ਪਹਿਲੀ ਮਈ ਦਾ ਸੁਨੇਹਾ – ਕਿਰਤ ਤੇ ਆਜ਼ਾਦੀ ਲਈ ਸੰਘਰਸ਼ !

(ਸਮਾਜ ਵੀਕਲੀ)

– ਜਗਦੀਸ਼ ਸਿੰਘ ਚੋਹਕਾ

ਅੱਜ ਤੋਂ 135-ਵਰ੍ਹੇ ਪਹਿਲਾ, ‘ਅਮਰੀਕਾ ਦੇ ਸ਼ਹਿਰ ਸਿ਼ਕਾਗੋ ਵਿਖੇ ਕਿਰਤੀ ਦੀ ਹੋ ਰਹੀ ਲੁੱਟ ਅਤੇ ਕਿਰਤੀ ਵਰਗ ਦੇ ਘੋਰ ਸ਼ੋਸ਼ਣ ਵਿਰੁਧ ਆਖਰ ਕਿਰਤੀ ਵਰਗ ਦੇ ਸਬਰ ਦਾ ਪਿਆਲਾ ਡੁਲਕ ਹੀ ਪਿਆ। ਸਦੀਆਂ ਤੋਂ ਕਿਰਤੀ ਵਰਗ ਦੇ ਹੋ ਰਹੇ ਸੋਸ਼ਣ ਵਿਰੁਧ, ਪੂੰਜੀਪਤੀਆਂ, ਸ਼ਾਹੂਕਾਰਾਂ ਅਤੇ ਬੇਦਰਦ-ਹਾਕਮਾਂ ਦੀ ਚੁੱਪੀ ਤੋੜਨ ਲਈ, ‘ਅਮਰੀਕਾ ਦੀ ਸਮੁੱਚੀ ਕਿਰਤੀ-ਜਮਾਤ ਨੇ,‘1-ਮਈ 1886 ਨੂੰ ਆਪਣੇ ਨਾਲ ਹੋ ਰਹੀਆਂ ਬੇ-ਇਨਸਾਫ਼ੀਆਂ ਨੂੰ ਚਕਨਾ-ਚੂਰ ਕਰਨ ਲਈ ਸਾਰੇ ਸਨਅਤੀ ਕੇਂਦਰਾਂ ਅੰਦਰ ਆਮ ਹੜਤਾਲ ਦਾ ਸੱਦਾ ਦੇ ਕੇ ਹਾਕਮਾਂ ਨੂੰ ਵੰਗਾਰਿਆਂ। ਕਿਰਤੀਆਂ ਦੀਆਂ ਨਿਆਇਕ ਅਤੇ ਹੱਕੀ ਮੰਗਾਂ, ‘8-ਘੰਟੇ ਦੀ ਰੋਜ਼ਾਨਾਂ ਡਿਊਟੀ, ਐਤਵਾਰ ਦੀ ਛੁੱਟੀ, ਬਰਾਬਰ ਕੰਮ ਬਦਲੇ ਬਰਾਬਰ ਉਜ਼ਰਤ ਅਤੇ ਕਿਰਤੀਆਂ ਨਾਲ ਮਨੁੱਖੀ ਵਿਵਹਾਰ ਲਈ। ‘ਸ਼ੁਰੂ ਹੋਏ ਪੁਰ-ਅਮਨ ਇਸ ਅੰਦੋਲਨ ਨੂੰ ਕੁਚਲਣ ਲਈ ਅਮਰੀਕਾ ਦੇ ਹਾਕਮਾਂ, ਮਿਲ ਮਾਲਕਾਂ, ਪੁਲੀਸ-ਮਿਲਟਰੀ ਅਤੇ ਇਨਸਾਫ਼ ਦੇਣ ਵਾਲੀਆਂ ਅਦਾਲਤਾਂ ਦੇ ਕੁਨਬੇ ਨੇ ਇਨਸਾਫ਼ ਦੇਣ ਦੇ ਸਾਰੇ ਹੱਦਾਂ ਬੰਨ੍ਹੇ ਟੱਪ ਕੇ, ਅਮਰੀਕਾ ਦੇ ਲੋਕਾਂ ਵੱਲੋ ਆਜ਼ਾਦੀ ਲਈ ਸੰਘਰਸ਼ ਦੇ ਦੌਰਾਨ ਸਥਾਪਤ ਕੀਤੀਆਂ, ਸਾਰੀਆਂ ਰਿਵਾਇਤਾਂ ਅਤੇ ਦਸਤੂਰਾਂ ਦੀ ਘੋਰ ਉਲੰਘਣਾ ਕੀਤੀ। ‘‘ਹੇਅ-ਮਾਰਕਿਟ“ ਦੇ ਇਕ ਸਾਜ਼ਸ਼ੀ ਬੰਬ ਕੇਸ ਵਿੱਚ ਕਿਰਤੀਆਂ ਦੇ ਆਗੂਆਂ ਮਹਾਨ ‘ਅਲ ਬਰਟ ਪਾਰਸਨ, ਅਗਸਤ ਸਪਾਈਸ, ਸੈਮੂਅਲ ਫੀਲਡਨ, ਮਾਈਕਲ ਸ਼ਾਅਬ, ਅਡਾਲਫ ਫਿਸ਼ਰ, ਜਾਰਜ ਐਂਗਲ ਅਤੇ ਲੂਈ ਲਿੰਗ ਨੂੰ ਫਾਂਸੀ ਦੀ ਸਜ਼ਾਅ ਸੁਣਾ ਕੇ ਦੁਨੀਆਂ ਭਰ ਦੇ ਇਨਸਾਫ਼ ਦੇ ਤਰਾਜੂਆਂ ਨੂੰ ਪੁੱਠਾ ਲਟਕਾਅ ਦਿੱਤਾ ! ਇਸ ਫੈਸਲੇ ਦੌਰਾਨ ਇਕ ਹੋਰ ਕਿਰਤੀ ਆਗੂ ਨੂੰ 15-ਸਾਲ ਦੀ ਕੈਦ ਦੀ ਸਜ਼ਾਅ ਸੁਣਾਈ ਗਈ। ਅਮਰੀਕੀ-ਹਾਕਮ ਅਤੇ ਪੂੰਜੀਪਤੀ ਸ਼ਾਇਦ ਇਹ ਸਮਝਦੇ ਹੋਣ, ‘ਕਿ ਉਨ੍ਹਾਂ ਦੇ ਇਸ ਜ਼ਬਰ, ਕਰੂਰ ਅਤੇ ਬਰਬਰਤਾ ਵਾਲੇ ਫੈਸਲੇ ਵਿਰੁਧ ਹੁਣ ਕੋਈ ਵੀ ਕਿਰਤੀ ਅੱਗੋ ਲਈ ਆਵਾਜ ਨਹੀਂ ਉਠਾਵੇਗਾ, ਜੋ ਸਦਾ ਲਈ ਦਫਨ ਕਰ ਦਿੱਤੀ ਗਈ ਹੈ ? ਪਰ ਪੂੰਜੀਪਤੀ ਮਾਲਕ ਭੁਲੇਖੇ ਵਿੱਚ ਸਨ ! ਸਗੋਂ ਕਿਰਤੀਆਂ ਦੀ ਆਵਾਜ਼ ! ਅੱਗੇ ਨਾਲੋ ਵੀ ਵੱਧ ਮਜ਼ਬੂਤ ਹੋਈ ਹੈ !

ਸ਼ਹੀਦ ਸਮਾਰਕ ਸ਼ਿਕਾਗੋ ਦਾ ਸੁਨੇਹਾ ਅੱਜ ਵੀ ਹਰ ਪਾਸੇ ਗੂੰਜ ਰਿਹਾ ਹੈ !

ਉਹ ਸਵੇਰਾ (ਦਿਨ) ਜਰੂਰ ਆਵੇਗਾ, ਜਦੋਂ ਸਾਡੀ ਚੁਪ
(ਜ਼ਬਰ ਨਾਲ ਬੰਦ ਕੀਤੀ ਜ਼ੁਬਾਨ) ਹੋਰ ਵੀ ਸ਼ਕਤੀਸ਼ਾਲੀ ਹੋਵੇਗੀ ?
