ਇਸਲਾਮਾਬਾਦ ਨਾਲ ਤਾਲਮੇਲ ਸਬੰਧੀ ਜਾਣਕਾਰੀਆਂ ਸਾਂਝੀਆਂ ਕਰਨ ਦੇ ਬਾਵਜੂਦ ਨਹੀਂ ਹੋਈ ਕਾਰਵਾਈ
ਪਾਕਿਸਤਾਨ ਜੇਕਰ ਆਪਣੀ ਧਰਤੀ ਤੋਂ ਅਤਿਵਾਦ ਨੂੰ ਅਸਲ ਵਿੱਚ ਖ਼ਤਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦਾਊਦ ਇਬਰਾਹਿਮ ਤੇ ਸਈਦ ਸਲਾਹੂਦੀਨ ਵਰਗੇ ਅਤਿਵਾਦੀਆਂ ਨੂੰ ਭਾਰਤ ਨੂੰ ਸੌਂਪ ਦੇਣਾ ਚਾਹੀਦਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਵੀ ਪਾਕਿਸਤਾਨ ਜੈਸ਼-ਏ-ਮੁਹੰਮਦ ਤੇ ਹੋਰ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕਰਨ ਵਿੱਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਅਸਲ ਵਿੱਚ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਉਹ ਅਤਿਵਾਦ ਸਬੰਧੀ ਭਾਰਤ ਦੀ ਸਮੱਸਿਆ ਹੱਲ ਕਰਨ ਪ੍ਰਤੀ ਗੰਭੀਰ ਹੈ ਤਾਂ ਉਸ ਨੂੰ ਦਾਊਦ, ਸਲਾਹੂਦੀਨ ਤੇ ਹੋਰ ਦਹਿਸ਼ਤਗਰਦ ਜੋ ਭਾਰਤੀ ਹਨ, ਭਾਰਤ ਨੂੰ ਸੌਂਪ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਕੋਈ ਦਿਖਾਵੇ ਵਾਲੀ ਕਾਰਵਾਈ ਨਹੀਂ ਚਾਹੁੰਦਾ ਹੈ। ਭਾਰਤ ਵਿੱਚ ਲੜੀਵਾਰ ਬੰਬ ਧਮਾਕਿਆਂ ਵਿੱਚ ਲੋੜੀਂਦੇ ਦਾਊਦ, ਸਲਾਹੂਦੀਨ ਤੇ ਹੋਰ ਅਤਿਵਾਦੀਆਂ ਦੀ ਸਪੁਰਦਗੀ ਲਈ ਭਾਰਤ ਲਗਾਤਾਰ ਪਾਕਿਸਤਾਨ ਨੂੰ ਕਹਿ ਰਿਹਾ ਹੈ। ਸੂਤਰਾਂ ਅਨੁਸਾਰ ਭਾਰਤ ਨੇ ਪਾਕਿਸਤਾਨ ਦੀ ਧਰਤੀ ਤੋਂ ਕੰਮ ਕਰਦੀਆਂ ਕਈ ਅਤਿਵਾਦੀ ਜਥੇਬੰਦੀਆਂ ਵੱਲੋਂ ਇਸਲਾਮਾਬਾਦ ਨਾਲ ਤਾਲਮੇਲ ਕੀਤੇ ਜਾਣ ਸਬੰਧੀ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ, ਜਿਸ ਦੀ ਪੁਸ਼ਟੀ ਕੋਈ ਤੀਜਾ ਮੁਲਕ ਵੀ ਕਰ ਸਕਦਾ ਹੈ। ਭਾਰਤ ਲਗਾਤਾਰ ਪਾਕਿਸਤਾਨ ਦੀ ਧਰਤੀ ਤੋਂ ਕੰਮ ਕਰਦੀਆਂ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪਾਕਿਸਤਾਨ ਉੱਤੇ ਦਬਾਅ ਪਾ ਰਿਹਾ ਹੈ।