ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ’ਚ ਕੋਈ ਝਿਜਕ ਨਹੀਂ: ਜਨਰਲ ਰਾਵਤ

ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਭਾਰਤ ਉਸ ਦੀਆਂ ਨਾਪਾਕ ਮੁਹਿੰਮਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਤੋਂ ਕਦੀ ਵੀ ਗੁਰੇਜ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਕੰਟਰੋਲ ਰੇਖਾ ਨੇੜੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ ਤੇ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਜਨਰਲ ਰਾਵਤ ਨੇ ਕਿਹਾ ਕਿ ਗੁਆਂਢੀ ਮੁਲਕ ਪੱਛਮੀ ਸਰਹੱਦ ’ਤੇ ਅਤਿਵਾਦ ਦੀ ਲਗਾਤਾਰ ਹਮਾਇਤ ਕਰ ਰਿਹਾ ਹੈ। ਉਨ੍ਹਾਂ ਫੌਜ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡੀਆਂ ਫੌਜਾਂ ਕੰਟਰੋਲ ਰੇਖਾ ’ਤੇ ਦੁਸ਼ਮਣਾਂ ਨੂੰ ਮੋੜਵਾਂ ਜਵਾਬ ਦੇ ਰਹੀਆਂ ਹਨ ਤੇ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮੈਂ ਦੁਸ਼ਮਣਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਅਸੀਂ ਉਨ੍ਹਾਂ ਦੀਆਂ ਕਾਰਵਾਈਆਂ ਦਾ ਸਖਤ ਜਵਾਬ ਦੇਣ ਵਿੱਚ ਕੋਈ ਵੀ ਝਿਜਕ ਨਹੀਂ ਰੱਖਾਂਗੇ।’ ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ’ਚ ਕੌਮਾਂਤਰੀ ਸਰਹੱਦ ’ਤੇ ਸਾਡਾ ਪੂਰਾ ਕੰਟਰੋਲ ਹੈ ਤੇ ਅਸੀਂ ਇੱਥੇ ਭਵਿੱਖ ’ਚ ਵੀ ਪੂਰਾ ਕੰਟਰੋਲ ਰੱਖਣ ਦਾ ਭਰੋਸਾ ਦਿੰਦੇ ਹਾਂ।’ ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ’ਚ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਤਿਵਾਦੀ ਬਣਾਇਆ ਜਾ ਰਿਹਾ ਹੈ। ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ। ਅਜਿਹੀਆਂ ਕਾਰਵਾਈਆਂ ਪਿੱਛੇ ਗੁਆਂਢੀ ਮੁਲਕ ਦਾ ਹੱਥ ਹੈ।’ ਉਨ੍ਹਾਂ ਕਿਹਾ ਕਿ ਚੀਨ ਤੇ ਭਾਰਤ ਵੱਲੋਂ ਆਪੋ ਆਪਣੀਆਂ ਫੌਜੀ ਸ਼ਕਤੀਆਂ ਨੂੰ ਨਵੇਂ ਨਿਰਦੇਸ਼ ਦਿੱਤੇ ਗਏ ਹਨ। ਪੂਰਬੀ ਸਰਹੱਦ ’ਤੇ ਅਮਨ ਕਾਇਮ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ

Previous articleਕਰਨਾਟਕ: ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ ਤੋਂ ਹਮਾਇਤ ਵਾਪਸ ਲਈ
Next articleਕਰਤਾਰਪੁਰ ਲਈ ਪਾਸਪੋਰਟ ਦੀ ਸ਼ਰਤ ਖਤਮ ਹੋਵੇ: ਕੈਪਟਨ