ਦਿੱਲੀ ਵਿੱਚ ਦੋ ਦਿਨਾਂ ’ਚ ਹੋਣਗੇ ਦੁੱਗਣੇ ਟੈਸਟ

  • ਹੌਟਸਪਾਟ ਖੇਤਰਾਂ ’ਚ ਘਰ-ਘਰ ਹੋਵੇਗਾ ਸਰਵੇਖਣ
  • ਰਾਜਧਾਨੀ ’ਚ ਕਰੋਨਾ ਨੂੰ ਠੱਲ੍ਹਣ ਲਈ ਅਮਿਤ ਸ਼ਾਹ ਦੀ ਅਗਵਾਈ ਹੇਠ ਬੈਠਕ ਹੋਈ
  • ਬੈੱਡਾਂ ਦੀ ਕਮੀ ਦੂਰ ਕਰਨ ਲਈ 500 ਰੇਲ ਕੋਚ ਮੁਹੱਈਆ ਕਰਵਾਏ
  • ਪ੍ਰਾਈਵੇਟ ਹਸਪਤਾਲਾਂ ਦੇ 60 ਫ਼ੀਸਦੀ ਬੈੱਡ ਸਸਤੇ ਰੇਟ ’ਤੇ ਦੇਣ ਬਾਰੇ ਕਮੇਟੀ ਬਣੀ
  • ਕੇਂਦਰ ਨੇ ਪੰਜ ਸੀਨੀਅਰ ਅਧਿਕਾਰੀ ਦਿੱਲੀ ਸਰਕਾਰ ਦੀ ਸਹਾਇਤਾ ਲਈ ਨਿਯੁਕਤ ਕੀਤੇ

ਨਵੀਂ ਦਿੱਲੀ (ਸਮਾਜਵੀਕਲੀ):  ਦੇਸ਼ ਦੀ ਰਾਜਧਾਨੀ ’ਚ ਭਿਆਨਕ ਹੋ ਰਹੇ ਕਰੋਨਾਵਾਇਰਸ ਨੂੰ ਠੱਲ੍ਹਣ ਲਈ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਦਿੱਲੀ ’ਚ ਅਗਲੇ ਦੋ ਦਿਨਾਂ ਦੌਰਾਨ ਟੈਸਟਾਂ ਦੀ ਗਿਣਤੀ ਦੁੱਗਣੀ ਅਤੇ ਫਿਰ ਅਗਲੇ ਛੇ ਦਿਨਾਂ ’ਚ ਇਹ ਗਿਣਤੀ ਵਧਾ ਕੇ ਤਿੰਨ ਗੁਣਾ ਕੀਤੀ ਜਾਵੇਗੀ।

ਸ੍ਰੀ ਸ਼ਾਹ ਨੇ ਊੱਚ ਪੱਧਰੀ ਬੈਠਕ ਮਗਰੋਂ ਕਰੋਨਾਵਾਇਰਸ ’ਤੇ ਲਗਾਮ ਲਗਾਊਣ ਲਈ ਊਠਾਏ ਜਾਣ ਵਾਲੇ ਕਦਮਾਂ ਦਾ ਐਲਾਨ ਕੀਤਾ। ਨੌਰਥ ਬਲਾਕ ’ਚ ਸਵਾ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਬੈਠਕ ’ਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿਹਤ ਮੰਤਰੀ ਸਤਿੰਦਰ ਜੈਨ, ਏਮਜ਼ ਦੇ ਡਾਇਰੈਕਟਰ ਡਾ. ਰਣਬੀਰ ਗੁਲੇਰੀਆ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ।

ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਕਿ ਕੰਟੇਨਮੈਂਟ ਜ਼ੋਨ ’ਚ ਪੈਂਦੇ ਹਰੇਕ ਪੋਲਿੰਗ ਸਟੇਸ਼ਨ ’ਤੇ ਟੈਸਟ ਕੀਤੇ ਜਾਣਗੇ। ਦਿੱਲੀ ’ਚ ਕਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਬੈੱਡਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਮੋਦੀ ਸਰਕਾਰ ਨੇ ਤੁਰੰਤ 500 ਰੇਲਵੇ ਕੋਚ ਮੁਹੱਈਆ ਕਰਵਾਊਣ ਦਾ ਫ਼ੈਸਲਾ ਲਿਆ ਹੈ ਜਿਨ੍ਹਾਂ ’ਚ ਸਾਰੀਆਂ ਸਹੂਲਤਾਂ ਮੌਜੂਦ ਹੋਣਗੀਆਂ। ਵਾਇਰਸ ਨਾਲ ਮਰਨ ਵਾਲੇ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਲਈ ਵੀ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ।

ਸ੍ਰੀ ਸ਼ਾਹ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰਾਲੇ, ਦਿੱਲੀ ਸਰਕਾਰ ਦੇ ਸਿਹਤ ਵਿਭਾਗ, ਏਮਜ਼ ਤੇ ਦਿੱਲੀ ਦੇ ਤਿੰਨ ਨਗਰ ਨਿਗਮਾਂ ਦੇ ਡਾਕਟਰਾਂ ਦੀ ਸਾਂਝੀ ਟੀਮ ਕੋਵਿਡ ਹਸਪਤਾਲਾਂ ਦਾ ਦੌਰਾ ਕਰਕੇ ਊਥੋਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਰਿਪੋਰਟ ਤਿਆਰ ਕਰੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਦੋ ਦਿਨ ਪਹਿਲਾਂ ਦਿੱਲੀ ਦੇ ਹਾਲਾਤ ਨੂੰ ਭਿਆਨਕ ਦੱਸਦਿਆਂ ‘ਆਪ’ ਸਰਕਾਰ ਦੀ ਝਾੜ-ਝੰਬ ਕੀਤੀ ਸੀ। ਊਨ੍ਹਾਂ ਕੌਮੀ ਰਾਜਧਾਨੀ ’ਚ ਘੱਟ ਟੈਸਟ ਹੋਣ ’ਤੇ ਚਿੰਤਾ ਜਤਾਊਂਦਿਆਂ ਇਨ੍ਹਾਂ ਦੀ ਗਿਣਤੀ ਵਧਾਊਣ ਦੀ ਹਦਾਇਤ ਕੀਤੀ ਸੀ।

ਸ੍ਰੀ ਸ਼ਾਹ ਨੇ ਦੱਸਿਆ ਕਿ ਦਿੱਲੀ ਦੇ ਕੰਟੇਨਮੈਂਟ ਜ਼ੋਨਾਂ ’ਚ ਘਰ-ਘਰ ਜਾ ਕੇ ਹਰੇਕ ਵਿਅਕਤੀ ਦਾ ਸਰਵੇਖਣ ਕੀਤਾ ਜਾਵੇਗਾ ਅਤੇ ਇਸ ਦੀ ਰਿਪੋਰਟ ਹਫ਼ਤੇ ਦੇ ਅੰਦਰ ਸੌਂਪੀ ਜਾਵੇਗੀ। ‘ਅਰੋਗਿਆ ਸੇਤੂ’ ਐਪ ਕੰਟੇਨਮੈਂਟ ਜ਼ੋਨ ਦੇ ਸਾਰੇ ਵਸਨੀਕਾਂ ਨੂੰ ਆਪਣੇ ਫੋਨਾਂ ’ਚ ਲਾਜ਼ਮੀ ਡਾਊਨਲੋਡ ਕਰਨਾ ਹੋਵੇਗਾ। ਕੇਂਦਰ ਵੱਲੋਂ ਰੇਲਵੇ ਕੋਚ ਮੁਹੱਈਆ ਕਰਵਾਏ ਜਾਣ ਨਾਲ ਬੈੱਡਾਂ ਦੀ ਗਿਣਤੀ 8 ਹਜ਼ਾਰ ਹੋਰ ਵੱਧ ਜਾਵੇਗੀ।

ਊਨ੍ਹਾਂ ਕਿਹਾ ਕਿ ਕਰੋਨਾ ਮਰੀਜ਼ਾਂ ਲਈ ਸਾਰੇ ਪ੍ਰਾਈਵੇਟ ਹਸਪਤਾਲਾਂ ’ਚ 60 ਫ਼ੀਸਦੀ ਬੈੱਡ ਘੱਟ ਰੇਟਾਂ ’ਤੇ ਉਪਲੱਬਧ ਕਰਵਾਊਣ ਵਾਸਤੇ ਡਾਕਟਰ ਵੀ ਕੇ ਪਾਲ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ ਜੋ ਸੋਮਵਾਰ ਤੱਕ ਆਪਣੀ ਰਿਪੋਰਟ ਦੇਵੇਗੀ। ਛੋਟੇ ਹਸਪਤਾਲਾਂ ਨੂੰ ਕਰੋਨਾ ਦੇ ਦਿਸ਼ਾ ਨਿਰਦੇਸ਼ਾਂ ਲਈ ਕੇਂਦਰ ਸਰਕਾਰ ਨੇ ਏਮਜ਼ ’ਚ ਸੀਨੀਅਰ ਡਾਕਟਰਾਂ ਦੀ ਕਮੇਟੀ ਬਣਾਊਣ ਦਾ ਫ਼ੈਸਲਾ ਲਿਆ ਹੈ ਅਤੇ ਇਸ ਦਾ ਹੈਲਪਲਾਈਨ ਨੰਬਰ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ।

ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਵੈਂਟੀਲੇਟਰ, ਆਕਸੀਮੀਟਰ, ਆਕਸੀਜਨ ਸਿਲੰਡਰ ਆਦਿ ਲੋੜੀਂਦਾ ਸਾਜ਼ੋ ਸਾਮਾਨ ਵੀ ਮੁਹੱਈਆ ਕਰਵਾਏਗੀ। ਊਨ੍ਹਾਂ ਕਿਹਾ ਕਿ ਕਰੋਨਾ ਨਾਲ ਲੜਨ ਲਈ ਕੇਂਦਰ ਨੇ ਪੰਜ ਸੀਨੀਅਰ ਅਧਿਕਾਰੀਆਂ ਨੂੰ ਦਿੱਲੀ ਸਰਕਾਰ ਦੀ ਸਹਾਇਤਾ ਲਈ ਨਿਯੁਕਤ ਕੀਤਾ ਹੈ। ਸਰਕਾਰ ਨੇ ਸਿਹਤ ਸੰਭਾਲ ਅਮਲੇ ਦੀ ਸਹਾਇਤਾ ਲਈ ਐੱਨਐੱਸਐੱਸ, ਐੱਨਸੀਸੀ, ਸਕਾਊਟਸ ਅਤੇ ਗਾਈਡ ਕੈਡੇਟਾਂ ਨੂੰ ਵਾਲੰਟੀਅਰ ਵਜੋਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਦਿੱਲੀ ’ਚ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਚਨਬੱਧ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਫੈਸਲੇ ਕੋਵਿਡ-19 ਨੂੰ ਫੈਲਣ ’ਚ ਰੋਕਣ ਲਈ ਸਹਾਈ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਤੇ ਕੇਂਦਰ ਸਰਕਾਰ ਦਰਮਿਆਨ ਬੇਹੱਦ ਲਾਭਕਾਰੀ ਬੈਠਕ ਹੋਈ ਹੈ ਅਤੇ ਕਰੋਨਾ ਖਿਲਾਫ਼ ਮਿਲ ਕੇ ਲੜਾਈ ਲੜੀ ਜਾਵੇਗੀ।

ਜ਼ਿਕਰਯੋਗ ਹੈ ਕਿ ਦਿੱਲੀ ’ਚ ਕਰੋਨਾ ਪੀੜਤਾਂ ਦੀ ਗਿਣਤੀ 41 ਹਜ਼ਾਰ ਤੋਂ ਵੱਧ ਪਹੁੰਚ ਗਈ ਹੈ ਅਤੇ ਊਥੇ 1327 ਵਿਅਕਤੀ ਦਮ ਤੋੜ ਚੁੱਕੇ ਹਨ। ਰਾਜਧਾਨੀ ’ਚ ਪਹਿਲੀ ਜੂਨ ਤੱਕ 122 ਕੰਟੇਨਮੈਂਟ ਜ਼ੋਨ ਸਨ ਜੋ ਵੱਧ ਕੇ 242 ਹੋ ਗਏ ਹਨ। ਦਿੱਲੀ ਹਾਈ ਕੋਰਟ ’ਚ ਦਿੱਤੇ ਹਲਫ਼ਨਾਮੇ ਮੁਤਾਬਕ ਰਾਜਧਾਨੀ ’ਚ 40 ਲੈਬੋਰਟਰੀਆਂ ’ਚ ਰੋਜ਼ਾਨਾ 8600 ਟੈਸਟ ਹੋ ਰਹੇ ਹਨ।

Previous articleਪਾਕਿਸਤਾਨ ’ਚ ਰਿਕਾਰਡ 6825 ਨਵੇਂ ਕੇਸ, 80 ਹੋਰ ਮੌਤਾਂ
Next articleਮੁੱਖ ਮੰਤਰੀ ਵਲੋਂ ਕਿਰਾਏਦਾਰ ਬਿਰਧ ਔਰਤ ਦੀ ਮਦਦ ਦੇ ਨਿਰਦੇਸ਼