ਪਾਕਿ ਏਜੰਸੀਆਂ ਨੂੰ ਓਸਾਮਾ ਦੇ ਟਿਕਾਣੇ ਬਾਰੇ ਜਾਣਕਾਰੀ ਨਹੀਂ ਸੀ: ਪੈਟ੍ਰਿਅਸ

ਨਿਊਯਾਰਕ: ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏ ਦੇ ਸਾਬਕਾ ਨਿਰਦੇਸ਼ਕ ਡੇਵਿਡ ਪੈਟ੍ਰਿਅਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ‘ਯਕੀਨ’ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੂੰ ਇਹ ਨਹੀਂ ਪਤਾ ਸੀ ਕਿ ਓਸਾਮਾ-ਬਿਨ-ਲਾਦੇਨ ਪਾਕਿਸਤਾਨ ਵਿੱਚ ਹੈ। ਪੈਟ੍ਰਿਅਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਸ ਦਾਅਵੇ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਨੇ 2011 ਵਿੱਚ ਅਲ-ਕਾਇਦਾ ਮੁਖੀ ਲਾਦੇਨ ਦਾ ਪਤਾ ਲਗਾਉਣ ਅਤੇ ਉਸ ਨੂੰ ਮਾਰ-ਮੁਕਾਉਣ ਵਿੱਚ ਅਮਰੀਕਾ ਦੀ ਮੱਦਦ ਕੀਤੀ ਸੀ। ਸੋਮਵਾਰ ਨੂੰ ਫੌਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ ਇਮਰਾਨ ਦੇ ਇਸ ਬਿਆਨ ਨੂੰ ਅਹਿਮ ਮੰਨਿਆ ਗਿਆ, ਕਿਉਂਕਿ ਪਾਕਿਸਤਾਨ ਹੁਣ ਤੱਕ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਹੈ ਕਿ ਉਸ ਕੋਲ ਅਲ-ਕਾਇਦਾ ਮੁਖੀ ਲਾਦੇਨ ਦੇ ਟਿਕਾਣੇ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਪਾਕਿਸਤਾਨ ਦੇ ਐਬਟਾਬਾਦ ਵਿੱਚ ਅਮਰੀਕੀ ਨੇਵੀ ਸੀਲ ਦੀ ਟੀਮ ਨੇ 2011 ਵਿੱਚ ਲਾਦੇਨ ਨੂੰ ਮਾਰ ਮੁਕਾਇਆ ਸੀ। ਡੇਵਿਡ ਪੈਟ੍ਰਿਅਸ ਨੇ ਅੱਜ ਭਾਰਤੀ ਕੰਸਲੇਟ ਵਿੱਚ ਚਰਚਾ ਦੌਰਾਨ ਕਿਹਾ, ‘‘ਸਾਨੂੰ ਪੂਰਾ ਯਕੀਨ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਤੰਤਰ, ਆਈਐੱਸਆਈ ਤੇ ਕਿਸੇ ਹੋਰ ਨੂੰ ਇਹ ਪਤਾ ਨਹੀਂ ਸੀ ਕਿ ਉਹ (ਲਾਦੇਨ) ਉੱਥੇ (ਪਾਕਿਸਤਾਨ ਵਿੱਚ) ਹੈ।’’

Previous articleCOUNCIL ADMITS IT HAS COLLECTED JUST 7,000 REDUNDANT BINS
Next articleਵਿਸ਼ਵ ਟੈਸਟ ਚੈਂਪੀਅਨਸ਼ਿਪ: ਧੋਨੀ ਦੀ ਜਰਸੀ ਨੰਬਰ 7 ਬਣੀ ਬੁਝਾਰਤ