ਇੱਕ ਸੀ ਪ੍ਰੋਫੈਸਰ ਕੌਲ

 (ਇਹ ਰਚਨਾ ਭਰ ਜੁਆਨੀ ਵਿੱਚ ਫੌਤ ਹੋ ਚੁੱਕੇ ਆਦਰਸ਼ ਅਧਿਆਪਕ ਪੋ੍ਰਫੈਸਰ ਸੁਖਵਿੰਦਰ ਸਿੰਘ ਕੌਲ ਦੀ ਗੁੰਮਨਾਮ ਮੌਤ ਨੂੰ ਉਜਾਗਰ ਕਰਦੀ ਹੈ)

(ਸਮਾਜ ਵੀਕਲੀ)- ਸਕੂਲ ਤੋਂ ਵਾਪਸੀ ਵੇਲੇ ਰਾਹ ਵਿੱਚ ਕਿਸੇ ਭੱਦਰ ਪੁਰਸ਼ ਦੀ ਅਰਥੀ ਪਿੱਛੇ ਅਥਾਹ ਇਕੱਠ ਨੂੰ ਵੇਖਕੇ ਮੇਰੀ ਅਧਿਆਪਕ ਪਤਨੀ ਨੇ ਸਹਿਜ ਸੁਬਾੳੇ ਚੁੱਪੀ ਚੋੜਦੇ ਮੈਨੂੰ ਕਿਹਾ “ਕਿਸੇ ਇਨਸਾਨ ਦੇ ਸਮਾਜ ਵਿੱਚ ਦਿੱਤੇ ਯੋਗਦਾਨ ਜਾਂ ਉਸਦੀ ਸ਼ਖਸੀਅਤ ਦਾ ਅੰਦਾਜਾ ਉਸਦੀ ਅਰਥੀ ਪਿੱਛੇ ਜਾਂਦੀ ਮਜਲ ਤੋਂ ਲਗਾਇਆ ਜਾ ਸਕਦਾ ਹੈ”। ਪਤਨੀ ਦੇ ਅਲਫਾਜਾਂ ਨਾਲ ਮੇਰੇ ਜਹਿਨ ਵਿੱਚ ਲਗਭਗ 28 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਹਲਾਕ ਹੋ ਚੱੁਕੇ ਪ੍ਰੋਫੈਸਰ ਐੱਸ.ਐੱਸ. ਕੌਲ ਦੀ ਗੁੰਮਨਾਮ ਮੌਤ ਦੀ ਕਹਾਣੀ ਘੁੰਮਣ ਲੱਗੀ।

ਸਾਂਵਲਾ ਰੰਗ,ਮਧਰਾ ਕੱਦ, ਤਿੱਖੇ ਨੈਣ ਨਖਸ਼, ਚੌੜਾ ਜੁੱਸਾ, ਫੁਰਤੀਲਾ ਸਰੀਰ, ਆਪਣੇ ਵਿਸ਼ੇ ਅੰਗਰੇਜੀ ਵਿੱਚ ਅੰਤਾਂ ਦੀ ਮੁਹਾਰਤ ਰੱਖਦਾ ਸੀ ਪ੍ਰੌਫੈਸਰ ਸੁਖਵਿੰਦਰ ਸਿੰਘ “ਕੌਲ”। ਇਹੀ ਕਾਰਣ ਸੀ ਕਿ ਮਹਿਜ ਚੌਵੀ ਵਰ੍ਹਿਆਂ ਦੀ ਉਮਰ ਵਿੱਚ ਉਹ ਖਾਲਸਾ ਕਾਲਜ ਸੁਧਾਰ ਵਿੱਚ 1986-87 ਦੌਰਾਨ ਆਰਜੀ ਪ੍ਰੋਫੈਸਰ ਲੱਗ ਗਿਆ ।ਫਿਰ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਉੜ-ਮੁੜ, ਰਿਪੁਦਮਨ ਕਾਲਜ ਨਾਭਾ, ਸਰਕਾਰੀ ਕਾਲਜ ਤਲਵਾੜਾ ਅਤੇ ਅੰਤ ਵਿੱਚ ਗੁਰੁ ਨਾਨਕ ਸਰਕਾਰੀ ਕਾਲਜ ਗੁਰੁ ਤੇਗ ਬਹਾਦੁਰਗੜ੍ਹ (ਰੋਡੇ) ਵਿਖੇ ਰੈਗੂਲਰ ਤੌਰ ‘ਤੇ ਤਾਇਨਾਤ ਸੀ।

