ਉੜੀਸਾ ਸਰਕਾਰ ’ਤੇ ਵਿਕਾਸ ਕਾਰਜਾਂ ਲਈ ਕੇਂਦਰ ਦਾ ਸਹਿਯੋਗ ਨਾ ਕਰਨ ਦਾ ਦੋਸ਼;
ਕਾਂਗਰਸ ਅਤੇ ਆਰਜੇਡੀ ’ਤੇ ਵੀ ਨਿਸ਼ਾਨਾ ਸਾਧਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਜਮੂਈ ਵਿਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕੀਤੀ ਪਹਿਲੀ ਸਿਆਸੀ ਰੈਲੀ ਵਿਚ ਵਿਰੋਧੀ ਧਿਰ ਨੂੰ ਪਾਕਿਸਤਾਨ ਦਾ ਤਰਜਮਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਸਣੇ ਵਿਰੋਧੀ ਧਿਰਾਂ ਅਤਿਵਾਦੀ ਕੈਂਪਾਂ ’ਤੇ ਹਮਲੇ ਦੇ ਸਬੂਤ ਮੰਗ ਰਹੀਆਂ ਹਨ, ਉਹ ਭਾਰਤੀ ਦੀ ਨੁਮਾਇੰਦਗੀ ਘੱਟ ਤੇ ਪਾਕਿਸਤਾਨ ਦੀ ਜ਼ਿਆਦਾ ਕਰਦੀਆਂ ਜਾਪ ਰਹੀਆਂ ਹਨ। ਮੋਦੀ ਨੇ ਇਸ ਮੌਕੇ ਕਿਹਾ ਕਿ ਵੋਟਰ ਹੀ ਫ਼ੈਸਲਾ ਕਰੇਗਾ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਲੋਕ ਸਰਕਾਰ ਵਿਚ ਚਾਹੀਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਉਮਰ ਅਬਦੁੱਲਾ ਦੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ, ਜਿਸ ਵਿਚ ਉਨ੍ਹਾਂ ਜੰਮੂ ਕਸ਼ਮੀਰ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਦੁਬਾਰਾ ਕਾਇਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਗੱਠਜੋੜ ਦੇ ਭਾਈਵਾਲ ਕਾਂਗਰਸ ਤੇ ਆਰਜੇਡੀ ਹੁਣ ਅਬਦੁੱਲਾ ਦੇ ਬਿਆਨ ਬਾਰੇ ਰੁਖ਼ ਸਪੱਸ਼ਟ ਕਰਨ। ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਆਰਜੇਡੀ ’ਤੇ ਨਿਸ਼ਾਨਾ ਸਾਧਦਿਆਂ ਮੋਦੀ ਨੇ ਕਿਹਾ ਕਿ ਜੈਪ੍ਰਕਾਸ਼ ਨਾਰਾਇਣ ਦਾ ਨਾਂ ਲੈਣ ਵਾਲੇ ਹੁਣ ਕਾਂਗਰਸ ਦੀ ਗੋਦੀ ਵਿਚ ਬਹਿ ਗਏ ਹਨ। ਉਨ੍ਹਾਂ ਕਿਹਾ ਕਿ ਐੱਸਸੀ-ਐੱਸਟੀ ਤੇ ਓਬੀਸੀ ਲਈ ਰਾਖ਼ਵਾਂਕਰਨ ਖ਼ਤਮ ਕਰਨ ਦਾ ਭਾਜਪਾ ਦਾ ਕੋਈ ਇਰਾਦਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਬਾਰੇ ਵਿਰੋਧੀ ਧਿਰਾਂ ਕੂੜ ਪ੍ਰਚਾਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਵਿਚ ਨਵੀਨ ਪਟਨਾਇਕ ਸਰਕਾਰ ’ਤੇ ਕੇਂਦਰ ਦਾ ‘ਸਹਿਯੋਗ ਨਾ ਕਰਨ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਯੋਜਨਾਵਾਂ ਦਾ ਆਸਰਾ ਨਹੀਂ ਲਿਆ। ਮੋਦੀ ਨੇ ਉੜੀਸਾ ਦੇ ਇਸ ਪੱਛਮੀ ਸ਼ਹਿਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੇ ਉਦਾਸੀਨ ਰਵੱਈਏ ਦੇ ਬਾਵਜੂਦ ਕੇਂਦਰ ਨੇ ਵਿਕਾਸ ਯੋਜਨਾਵਾਂ ਸ਼ੁਰੂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਮੋਦੀ ਨੇ ਕੇਂਦਰ ਤੇ ਰਾਜ ਵਿਚ ਭਾਜਪਾ ਦੀ ਦੋਹਰੀ ਸਰਕਾਰ ਲਈ ਲੋਕਾਂ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ।