ਪਿਸ਼ਾਵਰ, (ਸਮਾਜ ਵੀਕਲੀ) : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ’ਚ ਦੋ ਸਿੱਖ ਔਰਤਾਂ ਨੇ ਅਦਾਲਤ ’ਚ ਕੇਸ ਦਾਖ਼ਲ ਕਰਕੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਮਿਲ ਰਹੀਆਂ ਹਨ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੋਹਾਂ ਨੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 22ਏ ਤਹਿਤ ਬੁੱਧਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਸੈਸ਼ਨ ਅਦਾਲਤ ਨੇ ਸਥਾਨਕ ਪੁਲੀਸ ਨੂੰ ਇਸ ਮਾਮਲੇ ’ਚ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਵਧੀਕ ਸੈਸ਼ਨ ਜੱਜ ਜ਼ੇਬਾ ਰਸ਼ੀਦ ਵੱਲੋਂ ਇਸ ਮਾਮਲੇ ’ਤੇ 26 ਅਕਤੂਬਰ ਨੂੰ ਅੱਗੇ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ ਮੁਲਜ਼ਮਾਂ ਨੂੰ ਅਦਾਲਤ ’ਚ ਤਲਬ ਕੀਤਾ ਹੈ।
ਉਨ੍ਹਾਂ ਆਪਣੀ ਅਰਜ਼ੀ ’ਚ ਦੋਸ਼ ਲਾਇਆ ਹੈ ਕਿ ਪਿਸ਼ਾਵਰ ਦੇ ਸ਼ੋਭਾ ਚੌਕ ਸਥਿਤ ਕ੍ਰਿਸ਼ਚੀਅਨ ਕਾਲੋਨੀ ਦੇ ਸ਼ਾਹ ਆਲਮ ਮਸੀਹ ਅਤੇ ਮਨਮੀਤ ਕੌਰ ਵੱਲੋਂ ਉਨ੍ਹਾਂ ਨੂੰ ਫਰਜ਼ੀ ਅਕਾਊਂਟਾਂ ਰਾਹੀਂ ਸੋਸ਼ਲ ਮੀਡੀਆ ’ਤੇ ਧਮਕੀ ਭਰੇ ਸੁਨੇਹੇ ਭੇਜੇ ਜਾ ਰਹੇ ਹਨ। ਇਨ੍ਹਾਂ ਔਰਤਾਂ ਨੇ ਕਿਹਾ ਹੈ ਕਿ ਕ੍ਰਿਸ਼ਚੀਅਨ ਭਾਈਚਾਰੇ ਨਾਲ ਸਬੰਧਤ ਇਹ ਦੋਵੇਂ ਜਣੇ ਉਨ੍ਹਾਂ ਨੂੰ ਨਾਮਾਲੂਮ ਨੰਬਰਾਂ ਤੋਂ ਫੋਨ ਕਰਕੇ ਉਨ੍ਹਾਂ ’ਤੇ ਤੇਜ਼ਾਬ ਸੁਟਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਔਰਤਾਂ ਨੇ ਦੋਸ਼ ਲਾਇਆ ਕਿ ਸੰਘੀ ਜਾਂਚ ਏਜੰਸੀ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਅਣਗੌਲਿਆ ਕਰ ਦਿੱਤਾ ਹੈ।