ਜਿਨ੍ਹਾਂ ਦਾ ਤੁਸੀਂ ਅੱਜ (ਸ਼ਹੀਦ ਹੋਏ ਕਿਰਤੀ ਆਗੂ) ਗਲਾ ਘੁਟ ਕੇ,
ਬਦ ਕਰ ਰਹੇ ਹੋ, ਉਹ ਹਰ ਥਾਂ ਚੰਗਿਆੜੇ ਬਣ ਕੇ,
ਇਕ ਭਾਬੜ ਦੇ ਰੂਪ ਵਜੋ, ਇਥੇ ਉਥੇ ਅਤੇ ਹਰ ਥਾਂ ਮੱਚਣਗੇ ?

ਸਿ਼ਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਦਾ ਸਦਕਾ ਹੀ ਦੁਨੀਆਂ ਭਰ ‘ਚ ਕਿਰਤੀ-ਵਰਗ ਅੰਦਰ ਆਪਣੇ ਹੱਕਾਂ ਦਾ ਅਹਿਸਾਸ ਹੋਇਆ ! ਸਿ਼ਕਾਗੋ ! ਅੰਦਰ ਭਾਵੇਂ ਹਾਕਮਾਂ ਨੇ ਕਿਰਤੀ ਅੰਦੋਲਨ ਨੂੰ ਜ਼ਬਰ ਰਾਹੀਂ ਦਬਾਅ ਦਿੱਤਾ, ਪਰ ਅੰਦੋਲਨ ਰਾਹੀ 8-ਘੰਟੇ ਦੀ ਡਿਊਟੀ, ਐਤਵਾਰ ਦੀ ਛੁੱਟੀ ਅਤੇ ਹੋਰ ਮੰਗਾਂ ਰਾਹੀਂ ਕਿਰਤੀ ਵਰਗ ਅੰਦਰ ਪੈਦਾ ਹੋਈ ਜਾਗਰੂਕਤਾ ਨੇ, ‘ਸੰਸਾਰ ਭਰ ਦੇ ਕਿਰਤੀ ਭਾਈਚਾਰੇ ਅੰਦਰ ਇਤਿਹਾਸਕ ਬਰਾਬਰਤਾ ਦੇ ਨਿਆਂ ਅਧੀਨ, ‘ਸਮਾਜਕ, ਆਰਥਿਕ ਅਤੇ ਰਾਜਨੀਤਕ ਖੇਤਰ ਅੰਦਰ ਬਰਾਬਰਤਾ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਇਕ ਲਹਿਰ ਦਾ ਰੂਪ ਧਾਰ ਲਿਆ। ਪੂੰਜੀਵਾਦ ਦੇ ਜਨਮ ਨਾਲ ਹੀ ਉਸਦੀ ਕਬਰ ਪੁੱਟਣ ਲਈ ਕਿਰਤੀ ਵਰਗ ਵੀ ਜਨਮ ਲੈਂਦਾ ਹੈ। ਕਿਉਂਕਿ ਪੂੰਜੀਵਾਦੀ ਅਰਥ-ਵਿਵਸਥਾ ਦਾ ਆਧਾਰ ਹੀ ਕਿਰਤੀਆਂ ਵੱਲੋਂ ਲਹੂ-ਪਸੀਨਾ ਡੋਲ੍ਹ ਕੇ, ‘ਜੋ ਕਿਰਤ-ਸ਼ਕਤੀ ਲਾਈ ਜਾਂਦੀ ਹੈ, ਉਸ ਨਾਲ ਪੈਦਾ ਹੋਈ ਵਾਧੂ ਕਮਾਈ (ਛਚਗਬ;ਚਤ੍ੜ਼;ਚਕ) (ਮੁਨਾਫਾ) ‘ਤੇ ਹੱਕ ਮਾਲਕ (ਪੂੰਜੀਪਤੀ) ਆਪਣਾ ਸਮਝਦਾ ਹੈ। ਮੁੜ੍ਹਕਾ ਕਿਰਤੀ ਡੋਲ੍ਹਦਾ ਹੈ, ਮੁਨਾਫਾ ਪੂੰਜੀਪਤੀ ਹੜੱਪਦਾ ਹੈ। ਪਰ ਇਸ ਪੂੰਜੀ (ਙ਼ਬਜਵ਼;) ਅਤੇ ਕਿਰਤ ਸ਼ਕਤੀ ਵਿਚਕਾਰ ਇਕ ਲਗਾਤਾਰ ਸੰਘਰਸ਼ ਚਲਦਾ ਹੈ, ਜਿਸ ਅੰਦਰ ਇਕ ਧਿਰ ਭਾਵ ਪੂੰਜੀਪਤੀ ਦਾ ਖਾਤਮਾ ਜਰੂਰੀ ਹੈ। ਮਨੁੱਖ ਹੱਥੋ ਮਨੁੱਖ ਰਾਹੀਂ ਹੁੰਦੀ ਲੁੱਟ-ਖਸੁੱਟ ਦੇ ਖਾਤਮੇ ਨਾਲ ਹੀ ਦੁਨੀਆਂ ਅੰਦਰ ਖੁਸ਼ਹਾਲੀ, ਅਮਲ ਅਤੇ ਬਰਾਬਰਤਾ ਦੇ ਸਮਾਜਕ ਨਿਆਂ ਵੱਲ ਵੱਧਿਆ ਜਾ ਸਕਦਾ ਹੈ। ‘‘1-ਮਈ ਦੇ ਇਤਿਹਾਸਕ ਦਿਹਾੜੇ“ ਦੀ ਪ੍ਰਸੰਗਕਤਾ, ‘ਜਿਸ ਨੇ 135-ਵਰ੍ਹੇ ਪਹਿਲਾ ਮਨੁੱਖੀ ਕਿਰਤ ਦੀ ਲੁੱਟ-ਖਸੁੱਟ ਰੋਕਣ ਲਈ ਇਕ ਇਨਕਲਾਬੀ ਸੰਦੇਸ਼ ਦਿੱਤਾ ਸੀ, ‘ਅੱਜ ਵੀ ਸਾਡੇ ਲਈ ਅਮਰ ਅਤੇ ਰਾਹ-ਦਸੇਰਾ ਹੈ।

19-ਵੀਂ ਸਦੀ ਦੇ ਅੰਤਲੇ ਦੁਹਾਕਿਆ ਦੌਰਾਨ ਅਮਰੀਕਾ ਅੰਦਰ ਜਿਥੇ ਸਨਅਤੀ ਇਨਕਲਾਬ ਅੱਗੇ ਵੱਧ ਰਿਹਾ ਸੀ, ਮੰਦਾ ਵੀ ਪੈਰ ਪਾਸਾਰ ਰਿਹਾ ਸੀ। ਅਮਰੀਕਾ ਦਾ ਕਿਰਤੀ-ਵਰਗ ਭੁੱਖ ਦੀਆਂ` ਜੰਜ਼ੀਰਾਂ ਨਾਲ ਜਕੜਿਆ ਮਜਬੂਰੀ ਵੱਸ ਬਾਜ਼ਾਰ ਅੰਦਰ ਆਪਣੀ ਕਿਰਤ ਸ਼ਕਤੀ ਵੇਚਣ ਲਈ ਬੇਵੱਸ ਸੀ। ਪੂੰਜੀਪਤੀ ਇਸ ਅਵੱਸਥਾ ਦਾ ਫਾਇਦਾ ਉਠਾ ਕੇ ਕਿਰਤੀਆਂ ਪਾਸੋਂ ਵੱਧ ਤੋਂ ਵੱਧ ਕੰਮ ਲੈ ਕੇ, ‘ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਦੌੜ ਵਿੱਚ ਵੱਧ ਸਮੇਂ ਤੱਕ ਕੰਮ ਕਰਾਉਂਦੇ ਸਨ। ਟਕਰਾਅ ਦਾ ਪੈਦਾ ਹੋਣਾ ਵੀ ਲਾਜ਼ਮੀ ਸੀ। 1850 ਤੋਂ 1860 ਦੇ ਦਰਮਿਆਨ ਅਮਰੀਕਾ ਅੰਦਰ ਕਿਰਤੀਆਂ ਦੀਆਂ ਮੰਗਾਂ ਲੈ ਕੇ ਬਹੁਤ ਸਾਰੀਆਂ ਟਰੇਡ ਯੂਨੀਅਨਾਂ ਦਾ ਜਨਮ ਹੋਇਆ ਅਤੇ ਉਨ੍ਹਾਂ ਵੱਲੋਂ 8-ਘੰਟੇ ਕੰਮ ਦੀ ਦਿਹਾੜੀ ਦੀ ਮੰਗ ਰੱਖੀ ਗਈ। ਪਹਿਲੀ ਮਈ ਦਾ ਜਨਮ ਵੀ 1886 ਨੂੰ ਅਮਰੀਕਾ ਵਿਖੇ 8-ਘੰਟੇ ਕੰਮ ਦੀ ਦਿਹਾੜੀ ਲਈ ਹੋਏ ਅੰਦਲੋਨ ਨਾਲ ਸ਼ੁਰੂ ਹੁੰਦਾ ਹੈ। ਅਮਰੀਕਾ ਅੰਦਰ 1861-62 ਦੌਰਾਨ ਹੋਏ ਗ੍ਰਿਹਯੁਧ, ਜੋ ਅਸਲੀਅਤ ਵਿੱਚ ਵੱਡੇ-ਵੱਡੇ ਜਾਗੀਰਦਾਰਾਂ, ‘ਜੋ ਦੱਖਣੀ ਰਾਜਾਂ ਅੰਦਰ ਦਾਸਾਂ ਨੂੰ (ਗੁਲਾਮਾਂ) ਆਪਣੇ ਫਾਰਮਾਂ ‘ਚ ਜ਼ਬਰੀ ਕੰਮ ਕਰਾਉਣ ਲਈ ਰੱਖਦੇ ਸਨ। ਦੂਸਰੇ ਪਾਸੇ ਉਤਰੀ ਅਮਰੀਕਾ ਦੇ ਸਨਅਤਕਾਰ, ‘ਜੋ ਮਜ਼ਦੂਰ-ਵਰਗ (ਕਿਰਤ ਸ਼ਕਤੀ) ਦੀ ਲੋੜ ਰੱਖਦੇ ਸਨ, ‘ਵਿਚਕਾਰ ਕਿਰਤੀ ਵਰਗ ਨੂੰ ਆਪਣੇ ਵੱਲ ਖਿਚਣ ਲਈ ਇਹ ਗ੍ਰਿਹ ਯੁੱਧ ਹੋਇਆ ਸੀ ! ਇਸ ਯੁੱਧ ਕਾਰਨ ਹੀ ਸਿਆਹ-ਫਾਮ ਲੋਕਾਂ ਦੀ ਮੁਕਤੀ ਲਈ ਜਿਥੇ ਰਾਹ ਖੁਲ੍ਹਿਆ, ਅਮਰੀਕਾ ਅੰਦਰ ਇਕ ਮਜ਼ਬੂਤ ਕਿਰਤੀ-ਵਰਗ ਵੀ ਪੈਦਾ ਹੋਇਆ। ਦੁਨੀਆਂ ਅੰਦਰ ਸਭ ਤੋਂ ਪਹਿਲੀ ਟਰੇਡ ਯੂਨੀਅਨ ਦੀ ਸਥਾਪਨਾ ਵੀ ਅਮਰੀਕਾ ਵਿੱਚ ਹੋਈ। ਉਸ ਵੇਲੇ ਅਮਰੀਕਾ ਅੰਦਰ ਕਿਰਤੀਆਂ ਪਾਸੋਂ 20-20 ਘੰਟੇ (ਸੂਰਜ ਚੜ੍ਹਨ ਤੋਂ ਸੂਰਜ ਛਿਪਣ ਤਕ) ਰੋਜ਼ਾਨਾ ਕੰਮ ਲਿਆ ਜਾਂਦਾ ਸੀ। ਇਸ ਕੰਮ ਦੌਰਾਨ ਪ੍ਰਵਾਰ ਦੀਆਂ ਇਸਤਰੀਆਂ ਅਤੇ ਬੱਚਿਆ ਤੋਂ ਵੀ ਕੰਮ ਕਰਾਇਆ ਜਾਂਦਾ ਸੀ। ਮਨੁੱਖੀ ਦਰਿੰਦਗੀ, ਬਰਬਰਤਾ ਅਤੇ ਕਿਰਤ ਦੀ ਲੁੱਟ ਦੇ ਇਹ, ‘ਥੋੜ੍ਹੇ ਜਿਹੇ ਇਤਿਹਾਸ ਦੇ ਪੰਨੇ ਹੀ ਸਾਡੇ ਸਾਹਮਣੇ ਪੇਸ਼ ਹਨ, ‘ਬਾਕੀ ਉਸ ਵੇਲੇ ਲੋਕਾਂ ਦੀ ਜਿੰਦਗੀ ਦਾ ਤੁਸੀ੍ਹ ਅਨੁਮਾਨ ਖੁਦ ਹੀ ਲਾ ਲਵੋਗੇ, ‘ਕਿ ਅਮਰੀਕਾ ਅੰਦਰ ਉਸ ਵੇਲੇ ਕਿਹੋ ਜਿਹੇ ਹਾਲਾਤ ਸਨ ?

