ਪਾਕਿਸਤਾਨ ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਜਹਾਜ਼ ਨੂੰ ਆਈਸਲੈਂਡ ਦੀ ਉਡਾਣ ਲਈ ਆਪਣੇ ਅਸਮਾਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸੇ ਦੌਰਾਨ ਭਾਰਤ ਨੇ ਪਾਕਿ ਦੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਵਿਸ਼ੇਸ਼ ਵੀਵੀਆਈਪੀ ਉਡਾਨ ਸੀ ਤੇ ਆਮ ਤੌਰ ’ਤੇ ਅਜਿਹੀਆਂ ਉਡਾਨਾਂ ਲਈ ਹਵਾਈ ਲਾਂਘਾ ਖੋਲ੍ਹ ਦਿੱਤਾ ਜਾਂਦਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਕਸ਼ਮੀਰ ’ਚ ਤਣਾਅ ਵਾਲੇ ਹਾਲਾਤ ਕਾਰਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਹ ਫ਼ੈਸਲਾ ਲਿਆ ਹੈ। ਭਾਰਤ ਨੇ ਸ੍ਰੀ ਕੋਵਿੰਦ ਦੇ ਜਹਾਜ਼ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਲਈ ਪਾਕਿਸਤਾਨ ਨੂੰ ਉਚੇਚੇ ਤੌਰ ’ਤੇ ਬੇਨਤੀ ਕੀਤੀ ਸੀ। ਸ੍ਰੀ ਕੋਵਿੰਦ ਨੇ ਸੋਮਵਾਰ ਤੋਂ ਆਈਸਲੈਂਡ, ਸਵਿੱਟਜ਼ਰਲੈਂਡ ਅਤੇ ਸਲੋਵੇਨੀਆ ਦੇ ਦੌਰੇ ’ਤੇ ਜਾਣਾ ਹੈ ਜਿਥੇ ਉਹ ਪੁਲਵਾਮਾ ਹਮਲੇ ਸਮੇਤ ਇਸ ਸਾਲ ਵਾਪਰੀਆਂ ਦਹਿਸ਼ਤੀ ਘਟਨਾਵਾਂ ਦੇ ਮੱਦੇਨਜ਼ਰ ਭਾਰਤ ਦੇ ਖ਼ਦਸ਼ਿਆਂ ਬਾਰੇ ਉਥੋਂ ਦੇ ਮੁਲਕਾਂ ਦੇ ਆਗੂਆਂ ਨੂੰ ਜਾਣੂ ਕਰਵਾਉਣਗੇ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਵਾਪਸ ਲਏ ਜਾਣ
ਮਗਰੋਂ ਇਮਰਾਨ ਖ਼ਾਨ ਸਰਕਾਰ ’ਤੇ ਵਿਰੋਧੀ ਧਿਰ ਅਤੇ ਕੁਝ ਮੰਤਰੀਆਂ ਦਾ ਦਬਾਅ ਹੈ ਕਿ ਉਹ ਭਾਰਤ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੇਵੇ। ਉਂਜ ਇਸ ਬਾਬਤ ਅਜੇ ਤਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਪਰ ਪਾਕਿਸਤਾਨ ਨੇ ਰਾਸ਼ਟਰਪਤੀ ਕੋਵਿੰਦ ਨੂੰ ਰਾਹ ਨਾ ਦੇ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਸਰਕਾਰੀ ਪੀਟੀਵੀ ਨਾਲ ਗੱਲਬਾਤ ਕਰਦਿਆਂ ਕੁਰੈਸ਼ੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਬਾਰੇ ਲਿਆ ਗਿਆ ਸਖ਼ਤ ਫ਼ੈਸਲਾ ਗੰਭੀਰ ਮਾਮਲਾ ਹੈ ਜਿਸ ਨੂੰ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਕੋਲ ਉਠਾਉਣਗੇ। ਉਨ੍ਹਾਂ ਕਿਹਾ ਕਿ ਕਸ਼ਮੀਰ ’ਚ 34 ਦਿਨਾਂ ਤੋਂ ਕਰਫਿਊ ਲਾਇਆ ਹੋਇਆ ਹੈ।
HOME ਪਾਕਿ ਕੋਵਿੰਦ ਲਈ ਹਵਾਈ ਖੇਤਰ ਨਹੀਂ ਖੋਲ੍ਹੇਗਾ