ਪਾਕਿਸਤਾਨ ਦੀ ਕਿਰਨ ਨੇ ਰੁਸ਼ਨਾਈ ਅੰਬਾਲਾ ਦੇ ਪਰਵਿੰਦਰ ਦੀ ਜ਼ਿੰਦਗੀ

ਸਿੱਖ ਰਹਿਤ ਮਰਿਆਦਾ ਤਹਿਤ ਹੋਏ ਅਨੰਦ ਕਾਰਜ;
ਪਾਕਿ ਪਰਿਵਾਰ ਵੀਜ਼ੇ ਦਾ ਦਾਇਰਾ ਤੇ ਸਮਾਂ ਵਧਾਉਣ ਲਈ ਕਰੇਗਾ ਬੇਨਤੀ

ਭਾਰਤ-ਪਾਕਿਸਤਾਨ ਵਿਚਾਲੇ ਬਣੇ ਤਣਾਅਪੂਰਨ ਮਾਹੌਲ ਦਰਮਿਆਨ ਗੁਆਂਢੀ ਮੁਲਕ ਦੇ ਸਿਆਲਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਕਿਰਨ ਸੁਰਜੀਤ (27) ਅੱਜ ਹਰਿਆਣਾ ਦੇ ਅੰਬਾਲਾ ਨਾਲ ਸਬੰਧਤ ਨੌਜਵਾਨ ਪਰਵਿੰਦਰ ਸਿੰਘ (33) ਨਾਲ ਇੱਥੇ ਗੁਰਦੁਆਰਾ ਖੇਲ ਸਾਹਿਬ ਵਿਚ ਸਿੱਖ ਰਹਿਤ ਮਰਿਆਦਾ ਤਹਿਤ ਵਿਆਹ ਦੇ ਬੰਧਨ ਵਿਚ ਬੱਝ ਗਈ| ਦੱਸਣਯੋਗ ਹੈ ਕਿ ਕਿਰਨ ਦਾ ਪਰਿਵਾਰ 1947 ਦੀ ਵੰਡ ਦੌਰਾਨ ਪਾਕਿਸਤਾਨ ’ਚ ਰਹਿ ਗਿਆ ਸੀ। ਇਹ ਪਰਿਵਾਰ ਪਰਵਿੰਦਰ ਦੀ ਚਾਚੀ ਦੇ ਦੂਰ ਦੀ ਰਿਸ਼ਤੇਦਾਰਾਂ ’ਚੋਂ ਹੈ| ਲਿਹਾਜ਼ਾ ਦੋਵਾਂ ਪਰਿਵਾਰਾਂ ’ਚ ਸਨੇਹ ਤੇ ਰਾਬਤਾ ਬਣਿਆ ਰਹਿੰਦਾ ਸੀ| ਇਸੇ ਦੌਰਾਨ ਕਿਰਨ ਪਹਿਲੀ ਵਾਰ 2014 ’ਚ ਜਦ ਭਾਰਤ ਆਈ ਸੀ ਤਾਂ ਉਸ ਦਾ ਪਰਵਿੰਦਰ ਨਾਲ ਮੇਲ ਹੋਇਆ| ਇਸ ਤੋਂ ਬਾਅਦ ਪਰਵਿੰਦਰ ਨੇ ਕਿਰਨ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਤੇ ਦੋਵਾਂ ਪਰਿਵਾਰਾਂ ਤੇ ਕਿਰਨ ਨੇ ਇਸ ਨੂੰ ਪ੍ਰਵਾਨ ਕਰ ਲਿਆ| ਸੰਨ 2016 ਵਿਚ ਕਿਰਨ ਦੂਜੀ ਵਾਰ ਜਦ ਭਾਰਤ ਆਈ ਤਾਂ ਦੋਵਾਂ ਦੀ ਮੰਗਣੀ ਹੋ ਗਈ| ਦੋਵੇਂ ਫੇਰੀਆਂ ਮੌਕੇ ਕਿਰਨ ਆਪਣੇ ਪਰਿਵਾਰਕ ਜੀਆਂ ਨਾਲ ਸਮਾਣਾ ਕੋਲ ਤਲਵੰਡੀ ਮਲਿਕ ’ਚ ਰਹਿੰਦੇ ਦੂਰ ਦੇ ਰਿਸ਼ਤੇਦਾਰਾਂ ਕੋਲ ਰੁਕੀ। ਹੁਣ ਵੀ ਵੀਰਵਾਰ ਸਮਝੌਤਾ ਐਕਸਪ੍ਰੈੱਸ ਰਾਹੀਂ ਕਿਰਨ ਪਰਿਵਾਰਕ ਜੀਆਂ ਨਾਲ ਸਮਾਣਾ ਆਈ ਹੈ| ਲਾੜੀ ਦੀ ਮਾਂ ਸਮਾਇਰਾ ਚੀਮਾ ਨੇ ਕਿਹਾ ਕਿ ਧੀ ਨੂੰ ਹਿੰਦੁਸਤਾਨ ਵਿਚ ਵਿਆਹੁਣ ਦਾ ਬਹੁਤ ਚਾਅ ਹੈ| ਸਮਾਇਰਾ ਨੇ ਕਿਹਾ ਕਿ ਉਨ੍ਹਾਂ ਦੇ ਸਕੇ ਸਬੰਧੀ ਪਾਕਿਸਤਾਨ ਤੇ ਭਾਰਤ ਦੋਵੇਂ ਦੇਸ਼ਾਂ ’ਚ ਹਨ ਤੇ ਪੁਰਾਣੀ ਸਾਂਝ ਹੁਣ ਹੋਰ ਗੂੜ੍ਹੀ ਹੋ ਗਈ ਹੈ। ਕਿਰਨ ਅਧਿਆਪਕਾ ਹੈ, ਜਦਕਿ ਪਰਵਿੰਦਰ ਸਿੰਘ ਅੰਬਾਲਾ ’ਚ ਟੈਲੀਕਾਮ ਠੇਕੇਦਾਰ ਹੈ| ਪਰਵਿੰਦਰ ਸਿੰਘ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ’ਚ ਪੈਂਦੇ ਪਿੰਡ ਤੇਪਲਾ ਤੋਂ ਹੈ। ਕਿਰਨ ਤੇ ਉਸ ਦੇ ਪਰਿਵਾਰ ਨੂੰ ਫ਼ਿਲਹਾਲ ਪਟਿਆਲਾ ਜ਼ਿਲ੍ਹੇ ਲਈ 45 ਦਿਨ ਦਾ ਵੀਜ਼ਾ ਮਿਲਿਆ ਹੈ ਤੇ ਉਹ ਸਬੰਧਤ ਅਥਾਰਿਟੀ ਅੱਗੇ ਵੀਜ਼ਾ ਵਧਾਉਣ ਦੀ ਮੰਗ ਕਰਨਗੇ| ਉਨ੍ਹਾਂ ਦੱਸਿਆ ਕਿ ਇਹ ਵੀ ਕੋਸ਼ਿਸ਼ ਕਰਨਗੇ ਕਿ ਅੰਬਾਲਾ ਰਹਿਣ ਲਈ ਵੀਜ਼ਾ ਮਿਲ ਜਾਏ ਤਾਂ ਕਿ ਆਪਣੇ ਘਰ ਇੱਕਠੇ ਰਹਿ ਸਕਣ| ਇਸ ਮੌਕੇ ਪਰਵਿੰਦਰ ਦੀ ਮਾਤਾ ਪੁਸ਼ਪਿੰਦਰ ਕੌਰ, ਭਰਾ ਲਖਵਿੰਦਰ ਸਿੰਘ ਨੇ ਕਿਹਾ ਕਿ ਦੋਵੇਂ ਪਰਿਵਾਰ ਦੋਵਾਂ ਮੁਲਕਾਂ ਵਿਚਾਲੇ ਅਮਨ ਕਾਇਮੀ ਦੀ ਅਰਦਾਸ ਕਰ ਰਹੇ ਹਨ|

ਸਿਆਲਕੋਟ ਦੇ ਕਸਬੇ ਡਸਕਾ ਦਾ ਹੈ ਲਾੜੀ ਦਾ ਪਰਿਵਾਰ

ਕਿਰਨ ਦਾ ਪਰਿਵਾਰ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ’ਚ ਪੈਂਦੇ ਕਸਬੇ ਡਸਕਾ ਨੇੜੇ ਰਾਂ ਵਿਚ ਰਹਿ ਰਿਹਾ ਹੈ| ਵਿਆਹ ਸਮਾਗਮ ਮੌਕੇ ਕਿਰਨ ਦੇ ਪਿਤਾ ਸੁਰਜੀਤ ਸਿੰਘ ਚੀਮਾ, ਭਰਾ ਅਮਰਜੀਤ ਤੇ ਭੈਣ ਰਮਨਜੀਤ ਵੀ ਹਾਜ਼ਰ ਸਨ। ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਕਿਸਤਾਨ ਦੇ ਪੁਰਾਣੇ ਰਿਕਾਰਡ ’ਚ ਭਾਵੇਂ ਉਹ ਹਿੰਦੂਆਂ ਵੱਜੋਂ ਦਰਜ ਹਨ, ਪਰ ਉਹ ਸਿੱਖ ਹਨ।

Previous articleਪੌਂਪੀਓ ਵੱਲੋਂ ਬਰਤਾਨਵੀ ਐਨਐੱਸਏ ਨਾਲ ਭਾਰਤ-ਪਾਕਿ ਤਣਾਅ ਬਾਰੇ ਚਰਚਾ
Next articleਸਿੱਧਵਾਂ ਨਹਿਰ ’ਚ ਕਾਰ ਡਿੱਗਣ ਨਾਲ ਚਾਰ ਨੌਜਵਾਨਾਂ ਦੀ ਮੌਤ