ਪਾਕਿਸਤਾਨ ਨੇ ਜਾਧਵ ਤੱਕ ਬੇਰੋਕ ਰਸਾਈ ਨਹੀਂ ਦਿੱਤੀ: ਭਾਰਤ

ਨਵੀਂ ਦਿੱਲੀ (ਸਮਾਜਵੀਕਲੀ) ਭਾਰਤ ਨੇ ਅੱਜ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਅਧਿਕਾਰੀਆਂ ਨੂੰ ਅੱਜ ਕੁਲਭੂਸ਼ਨ ਜਾਧਵ ਤੱਕ ਬੇਰੋਕ-ਟੋਕ ਤੇ ਬਿਨਾਂ ਸ਼ਰਤ ਮੁਲਾਕਾਤ ਨਹੀਂ ਕਰਨ ਦਿੱਤੀ ਤੇ ਇਸ ਕਾਰਨ ਭਾਰਤੀ ਅਧਿਕਾਰੀ ਆਪਣਾ ਰੋਸ ਦਰਜ ਕਰਵਾ ਮੁਲਾਕਾਤ ਵਾਲੀ ਥਾਂ ਤੋਂ ਚਲੇ ਗਏ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਅਧਿਕਾਰੀਆਂ ਨੂੰ ਕੁਲਭੂਸ਼ਨ ਜਾਧਵ ਤੱਕ ਬੇਰੋਕ-ਟੋਕ, ਨਿਰਵਿਘਨ ਤੇ ਬਿਨਾਂ ਸ਼ਰਤ ਸਫਾਰਤੀ ਰਸਾਈ ਨਹੀਂ ਦਿੱਤੀ ਅਤੇ ਮੁਲਾਕਾਤ ਦੌਰਾਨ ਪਾਕਿਸਤਾਨੀ ਅਧਿਕਾਰੀ ਡਰਾਉਣ-ਧਮਕਾਉਣ ਵਾਲੇ ਰਵੱਈਏ ਨਾਲ ਉੱਥੇ ਹੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੁਲਭੂਸ਼ਨ ਜਾਧਵ ਤਣਾਅ ’ਚ ਰਿਹਾ ਤੇ ਉਨ੍ਹਾਂ ਸਫਾਰਤੀ ਅਧਿਕਾਰੀਆਂ ਨੂੰ ਇਸ ਦੇ ਸਪੱਸ਼ਟ ਸੰਕੇਤ ਵੀ ਦਿੱਤੇ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ’ਚ ਮੌਤ ਦੀ ਸਜ਼ਾਯਾਫ਼ਤਾ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਤੱਕ ਸਫਾਰਤੀ ਰਸਾਈ ਦੌਰਾਨ ਖੁੱਲ੍ਹ ਕੇ ਗੱਲਬਾਤ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ ਨਾ ਹੀ ਅਧਿਕਾਰੀਆਂ ਨੂੰ ਕਾਨੂੰਨੀ ਨੁਮਾਇੰਦਗੀ ਦੇ ਪ੍ਰਬੰਧ ਲਈ ਕੁਲਭੂਸ਼ਨ ਜਾਧਵ ਦੀ ਲਿਖਤੀ ਸਹਿਮਤੀ ਹਾਸਲ ਨਹੀਂ ਕਰਨ ਦਿੱਤੀ ਗਈ। ਮੰਤਰਾਲੇ ਨੇ ਦੱਸਿਆ ਕਿ ਜਾਧਵ ਤੱਕ ਬਿਨਾਂ ਸ਼ਰਤ ਰਸਾਈ ਨਾ ਦਿੱਤੇ ਜਾਣ ਤੋਂ ਨਾਰਾਜ਼ ਭਾਰਤੀ ਅਧਿਕਾਰੀ ਆਪਣਾ ਰੋਸ ਦਰਜ ਕਰਵਾਉਣ ਤੋਂ ਬਾਅਦ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਸਫਾਰਤੀ ਅਧਿਕਾਰੀ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਪਾਕਿਸਤਾਨ ਵੱਲੋਂ ਜਾਧਵ ਤੱਕ ਦਿੱਤੀ ਗਈ ਪਹੁੰਚ ਨਾ ਤਾਂ ਸਾਰਥਕ ਸੀ ਅਤੇ ਨਾ ਹੀ ਭਰੋਸੇਯੋਗ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਸਾਰੀ ਘਟਨਾ ਬਾਰੇ ਕੁਲਭੂਸ਼ਨ ਜਾਧਵ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤੀ ਅਧਿਕਾਰੀ ਜਾਧਵ ਨਾਲ ਮੁਲਾਕਾਤ ਲਈ ਗਏ ਹਨ। ਅਧਿਕਾਰੀਆਂ ਦੇ ਵਾਪਸ ਆਉਣ ਅਤੇ ਉਨ੍ਹਾਂ ਵੱਲੋਂ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਹੀ ਭਾਰਤ ਵੱਲੋਂ ਸਥਿਤੀ ਦਾ ਮੁਲਾਂਕਣ ਕੀਤਾ ਜਾਵੇਗਾ।

Previous articleਪਾਇਲਟ ਧੜੇ ਨੇ ਸਪੀਕਰ ਦੇ ਨੋਟਿਸਾਂ ਨੂੰ ਹਾਈ ਕੋਰਟ ’ਚ ਦਿੱਤੀ ਚੁਣੌਤੀ
Next articleਮੁੰਬਈ ’ਚ ਮੀਂਹ ਕਾਰਨ ਦੋ ਇਮਾਰਤਾਂ ਡਿੱਗੀਆਂ; ਦੋ ਮੌਤਾਂ