ਬਦਮਾਸ਼ਾਂ ਨਾਲ ਮੁਕਾਬਲੇ ’ਚ ਡੀਐੱਸਪੀ ਸਣੇ 8 ਪੁਲੀਸ ਕਰਮੀ ਹਲਾਕ

 

ਕਾਨਪੁਰ (ਸਮਾਜਵੀਕਲੀ) :  ਇਥੇ ਬਦਮਾਸ਼ਾਂ ਨਾਲ ਹੋਏ ਮੁਕਾਬਲੇ ਦੌਰਾਨ ਉੱਤਰ ਪ੍ਰਦੇਸ਼ ਦੇ ਡੀਐੱਸਪੀ ਸਮੇਤ ਅੱਠ ਪੁਲੀਸ ਕਰਮੀ ਮਾਰੇ ਗਏ ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਇਕ ਹੋਰ ਵੱਖਰੇ ਮੁਕਾਬਲੇ ’ਚ ਪੁਲੀਸ ਨੇ ਦੋ ਬਦਮਾਸ਼ਾਂ ਨੂੰ ਮਾਰ ਮੁਕਾਇਆ। ਆਈਜੀ ਮੋਹਿਤ ਅੱਗਰਵਾਲ ਨੇ ਦੱਸਿਆ ਕਿ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਅਤੁਲ ਦੂਬੇ ਨਿਵਾਦਾ ਪਿੰਡ ’ਚ ਹੋਏ ਮੁਕਾਬਲੇ ਦੌਰਾਨ ਮਾਰੇ ਗਏ। ਉਨ੍ਹਾਂ ਕੋਲੋਂ ਇਕ ਪਿਸਤੌਲ ਬਰਾਮਦ ਹੋਈ ਹੈ ਜੋ ਪਹਿਲੇ ਮੁਕਾਬਲੇ ’ਚ ਬਦਮਾਸ਼, ਪੁਲੀਸ ਕਰਮੀਆਂ ਤੋਂ ਖੋਹ ਕੇ ਲੈ ਗਏ ਸਨ।

ਪਹਿਲਾ ਮੁਕਾਬਲਾ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਹੋਇਆ ਜਦੋਂ ਇਨਾਮੀ ਬਦਮਾਸ਼ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਡਿਕਰੂ ਪਿੰਡ ਗਈ ਸੀ। 60 ਤੋਂ ਵੱਧ ਕੇਸਾਂ ਦਾ ਸਾਹਮਣਾ ਕਰਨ ਵਾਲੇ ਵਿਕਾਸ ਦੂਬੇ ਨੂੰ ਜਦੋਂ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮ ਅੱਗੇ ਵੱਧ ਰਹੀ ਸੀ ਤਾਂ ਇਕ ਇਮਾਰਤ ਦੀ ਛੱਤ ਤੋਂ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਣ ਲੱਗ ਪਈਆਂ। ਅਚਾਨਕ ਹੋਏ ਹਮਲੇ ਨਾਲ ਡੀਐੱਸਪੀ ਦੇਵੇਂਦਰ ਮਿਸ਼ਰਾ, ਤਿੰਨ ਸਬ-ਇੰਸਪੈਕਟਰ ਚੰਦਰ ਯਾਦਵ, ਅਨੂਪ ਕੁਮਾਰ ਸਿੰਘ, ਨੇਬੂ ਲਾਲ ਤੇ ਚਾਰ ਸਿਪਾਹੀ ਜਿਤੇਂਦਰ ਪਾਲ, ਸੁਲਤਾਨ ਸਿੰਘ, ਬਬਲੂ ਕੁਮਾਰ ਅਤੇ ਰਾਹੁਲ ਕੁਮਾਰ ਮਾਰੇ ਗਏ।

ਯੂਪੀ ਪੁਲੀਸ ਦੇ ਡੀਜੀਪੀ ਐੱਚ ਸੀ ਅਵਸਥੀ ਦਾ ਕਹਿਣਾ ਹੈ ਕਿ ਲਗਦਾ ਹੈ ਕਿ ਖਤਰਨਾਕ ਬਦਮਾਸ਼ਾਂ ਨੂੰ ਪੁਲੀਸ ਛਾਪੇ ਦੀ ਪਹਿਲਾਂ ਹੀ ਸੂਹ ਮਿਲ ਗਈ ਸੀ ਕਿਉਂਕਿ ਦੂਬੇ ਦੇ ਸਾਥੀਆਂ ਨੇ ਪੁਲੀਸ ਨੂੰ ਰੋਕਣ ਲਈ ਰਾਹ ’ਚ ਵੱਡੇ ਅੜਿੱਕੇ ਖੜ੍ਹੇ ਕੀਤੇ ਹੋਏ ਸਨ। ਵਿਸ਼ੇਸ਼ ਟਾਸਕ ਫੋਰਸ ਦੇ ਆਈਜੀ ਅਮਿਤਾਭ ਯਸ਼ ਨੇ ਦਾਅਵਾ ਕੀਤਾ ਕਿ ਪੁਲੀਸ ਕਰਮੀਆਂ ’ਤੇ ਆਟੋਮੈਟਿਕ 30 ਸਪਰਿੰਗ ਰਾਈਫਲ ਨਾਲ ਹਮਲਾ ਕੀਤਾ ਗਿਆ ਜੋ ਐੱਸਟੀਐੱਫ ਨੇ ਲਖਨਊ ’ਚ 2017 ’ਚ ਦੂਬੇ ਦੇ ਕਬਜ਼ੇ ’ਚੋਂ ਬਰਾਮਦ ਕੀਤੀ ਸੀ।

ਉਨ੍ਹਾਂ ਕਿਹਾ ਕਿ ਇਸ ਰਾਈਫਲ ਨੂੰ ਲਖਨਊ ਅਦਾਲਤ ਨੇ ਰਿਲੀਜ਼ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦੂਬੇ ਦੇ ਸਿਰ ’ਤੇ 25 ਹਜ਼ਾਰ ਰੁਪਏ ਦਾ ਇਨਾਮ ਸੀ ਅਤੇ ਉਸ ਨੂੰ 2017 ’ਚ ਐੱਸਟੀਐੱਫ ਨੇ ਕ੍ਰਿਸ਼ਨਾ ਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਾਦਿੱਤਿਆਨਾਥ ਨੇ ਕਾਨਪੁਰ ਪੁਲੀਸ ਲਾਈਨਜ਼ ਦਾ ਦੌਰਾ ਕਰਕੇ ਮੁਕਾਬਲੇ ’ਚ ਮਾਰੇ ਗਏ ਅੱਠ ਪੁਲੀਸ ਅਧਿਕਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਅਫ਼ਸੋਸ ਜਤਾਇਆ। ਉਨ੍ਹਾਂ ਮਾਰੇ ਗਏ ਹਰੇਕ ਪੁਲੀਸ ਕਰਮੀ ਦੇ ਵਾਰਸਾਂ ਨੂੰ ਇਕ-ਇਕ ਕਰੋੜ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਕੀਤਾ।

Previous articleਪਾਕਿਸਤਾਨ ’ਚ ਹਾਦਸਾ, 20 ਸਿੱਖ ਸ਼ਰਧਾਲੂ ਹਲਾਕ
Next articleਬਾਦਲ ਜੋੜਾ ਢਕਵੰਜ ਨਾ ਕਰੇ: ਕੈਪਟਨ