ਪਾਕਿਸਤਾਨੀ ਸੰਸਦ ਮੈਂਬਰ ਨੇ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ

ਪਾਕਿਸਤਾਨ ਤੋਂ ਆਏ ਸੰਸਦ ਮੈਂਬਰ ਰਮੇਸ਼ ਲਾਲ ਨੇ ਆਪਣੇ ਪਰਿਵਾਰ ਸਮੇਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਆਖਿਆ ਕਿ ਉਹ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਪਾਕਿਸਤਾਨ ਦੀ ਸੰਸਦ ਵਿਚ ਨਿਰੰਤਰ ਆਵਾਜ਼ ਬੁਲੰਦ ਕਰ ਰਹੇ ਹਨ। ਲਗਪਗ ਇਕ ਹਫ਼ਤੇ ਲਈ ਨਿੱਜੀ ਦੌਰੇ ’ਤੇ ਆਏ ਰਮੇਸ਼ ਲਾਲ ਨੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਸੰਸਦ ਵਿਚ ਘੱਟ ਗਿਣਤੀਆਂ ਦੇ ਹੱਕਾਂ ਲਈ ਨਿਰੰਤਰ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਭਵਿੱਖ ਵਿਚ ਵੀ ਉਹ ਘੱਟ ਗਿਣਤੀਆਂ ਦੇ ਹੱਕਾਂ ਦੀ ਆਵਾਜ਼ ਚੁੱਕਦੇ ਰਹਿਣਗੇ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਸਬੰਧਤ ਹਨ ਅਤੇ ਲਰਕਾਣਾ ਹਲਕੇ ਤੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ।
ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਬੇਟੀਆਂ ਵੀ ਸਨ। ਉਹ ਅੱਜ ਦਿੱਲੀ ਵਾਸਤੇ ਰਵਾਨਾ ਹੋ ਗਏ ਹਨ ਅਤੇ ਇੰਦੌਰ ਜਾਣਗੇ। 17 ਮਾਰਚ ਨੂੰ ਉਹ ਪਾਕਿਸਤਾਨ ਪਰਤ ਜਾਣਗੇ। ਉਨ੍ਹਾਂ ਨੂੰ ਸੂਚਨਾ ਕੇਂਦਰ ਵਿਚ ਵਧੀਕ ਮੈਨੇਜਰ ਰਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਆਦਿ ਨੇ ਸਨਮਾਨਿਤ ਕੀਤਾ।

Previous articleਗੀਤਾ ਸ਼ਰਮਾ ਨੇ ਫੂਡ ਗਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
Next articleਉਨਾਓ ਕੇਸ: ਸੀਬੀਆਈ ਨੇ ਸੇਂਗਰ ਲਈ ਵੱਧ ਤੋਂ ਵੱਧ ਸਜ਼ਾ ਮੰਗੀ