ਸ਼ਾਹੀ ਠਾਠ-ਬਾਠ ਵਾਲੇ ਰਿਪੁਦਮਨ ਕਾਲਜ ਤੋਂ ਹੀ ਪੋ੍ਰਫੈਸਰ ਕੌਲ ਨੇ ਅੰਗਰੇਜੀ ਵਿੱਚ ਐੱਮ.ਏ. ਕੀਤੀ ਤੇ ਉੱਥੇ ਹੀ ਉਹ ਲੈਕਚਰਾਰ ਨਿਯੁਕਤ ਹੋਇਆ।ਉਸ ਵਿੱਚ ਆਦਰਸ਼ ਅਧਿਆਪਕ ਵਾਲੇ ਗੁਣ ਸਨ । ਉਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਹਮੇਸ਼ਾਂ ਯਤਨਸ਼ੀਲ਼ ਰਹਿੰਦਾ ਸੀ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿ ਕ੍ਰਿਆਵਾਂ ਵਿੱਚ ਵੀ ਅੱਗੇ ਲਿਆੳਣ ਦੇ ਮਨੋਰਥ ਨਾਲ ਉਸਨੇ 1988-89 ਦੌਰਾਨ ਨਾਭੇ ਵਿਖੇ ਯੂਥ ਡਰਾਮੈਟਿਕ ਕਲੱਬ ਦੀ ਸਥਾਪਨਾ ਕੀਤੀ। ਯੂਥ ਕਲੱਬ ਦੀਆਂ ਗਤੀਵਿਧੀਆਂ ਦਾ ਮਨੋਰਥ ਨੌਜਵਾਨਾਂ ਵਿੱਚ ਛੁਪੀਆਂ ਪ੍ਰਤਿਭਾਵਾਂ ਨੂੰ ਪਛਾਨਣਾ ਅਤੇ ਊੰਨਾਂ੍ਹ ਨੂੰ ਸਾਰਥਕ ਪਾਸੇ ਵੱਲ ਲਿਜਾਣਾ ਸੀ।ਇਸ ਤੋਂ ਇਲਾਵਾ ਨਵ- ਕਿਰਨ ਸਾਹਿਤ ਸਭਾ ਨਾਭਾ ਦੇ ਵੀ ਸਰਗਰਮ ਮੈਂਬਰ ਰਹੇ।

ਗਰੀਬ ਤੇ ਹੁਸ਼ਿਆਰ ਵਿਦਿਆਰਥੀਆ ਦੀ ਮਾਲੀ ਮੱਦਦ ਵਾਸਤੇ ਡਾ.ਬੀ.ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਦਾ ਅਗਾਜ ਵੀ ਉਸ ਸਮੇ ਕੀਤਾ । ਕਾਲਜ ਪੱੱਧਰ ਤੇ ਗਰੀਬ ਵਿਦਿਆਰਥੀਆਂ ਨੂੰ ਵੀ ਉਹ ਘਰ ਬੁਲਾ ਕੇ ਮੁਫਤ ਟਿਊਸ਼ਨ ਕਰਨ ਦਾ ਜਜਬਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਸੀ।ਪਰਿਵਾਰ ਵਿੱਚ ਵੀ ਉਹ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅੰਗਰੇਜੀ ਵਿਸ਼ਾ ਖੂਬ ਪੜ੍ਹਾਉਂਦੇ ਸਨ।ਅੰਗਰੇਜੀ ਵਿਸ਼ੇ ਦੇ “ਟੈਂਸ (ਕਾਲ)” ਉੰਨਾਂ੍ਹ ਨੇ ਮੈਂੰਨੂੰ ਸੱਤਵੀਂ ਜਮਾਤ ਵਿੱਚ ਹੀ ਸਿਖਾ ਦਿੱਤੇ ਸਨ ਜਿਸ ਦੀ ਬਦੌਲਤ ਮੈਂ ਕਦੇ ਵੀ ਸਕੂਲ ਅਤੇ ਕਾਲਜ ਪੱਧਰ ਤੇ ਇਸ ਵਿਸ਼ੇ ਵਿੱਚ ਮਾਰ ਨਹੀਂ ਖਾਧੀ ।

