ੁਸ਼ ਮੁਲਕ
Next articleਪਾਕਿ ਦੀ ਨੀਤੀ ’ਚ ਕੋਈ ਤਬਦੀਲੀ ਨਹੀਂ: ਹੱਕਾਨੀ