ਪੰਜਾਬ ’ਚ ਨਾਮਜ਼ਦਗੀਆਂ ਦਾ ਅਮਲ ਸ਼ੁਰੂ
ਚੌਧਰੀ ਸੰਤੋਖ ਸਿੰਘ ਵੱਲੋਂ ਜਲੰਧਰ ਤੇ ਕਾਮਰੇਡ ਰਘੂਨਾਥ ਸਿੰਘ ਵੱਲੋਂ ਆਨੰਦਪੁਰ ਸਾਹਿਬ ਤੋਂ ਕਾਗਜ਼ ਦਾਖ਼ਲ
ਪੰਜਾਬ ਵਿੱਚ ਸੰਸਦੀ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ ਅੱਜ ਸ਼ੁਰੂ ਹੋ ਗਿਆ। ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਅੱਜ ਪਹਿਲੇ ਦਿਨ 8 ਉਮੀਦਵਾਰਾਂ ਨੇ ਵੱਖ-ਵੱਖ ਸੰਸਦੀ ਹਲਕਿਆਂ ਤੋਂ ਪਰਚੇ ਭਰੇ। ਕਾਗਜ਼ ਦਾਖਲ ਕਰਨ ਦੇ ਨਾਲ ਹੀ ਸਿਆਸੀ ਰੌਣਕ ਵਧਣੀ ਸ਼ੁਰੂ ਹੋ ਗਈ ਹੈ। ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਦਿਨ ਆਪਣੀ ਪਾਰਟੀ ਦੇ ਉਮੀਦਵਾਰ ਨਾਲ ਕਾਗਜ਼ ਦਾਖਲ ਕਰਨ ਸਮੇਂ ਹਾਜ਼ਰੀ ਲਵਾਈ। ਜਲੰਧਰ (ਰਾਖਵੇਂ) ਹਲਕੇ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਕਾਗਜ਼ ਭਰੇ ਤੇ ਉਨ੍ਹਾਂ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਪਿਤਾ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਕਾਮਰੇਡ ਰਘੂਨਾਥ ਸਿੰਘ ਨੇ ਆਨੰਦਪੁਰ ਸਾਹਿਬ ਤੋਂ ਕਾਗਜ਼ ਦਾਖ਼ਲ ਕੀਤੇ। ਪੰਜਾਬ ਦੇ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਅੱਜ ਪਰਚੇ ਨਹੀਂ ਭਰੇ। ਬਾਦਲ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਫ਼ਰੀਦਕੋਟ (ਰਾਖਵੇਂ) ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਲੁਧਿਆਣਾ ਸੰਸਦੀ ਹਲਕੇ ਤੋਂ ਦੋ ਉਮੀਦਵਾਰਾਂ ਬਲਦੇਵ ਰਾਜ ਕਟਾਣਾ ਨੇ ਨੈਸ਼ਨਲ ਜਸਟਿਸ ਪਾਰਟੀ ਵੱਲੋਂ ਅਤੇ ਜੈ ਪ੍ਰਕਾਸ਼ ਜੈਨ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਭਰੀਆਂ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਸੇਵਕ ਸਿੰਘ ਜਵਾਹਰਕੇ ਨੇ ਬਠਿੰਡਾ ਅਤੇ ਮਹਿੰਦਰ ਪਾਲ ਸਿੰਘ ਨੇ ਭਾਰਤੀ ਲੋਕ ਸੇਵਾ ਦਲ ਦੇ ਉਮੀਦਵਾਰ ਵਜੋਂ ਸੰਗਰੂਰ ਹਲਕੇ ਤੋਂ ਅਤੇ ਕਾਬਲ ਸਿੰਘ ਨੇ ਅੰਮ੍ਰਿਤਸਰ ਤੋਂ ਕਾਗਜ਼ ਦਾਖਲ ਕੀਤੇ। ਕਾਂਗਰਸ ਵੱਲੋਂ ਭਾਵੇਂ ਸਾਰੇ ਸੰਸਦੀ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਪਰ ਨਾਮਜ਼ਦਗੀ ਪੱਤਰ ਅੱਜ ਇੱਕੋ ਉਮੀਦਵਾਰ ਵੱਲੋਂ ਭਰੇ ਗਏ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਛੁੱਟੀ ਹੋਣ ਕਰਕੇ ਨਾਮਜ਼ਦਗੀਆਂ ਦਾਖਲ ਨਹੀਂ ਕੀਤੀਆਂ ਜਾ ਸਕਣਗੀਆਂ। ਉਮੀਦਵਾਰ 29 ਅਪਰੈਲ ਸੋਮਵਾਰ ਤੱਕ ਕਾਗਜ਼ ਦਾਖਲ ਕਰ ਸਕਣਗੇ।
ਅਕਾਲੀ ਦਲ ਤੇ ਭਾਜਪਾ ਅੱਜ ਐਲਾਨ ਸਕਦੇ ਨੇ ਉਮੀਦਵਾਰ
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਾਲ ਦੀ ਘੜੀ 4 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਅਕਾਲੀ ਦਲ ਨੇ ਬਠਿੰਡਾ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਣੇ ਹਨ। ਉਂਜ ਬਠਿੰਡਾ ਤੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਦੇ ਨਾਮ ਤੈਅ ਮੰਨੇ ਜਾ ਰਹੇ ਹਨ। ਇਸੇ ਤਰ੍ਹਾਂ ਭਾਜਪਾ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੰਸਦੀ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਦੋਹਾਂ ਪਾਰਟੀਆਂ ਵੱਲੋਂ ਭਲਕ ਤੱਕ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ ਦੀ ਸੰਭਾਵਨਾ ਹੈ।
ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਲਈ ਨੋਟੀਫਿਕੇਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਅੱਜ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਆਖਰੀ ਪੜਾਅ ਦੌਰਾਨ 19 ਮਈ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਅਤੇ ਅੱਠ ਸੂਬਿਆਂ ਦੇ 59 ਹਲਕਿਆਂ ਵਿਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦੀਆਂ 11 ਅਪਰੈਲ ਨੂੰ ਹੋਈਆਂ ਚੋਣਾਂ ਮਗਰੋਂ ਹੁਣ ਤੱਕ ਦੋ ਗੇੜ ਮੁਕੰਮਲ ਹੋ ਚੁੱਕੇ ਹਨ। ਤੀਜੇ ਪੜਾਅ ਦੀਆਂ ਚੋਣਾਂ ਭਲਕੇ 23 ਅਪਰੈਲ ਨੂੰ ਹੋਣਗੀਆਂ। ਆਖਰੀ ਪੜਾਅ ਦੌਰਾਨ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ, ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਸੀਟ ’ਤੇ ਮਤਦਾਨ ਹੋਵੇਗਾ। ਨੋਟੀਫਿਕੇਸ਼ਨ ਜਾਰੀ ਹੋਣ ਨਾਲ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਆਖਰੀ ਮਿਤੀ 29 ਅਪਰੈਲ ਹੈ।