ਪਾਕਿ, ਚੀਨ, ਰੂਸ ਤੇ ਕਿਊਬਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ’ਚ ਚੁਣੇ ਗਏ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਪਾਕਿਸਤਾਨ ਦੇ ਨਾਲ-ਨਾਲ ਚੀਨ, ਰੂਸ ਤੇ ਕਿਊਬਾ ਸੰਯੁਕਤ ਰਾਸ਼ਟਰ ਮਨੁੱਖੀ ਹੱਕ ਕੌਂਸਲ ’ਚ ਚੁਣੇ ਗਏ ਹਨ। ਹਾਲਾਂਕਿ ਕਈ ਨਾਗਰਿਕ ਅਧਿਕਾਰ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਮੁਲਕਾਂ ਦਾ ਰਿਕਾਰਡ ਇਸ ਮਾਮਲੇ ਵਿਚ ਕਾਫ਼ੀ ਮਾੜਾ ਰਿਹਾ ਹੈ।

193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਗੁਪਤ ਬੈੱਲਟ ਵੋਟਿੰਗ ਵਿਚ ਪਾਕਿਸਤਾਨ ਨੂੰ 169, ਉਜ਼ਬੇਕਿਸਤਾਨ ਨੂੰ 164, ਨੇਪਾਲ ਨੂੰ 150 ਤੇ ਚੀਨ ਨੂੰ 139 ਵੋਟ ਮਿਲੇ। ਸਾਊਦੀ ਅਰਬ ਨੂੰ ਸਿਰਫ਼ 90 ਵੋਟ ਮਿਲੇ ਤੇ ਕੌਂਸਲ ਵਿਚ ਜਗ੍ਹਾ ਨਹੀਂ ਮਿਲ ਸਕੀ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਚੀਨ, ਰੂਸ ਤੇ ਕਿਊਬਾ ਨੂੰ ਚੁਣਨ ਲਈ ਸੰਯੁਕਤ ਰਾਸ਼ਟਰ ਅਸੈਂਬਲੀ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਕੌਂਸਲ ਵਿਚੋਂ 2018 ’ਚ ਹਟ ਗਿਆ ਸੀ। ਪਿਛਲੇ ਹਫ਼ਤੇ ਯੂਰੋਪ, ਅਮਰੀਕਾ ਤੇ ਕੈਨੇਡਾ ਦੇ ਮਨੁੱਖੀ ਹੱਕ ਸਮੂਹਾਂ ਨੇ ਸੰਯੁਕਤ ਰਾਸ਼ਟਰ ਮੈਂਬਰ ਮੁਲਕਾਂ ਨੂੰ ਅਪੀਲ ਕੀਤੀ ਸੀ ਕਿ ਚੀਨ, ਪਾਕਿਸਤਾਨ, ਰੂਸ, ਸਾਊਦੀ ਅਰਬ, ਕਿਊਬਾ ਤੇ ਉਜ਼ਬੇਕਿਸਤਾਨ ਦੀ ਚੋਣ ਦਾ ਵਿਰੋਧ ਕੀਤਾ ਜਾਵੇ।

ਮਨੁੱਖੀ ਹੱਕਾਂ ਦੇ ਘਾਣ ਦਾ ਇਨ੍ਹਾਂ ਦਾ ਰਿਕਾਰਡ ਕਾਫ਼ੀ ਖਰਾਬ ਹੈ ਤੇ ਇਹ ਮੈਂਬਰ ਬਣਨ ਦੇ ਯੋਗ ਨਹੀਂ ਹਨ। ਚੀਨ ਲਈ ਇਸ ਵਾਰ 139 ਮੁਲਕਾਂ ਨੇ ਵੋਟ ਪਾਈ ਹੈ ਜਦਕਿ ਪਿਛਲੀ ਵਾਰ ਇਹ ਗਿਣਤੀ 180 ਸੀ। ਪਾਕਿਸਤਾਨ ਕੌਂਸਲ ਦਾ ਜਨਵਰੀ, 2018 ਤੋਂ ਮੈਂਬਰ ਹੈ। ਦੁਬਾਰਾ ਚੁਣੇ ਜਾਣ ’ਤੇ ਪਾਕਿਸਤਾਨ ਹੁਣ ਜਨਵਰੀ, 2021 ਤੋਂ ਤਿੰਨ ਸਾਲ ਲਈ ਮੈਂਬਰ ਰਹਿ ਸਕੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਚੁਣੇ ਜਾਣ ’ਤੇ ਖ਼ੁਸ਼ ਹਨ।

Previous articleਤਿਲੰਗਾਨਾ, ਆਂਧਰਾ ਤੇ ਮਹਾਰਾਸ਼ਟਰ ’ਚ ਭਾਰੀ ਮੀਂਹ ਕਾਰਨ 31 ਮੌਤਾਂ
Next articleਸੀਬੀਐੱਸਈ ਨੇ ਪ੍ਰੀਖਿਆ ਫ਼ੀਸ ਭਰਨ ਦੀ ਤਰੀਕ ਵਧਾਈ