ਪਾਕਿਸਤਾਨ ਵੱਲੋਂ ਗਿਲਗਿਤ-ਬਾਲਟਿਸਤਾਨ ਨੂੰ ਆਰਜ਼ੀ ਸੂਬੇ ਦਾ ਦਰਜਾ, ਭਾਰਤ ਨੇ ਜਤਾਇਆ ਇਤਰਾਜ਼

ਨਵੀਂ ਦਿੱਲੀ (ਸਮਾਜ ਵੀਕਲੀ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਗਿਲਗਿਤ-ਬਾਲਟਿਸਤਾਨ ਨੂੰ ਆਰਜ਼ੀ ਤੌਰ ’ਤੇ ਸੂਬੇ ਦਾ ਦਰਜਾ ਦੇਣ ਦੇ ਐਲਾਨ ਤੋਂ ਬਾਅਦ ਭਾਰਤ ਨੇ ਇਸ ’ਤੇ ਕਰੜਾ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿ ਵੱਲੋਂ ਜਬਰੀ ਦੱਬੇ ਗਏ ਇਸ ਭਾਰਤੀ ਖੇਤਰ ਵਿਚ ਕਿਸੇ ਵੀ ਬਦਲਾਅ ਨੂੰ ਭਾਰਤ ਖ਼ਾਰਜ ਕਰਦਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦੁਹਰਾਇਆ ਕਿ ਗਿਲਗਿਤ-ਬਾਲਟਿਸਤਾਨ ਸਣੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਤੇ ਲੱਦਾਖ ਭਾਰਤ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਇਨ੍ਹਾਂ ਖੇਤਰਾਂ ਦਾ ਦਰਜਾ ਬਦਲਣ ਦੀ ਬਜਾਏ ਗ਼ੈਰਕਾਨੂੰਨੀ ਕਬਜ਼ਾ ਖਾਲੀ ਕਰੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ‘1947 ਵਿਚ ਜੰਮੂ ਕਸ਼ਮੀਰ ਦੇ ਭਾਰਤੀ ਸੰਘ ਵਿਚ ਜਾਇਜ਼ ਤੇ ਪੂਰਨ ਰਲੇਵੇਂ ਕਾਰਨ ਪਾਕਿ ਸਰਕਾਰ ਦਾ ਜਬਰੀ ਦੱਬੀ ਗਈ ਜ਼ਮੀਨ ’ਤੇ ਦਖ਼ਲਅੰਦਾਜ਼ੀ ਦਾ ਕੋਈ ਹੱਕ ਨਹੀਂ ਹੈ।

ਨਾਜਾਇਜ਼ ਕਬਜ਼ੇ ਨੂੰ ਲੁਕਾਉਣ ਲਈ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੇ ਯਤਨਾਂ ਨਾਲ ਪਾਕਿ ਦੇ ਕਬਜ਼ੇ ਹੇਠਲੇ ਖੇਤਰਾਂ ਵਿਚ ਰਹਿ ਰਹੇ ਲੋਕਾਂ ਦੇ ਹੱਕਾਂ ਦੇ ਸੱਤ ਦਹਾਕਿਆਂ ਤੋਂ ਕੀਤੇ ਜਾ ਰਹੇ ਘਾਣ ਤੇ ਖੋਹੀ ਗਈ ਆਜ਼ਾਦੀ ਨੂੰ ਨਹੀਂ ਲੁਕਾਇਆ ਜਾ ਸਕਦਾ।’ ਦੱਸਣਯੋਗ ਹੈ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਗਿਲਗਿਤ-ਬਾਲਟਿਸਤਾਨ ਨੂੰ ਆਰਜ਼ੀ ਤੌਰ ’ਤੇ ਸੂਬੇ ਦਾ ਦਰਜਾ ਦਿੱਤਾ ਹੈ ਜਦਕਿ ਖੇਤਰ ਵਿਚ ਲੋਕ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਪਾਕਿਸਤਾਨ ਦਾ ਐਲਾਨ ਸਾਊਦੀ ਅਰਬ ਦੇ ਉਸ ਕਦਮ ਤੋਂ ਬਾਅਦ ਆਇਆ ਹੈ ਜਦ ਹਾਲ ਹੀ ਵਿਚ ਉਨ੍ਹਾਂ ਪਾਕਿ ਦੇ ਨਕਸ਼ੇ ਤੋਂ ਗਿਲਗਿਤ-ਬਾਲਟਿਸਤਾਨ ਨੂੰ ਹਟਾ ਦਿੱਤਾ ਸੀ।

Previous articleਭਾਰਤੀ ਸਰਹੱਦ ਕੋਲ ਸਿਚੁਆਨ-ਤਿੱਬਤ ਰੇਲ ਮਾਰਗ ਦੇ ਯਾਨ-ਲਿੰਝੀ ਹਿੱਸੇ ਦਾ ਨਿਰਮਾਣ ਆਰੰਭੇਗਾ ਚੀਨ
Next articleਭ੍ਰਿਸ਼ਟ ਰਾਜਸੀ ਆਗੂ ਹਨ ਜੋਅ ਬਾਇਡਨ: ਟਰੰਪ