ਲਾਹੌਰ (ਸਮਾਜਵੀਕਲੀ): ਲਹਿੰਦੇ ਪੰਜਾਬ ’ਚ ਮਨੁੱਖ ਰਹਿਤ ਫਾਟਕ ’ਤੇ ਵਾਪਰੇ ਹਾਦਸੇ ’ਚ ਘੱਟੋ ਘੱਟ 20 ਪਾਕਿਸਤਾਨੀ ਸਿੱਖ ਸ਼ਰਧਾਲੂ ਹਲਾਕ ਹੋ ਗਏ ਹਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਫਾਰੂਕਾਬਾਦ ’ਚ ਫਾਟਕ ਲੰਘਣ ਵੇਲੇ ਉਥੇ ਅਚਾਨਕ ਆ ਗਈ ਸ਼ਾਹ ਹੁਸੈਨ ਐਕਸਪ੍ਰੈੱਸ ਰੇਲ ਗੱਡੀ ਨਾਲ ਟਕਰਾ ਗਈ।
ਬੱਸ ’ਚ ਸਵਾਰ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆ ਰਹੇ ਸਨ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਤਰਜਮਾਨ ਆਮਿਰ ਹਾਸ਼ਮੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਰਾਚੀ ਤੋਂ ਲਾਹੌਰ ਆ ਰਹੀ ਮਿੰਨੀ ਬੱਸ ’ਚ ਸਵਾਰ ਸਿੱਖ ਸ਼ਰਧਾਲੂ ਫਾਰੂਕਾਬਾਦ ’ਚ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨਾਂ ਲਈ ਜਾ ਰਹੇ ਸਨ। ਹਾਸ਼ਮੀ ਮੁਤਾਬਕ ਨਨਕਾਣਾ ਸਾਹਿਬ ’ਚ ਰੁਕਣ ਮਗਰੋਂ ਸਿੱਖ ਸ਼ਰਧਾਲੂ ਪਿਸ਼ਾਵਰ ਲਈ ਰਵਾਨਾ ਹੋਏ ਸਨ। ਉਨ੍ਹਾਂ ਨੂੰ ਨਨਕਾਣਾ ਸਾਹਿਬ ਦੀ ਹੱਦ ਤੱਕ ਟਰੱਸਟ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ।
ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ’ਚ ਪਹੁੰਚਾਇਆ ਗਿਆ। ਰੇਲਵੇ ਨੇ ਡਿਵੀਜ਼ਨਲ ਇੰਜਨੀਅਰ ਨੂੰ ਮੁਅੱਤਲ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੇਲਵੇ ਮੰਤਰੀ ਸ਼ੇਖ ਰਾਸ਼ਿਦ ਨੇ ਹਾਦਸੇ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਾਦਸੇ ’ਤੇ ਦੁੱਖ ਜ਼ਾਹਰ ਕਰਦਿਆਂ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।