ਸਾਡੇ ਪਿਤਾ ਜੀ ਦੀ ਬਦਲੀ ਹਰੇਕ ਤਿੰਨ ਸਾਲ ਬਾਅਦ ਪੰਜਾਬ ਦੇ ਵੱਖ ਵੱਖ ਸ਼ਹਿਰਾਂ –ਕਸਬਿਆਂ ਵਿੱਚ ਹੋ ਜਾਂਦੀ ਸੀ ਜਿਸ ਕਰਕੇ ਸਾਡਾ ਆਪਣਾ ਕੋਈ ਸਥਾਈ ਘਰ ਬਾਰ ਨਹੀਂ ਸੀ ।ਜੱਦੀ ਪਿੰਡ ਰਾਊਵਾਲ (ਲੁਧਿਆਣਾ) ਵਿਖੇ ਥੋੜ੍ਹੀ ਜਿਹੀ ਥਾਂ ਸੀ ਉਸ ਉੱਪਰ ਵੀ ਚਾਚੇ ਨੇ ਪਿਤਾ ਜੀ ਦੀ ਸਹਿਮਤੀ ਨਾਲ ਆਪਣਾ ਮਕਾਨ ਉਸਾਰ ਪਰ ਸਹੀ ਤੇ ਉਸਾਰੂ ਗਤੀ ਤੇ ਸੇਧ ਵਿੱਚ ਚੱਲਦੀ ਜਿੰਦਗੀ ਵਿੱਚ ਉਸ ਵੇਲੇ ਮੋੜ ਆਇਆ ਜਦੋਂ ਪ੍ਰੋ: ਕੌਲ ਦੀ ਡਿਊਟੀ ਸਲਾਨਾ ਇਮਤਿਹਾਨਾਂ ਵਿੱਚ ਬਤੌਰ ਸੁਪਰਡੰਟ ਖਾਲਸਾ ਕਾਲਜ ਸੁਧਾਰ ਵਿਖੇ ਲੱਗੀ । ਉਹ ਆਪਣੇ ਸਾਥੀ ਪ੍ਰੋ: ਬਲਵੀਰ ਚੰਦ (ਮੈਥ ਲੈਕਚਰਾਰ ਸਰਕਾਰੀ ਪਾਲੀਟੈਕਨਿਕ ਰੋਡੇ) ਨਾਲ 19 ਅਪਰੈਲ 1994 ਨੂੰ ਕਿਸੇ ਕੰਮ ਵਾਸਤੇ ਮੁੱਲਾਂਪੁਰ ਤੋਂ ਜਗਰਾਓ ਨੂੰ ਗਏ ਪਰ ਦੇਰ ਸ਼ਾਮ ਨੂੰ ਵਾਪਸੀ ਵੇਲੇ ਸੜਕ ਤੇ ਬਿਨਾਂ ਪਾਰਕਿੰਗ ਲਾਇਟਾਂ ਤੋਂ ਖੜੇ੍ਹ ਟਰੱਕ ਵਿੱਚ ਪਿੱਛਿਓ ਮੋਟਰ ਸਾਇਕਲ ਦੀ ਟੱਕਰ ਨਾਲ ਦੋਨੋਂ ਹੀ ਦਰਦਨਾਕ ਮੌਤ ਦੇ ਕਲਾਵੇ ਵਿੱਚ ਚਲੇ ਗਏ।

