ਇਸਲਾਮਾਬਾਦ : ਘੱਟ ਗਿਣਤੀਆਂ ਦੇ ਸ਼ੋਸ਼ਣ ਦੇ ਮਾਮਲਿਆਂ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਵਿਗੜੇ ਆਪਣੇ ਅਕਸ ਨੂੰ ਸੁਧਾਰਣ ਦੀ ਨੀਅਤ ਨਾਲ ਪਾਕਿਸਤਾਨ ‘ਚ ਸ਼ਨਿਚਰਵਾਰ ਨੂੰ ਵੱਡੀ ਕੋਸ਼ਿਸ਼ ਸ਼ੁਰੂ ਹੋਈ।
ਜ਼ਬਰਦਸਤੀ ਧਰਮ ਬਦਲਾਅ ਦੀਆਂ ਘਟਨਾਵਾਂ ‘ਤੇ ਰੋਕ ਲਗਾਉਣ ਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਬਿੱਲ ਦਾ ਖਰੜਾ ਤਿਆਰ ਕਰਨ ਲਈ 22 ਮੈਂਬਰੀ ਸੰਸਦੀ ਕਮੇਟੀ ਗਠਿਤ ਕੀਤੀ ਗਈ ਹੈ। ਮੁਸਲਿਮ ਬਹੁਗਿਣਤੀ ਪਾਕਿਸਤਾਨ ਘੱਟ ਗਿਣਤੀਆਂ ਦੇ ਸ਼ੋਸ਼ਣ ਤੇ ਜਬਰੀ ਧਰਮ ਬਦਲਾਅ ਕਰਾਉਣ ਲਈ ਬਦਨਾਮ ਹੈ।
ਸੈਨੇਟ ਸਕੱਤਰੇਤ ਤੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਚੇਅਰਮੈਨ ਸਾਦਿਕ ਸੰਜਰਾਨੀ ਨੇ ਕੌਮੀ ਅਸੈਂਬਲੀ ਦੇ ਚੇਅਰਮੈਨ ਅਸਦ ਕੈਸਰ, ਸੈਨੇਟ ‘ਚ ਸਦਨ ਦੇ ਨੇਤਾ ਸ਼ਿਬਲੀ ਫਰਾਜ਼ ਤੇ ਵਿਰੋਧੀ ਧਿਰ ਦੇ ਨੇਤਾ ਰਾਜਾ ਜਫਰੂਲ ਹੱਕ ਨਾਲ ਸਲਾਹ ਮਸ਼ਵਰੇ ਪਿੱਛੋਂ ਕਮੇਟੀ ਦਾ ਗਠਨ ਕੀਤਾ ਹੈ।
ਕਮੇਟੀ ‘ਚ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੂਰੁਲ ਹੱਕ ਕਾਦਰੀ, ਮਨੁੱਖੀ ਅਧਿਕਾਰ ਮਾਮਲਿਆਂ ਦੀ ਮੰਤਰੀ ਸ਼ਿਰੀਨ ਮਜਾਰੀ ਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੁਹੰਮਦ ਖ਼ਾਨ ਵੀ ਹਨ। ਇਸ ਦੇ ਇਲਾਵਾ ਕਮੇਟੀ ‘ਚ ਹਿੰਦੂ ਸੰਸਦ ਮੈਂਬਰ ਅਸ਼ੋਕ ਕੁਮਾਰ ਨੂੰ ਵੀ ਰੱਖਿਆ ਗਿਆ ਹੈ।
ਕਮੇਟੀ ਦੇ ਹੋਰ ਮੈਂਬਰਾਂ ‘ਚ ਮਲਿਕ ਮੁਹੰਮਦ ਆਮਿਰ ਡੋਗਰ, ਸੁਨੀਲਾ ਰੱਥ, ਜੈਪ੍ਰਕਾਸ਼, ਲਾਲ ਚੰਦਰ, ਮੁਹੰਮਦ ਅਸਲਮ ਭੂਟਾਨੀ, ਰਾਣਾ ਤਨਵੀਰ ਹੁਸੈਨ, ਡਾ. ਦਰਸ਼ਨ ਕੇਸ਼ੂਮਲ ਖਿਆਲ ਦਾਸ, ਸ਼ਗੁਫਤਾ ਜੁਮਾਨੀ, ਰਮੇਸ਼ ਲਾਲ, ਨਵੀਦ ਆਮਿਰ ਜੀਵਾ ਤੇ ਅਬਦੁੱਲ ਵਸੀ ਸ਼ਾਮਲ ਹਨ। ਕਮੇਟੀ ਕਿੰਨੇ ਦਿਨਾਂ ‘ਚ ਆਪਣੀ ਤਜਵੀਜ਼ ਬਣਾ ਕੇ ਦੇਵੇਗੀ ਤੇ ਉਸ ਦੀਆਂ ਬੈਠਕਾਂ ਦਾ ਪ੍ਰੋਗਰਾਮ ਹਾਲੇ ਐਲਾਨਿਆ ਨਹੀਂ ਗਿਆ।