ਜਦੋਂ ਮੈਂ ਅਤੇ ਪਿਤਾ ਜੀ ਜਗਰਾਓ ਤੋਂ ਵੀਰ ਜੀ ਦੀ ਮ੍ਰਿਤਕ ਦੇਹ ਲੈਣ ਵਾਸਤੇ ਪਹੁੰਚੇ ਤਾਂ ਪੋਸਟ ਮਾਰਟਮ ਰੂਮ ਵਿੱਚ ਤੇੜ ਨਗਨ ਹਾਲਤ ਵਿੱਚ ਪਈ ਲਾਸ਼ ਵੇਖ ਕੇ ਮੈਂ ਭੱੁਬਾਂ ਨਾਂ ਮਾਰ ਸਕਿਆ ਪਰ ਵੀਰ ਜੀ ਦਾ ਉਹ ਸਮਾਂ ਜਰੂਰ ਯਾਦ ਆਇਆ ਜਦੋਂ ਉਹ ਮੈਂਨੂੰ ਛੋਟੇ ਹੁੰਦੇ ਨੂੰ ਖੇਡ ਖੇਡ ਵਿੱਚ ਬਾਕੀ ਬੱਚਿਆਂ ਸਾਹਮਣੇ ਨਗਨ ਕਰ ਦਿੰਦੇ ਸਨ ਤੇ ਮੈਂ ਭੱਜ ਕੇ ਪਿਤਾ ਜੀ ਨੂੰ ਉਸਦੀ ਸ਼ਿਕਾਇਤ ਕਰਨ ਜਾਂਦਾ।ਅੱਜ ਉਸੇ “ਵੀਰ” ਦੀ ਲਾਸ਼ ਮੇਰੇ ਸਾਹਮਣੇ ਅਡੋਲ, ਸਥਿਰ ਤੇ ਬੇਜਾਨ ਪਈ ਸੀ।ਉਸ ਸਮੇਂ ਦੀ ਮੇਰੀ ਮਾਨਸਿਕ ਦਸ਼ਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ।ਪੋਸਟਮਾਰਟਮ ਰੂਮ ਵਿੱਚ ਮੈਂ ਆਪਣੇ ਪਿਤਾ ਜੀ ਨੂੰ ਮੈਂ ਪਹਿਲੀ ਤੇ ਅੰਤਿਮ ਵਾਰ ਰੋਂਦਿਆਂ-ਕੁਰਲਾਉਂਦਿਆਂ ਵੇਖਿਆ ਸੀ।

ਸਾਡਾ ਆਪਣਾ ਤਾਂ ਕੋਈ ਘਰ -ਬਾਰ ਨਹੀਂ ਸੀ ਅਤੇ ਅਸੀ ਉੰਨਾਂ੍ਹ ਦਿਨਾਂ ਵਿੱਚ ਨਵੇਂ- ਨਵੇਂ ਹੀ ਨਕੋਦਰ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਸੀ।ਸਾਡੀ ਕੋਈ ਜਾਣ ਪਛਾਣ ਜਾਂ ਸਮਾਜਿਕ ਸਾਂਝ ਕਿਸੇ ਨਾਲ ਬਣੀ ਨਹੀਂ ਸੀ। ਅਜਿਹੀ ਸਥਿਤੀ ਵਿੱਚ ਪ੍ਰੋਫੈਸਰ ਸਾਹਿਬ ਦੀ ਲਾਸ਼ ਨੂੰ ਕਿੱਥੇ ਲੈ ਕੇ ਜਾਂਦੇ? ਸਾਨੂੰ ਕੁਝ ਨਹੀਂ ਸੀ ਸੁਝ ਰਿਹਾ।ਅੰਤ ਫੈਸਲਾ ਕੀਤਾ ਕਿ ਜੱਦੀ ਪਿੰਡ ਨੇੜੇ ਹੈ ਪਿਤਾ ਜੀ ਦੇ ਪਲਾਟ ਵਿੱਚ ਚਾਚਾ ਜੀ ਦੁਆਰਾ ਉਸਾਰੇ ਘਰ ਵਿੱਚ ਭੋਗ ਤੱਕ ਠਹਿਰ ਮਿਲ ਜਾਊ, ਸਾਰੀਆ ਕ੍ਰਿਆਵਾਂ ਵੀ ਹੋ ਜਾਣਗੀਆਂ ਤੇ ਰਿਸ਼ਤੇਦਾਰ ਵੀ ਆ ਜਾਣਗੇ।

ਸਸਕਾਰ ਵਾਲੇ ਦਿਨ ਪ੍ਰੋ: ਸੁਖਵਿੰਦਰ ਸਿੰਘ ਕੌਲ ਦੀ ਅਰਥੀ ਦੇ ਪਿੱਛੇ “ਕੰਮੀਆਂ ਦੇ ਵਿਹੜੇ” ਦੇ ਕੁਝ ਕੁ ਲੋਕਾਂ ਦੀ ਮਜਲ ਹੀ ਜਾ ਰਹੀ ਸੀ, ਕਣਕਾਂ ਦੀਆਂ ਵਾਢੀਆਂ ਵਿੱਚ ਰੁੱਝੇ ਰਿਸ਼ਤੇਦਾਰਾਂ ਕੋਲ ਸਮੇਂ ਦੀ ਵੀ ਘਾਟ ਸੀ ।ਸਾਥੀ ਅਧਿਆਪਕ ਵੀ ਸਲਾਨਾ ਪ੍ਰੀਖਿਆਵਾਂ ਵਿੱਚ ਮਸ਼ਰੂਫ ਸਨ।ਮਜਲ ਵਿੱਚ ਸ਼ਾਮਿਲ ਚੰਦ ਕੁ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਇਹ ਮੇਰੇ ਪਿਤਾ ਜੀ ਦਾ ਵੱਡਾ ਪੁੱਤਰ ਸੀ ਜਾਂ ਛੋਟਾ। ਭੋਗ ਵਾਸਤੇ ਅਖਬਾਰ ਵਿੱਚ ਵੀ ਕੋਈ ਕਾਰਡ ਨਹੀਂ ਸੀ ਛਪਵਾਇਆ।ਬਸ ਕੁਝ ਕੁ ਲੋਕ ਅਖਬਾਰ ਵਿੱਚ ਹਾਦਸੇ ਵਾਲੀ ਖਬਰ ਪੜ੍ਹਕੇ ਵੀਰ ਦੇ ਭੋਗ ਵਿੱਚ ਸ਼ਾਮਿਲ ਹੋਏ।ਕਿਓ ਜੋ ਸਾਡੇ ਜੱਦੀ ਪਿੰਡ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ।ਪਿੰਡ ਵਿੱਚ ਸਾਡੇ ਸ਼ਰੀਕੇ ਤੋਂ ਇਲਾਵਾ ਪਿਤਾ ਜੀ ਨੂੰ ਵੀ ਕੋਈ ਨਹੀੌਂ ਸੀ ਜਾਣਦਾ।

ਇਸ ਤਰਾਂ੍ਹ ਇੱਕ ਹੁਸ਼ਿਆਰ, ਕਾਬਿਲ, ਵਿਦਿਆਰਥੀ ਤੇ ਸਮਾਜ ਹਿੱਤੂ, ਨਾਭੇ, ਪਟਿਆਲੇ ਤੇ ਤਲਵਾੜੇ ਦੇ ਲੋਕਾਂ ਵਿੱਚ ਅਥਾਹ ਜਾਣ-ਪਛਾਣ ਬਨਾਉਣ ਦੇ ਬਾਵਜੂਦ ਪ੍ਰੋਫੈਸਰ ਸੁਖਵਿੰਦਰ ਸਿੰਘ ਕੌਲ ਆਪਣੀ ਉਮਰ ਦੇ 32 ਕੁ ਵਰ੍ਹੇ ਭੋਗ ਕੇ ਗੁੰਮਨਾਮ ਮੌਤ ਦਾ ਸ਼ਿਕਾਰ ਹੁੰਦਿਆਂ ਆਪਣੇ ਜੱਦੀ ਪਿੰਡ ਰਾਊਵਾਲ ਦੀ ਮਿੱਟੀ ਵਿੱਚ ਸਮਾ ਗਿਆ।

ਭਾਵੇਂ ਕਿ ਅੱਜ ਪ੍ਰੋ: ਕੌਲ ਦੇ ਵਿਦਿਆਰਥੀ ਵੱਖ ਵੱਖ ਉੱਚ ਅਹੁਦਿਆਂ ,ਕੰਮਾਂ ਕਾਰਾਂ ‘ਤੇ ਬਿਰਾਜਮਾਨ ਹਨ ਜੋ ਉਸ ਦੁਆਰਾ ਕੀਤੇ ਯਤਨਾਂ ਨੂੰ ਯਾਦ ਕਰਦੇ ਹਨ ।ਲਹੂ ਸਬੰਧਾਂ ਤੋਂ ਉੱਪਰ ਉਠਦਿਆਂ ਮੈਂ ਸਵਰਗੀ ਪ੍ਰੋ. ਕੌਲ ਨੂੰ ਇੱਕ ਆਦਰਸ਼ ਅਧਿਆਪਕ ਵਜੋਂ ਵੇਖਦਿਆਂ ਪੂਰੇ 28 ਸਾਲਾਂ ਬਾਦ ਸ਼ਬਦਾਂ ਰਾਹੀਂ ਉਸਦੇ ਵਿਅਕਤੀਤਵ ਨੂੰ ਉਘਾੜ ਕੇ ਇੱਕ ਨਿਵੇਕਲਾ ਸਕੂਨ ਮਹਿਸੂਸਦਾ ਹਾਂ।
ਸੋ ਜਰੂਰੀ ਨਹੀਂ ਕਿ ਕਿਸੇ ਇਨਸਾਨ ਦੀ ਸ਼ਖਸੀਅਤ ਸਮਾਜ, ਦੇਸ਼ ਜਾਂ ਲੋਕਾਈ ਪ੍ਰਤੀ ਦੇਣ ਨੂੰ ਉਸਦੀ ਅੰਤਿਮ ਯਾਤਰਾ ਵੇਲੇ ਤੁਰੀ ਜਾਂਦੀ ਮਜਲ ਤੋਂ ਹੀ ਪਛਾਣਿਆ ਜਾਵੇ, ਕਈ ਵਾਰ ਹਾਲਾਤ, ਮਜਬੂਰੀਆਂ ਅਤੇ ਮਨੁੱਖੀ ਬੇਵਸੀਆਂ ਵੀ ਕਿਸੇ ਦੀ ਮੌਤ ਨੂੰ ਗੁੰਮਨਾਮ ਬਣਾ ਦਿੰਦੀਆਂ ਹੈ।

ਮਾ: ਹਰਭਿੰਦਰ”ਮੁੱਲਾਂਪੁਰ”
ਸੰਪਰਕ: 94646-01001

Previous articleपीएफआई के नाम पर मुस्लिमों को निशाना बना रही सरकार- रिहाई मंच
Next articleUpper Castes should come out to oppose the EWS reservation: Dr. Abhay Kumar