1806 ਨੂੰ ਅਮਰੀਕਾ ਦੇ ਫਿਲਾਡੇਲਫੀਆ ਅੰਦਰ ਜੁੱਤੀਆਂ ਬਣਾਉਣ ਵਾਲੇ ਕਿਰਤੀਆ ਵੱਲੋਂ ਜਿਨ੍ਹਾਂ ਤੋਂ ਰੋਜ਼ਾਨਾਂ 18-20 ਘੰਟੇ ਕੰਮ ਲਿਆ ਜਾਂਦਾ ਸੀ, ਕੰਮ ਦੇ ਘੰਟੇ ਘਟਾਉਣ ਲਈ ਹੋਈ ਹੜਤਾਲ ਦੌਰਾਨ ਆਗੂਆਂ ‘ਤੇ ਦੇਸ਼ ਵਿਰੁਧ ਛੜਜੰਤਰ ਕਰਨ ਲਈ ਕੇਸ ਚਲਾਇਆ ਗਿਆ। ਭਾਵੇਂ ਅਮਰੀਕਾ ਅੰਦਰ ਥੋੜ੍ਹੇ ਬਹੁਤੇ ਕਿਰਤ ਕਨੂੰਨ ਹੋਂਦ ਵਿੱਚ ਆਏ, ਪਰ ਪੂੰਜੀਪਤੀ ਇਨ੍ਹਾਂ ਨੂੰ ਲਾਗੂ ਕਰਨ ਤੋਂ ਵੀ ਗੁਰੇਜ਼ ਕਰਦੇ ਸਨ। 1873 ਦੇ ਮੰਦੇ ਬਾਦ ਕੰਮ ਲਈ 10 ਘੰਟੇ ਤੈਅ ਕਰਨ ਲਈ ਕਿਰਤੀ ਲਹਿਰ ਦੱਬੀ ਗਈ। ਬਾਦ ਵਿੱਚ ਮਾਲਕਾਂ ਨੇ 10 ਘੰੰਟੇ ਕੰਮ ਦੇ ਕਨੂੰਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ, ‘ਕਿ ਇਹ ਕਨੂੰਨ ਸਰਕਾਰੀ ਅਦਾਰਿਆ ਦੇ ਮੁਲਾਜ਼ਮਾਂ ਲਈ ਹਨ। ਅਮਰੀਕਾ ਅੰਦਰ ਇਕ ਪਾਸੇ ਪੂੰਜੀਪਤੀਆਂ ਵੱਲੋਂ ਹਾਕਮਾਂ ਅਤੇ ਰਾਜਤੰਤਰ ਦੀ ਮਿਲੀ-ਭੁਗਤ ਰਾਹੀਂ ਕਿਰਤੀਆਂ ਦਾ ਸ਼ੋੋਸ਼ਣ ਤੇਜ਼ ਕੀਤਾ ਗਿਆ। ਪਰ ਦੂਸਰੇ ਪਾਸੇ ਕਿਰਤੀ-ਵਰਗ ਆਪਣੀਆਂ ਮੰਗਾਂ ਲਈ ਹੋਰ ਜਾਗਰੂਕ ਹੋ ਕੇ ਮਜਬੂਤੀ ਨਾਲ ਪ੍ਰਚੰਡ ਅਤੇ ਸੰਗਠਤ ਹੁੰਦਾ ਗਿਆ। ਆਖਰ ਪੂੰਜੀਪਤੀਆਂ ਦੇ ਅਣ-ਮਨੁੱਖੀ ਵਰਤਾਰਿਆਂ, ਕਿਰਤੀ ਦੀ ਲੁੱਟ ਅਤੇ ਸੋਸ਼ਣ ਵਿਰੁੱਧ, ‘ਮਈ-1886 ਨੂੰ ਸਾਰੇ ਅਮਰੀਕਾ ਅੰਦਰ ਕਿਰਤੀ-ਵਰਗ ਦੇ ਰੋਹ ਦੀ ਜਵਾਲਾ ਹਰ ਪਾਸੇ ਭੜਕ ਪਈ। 20-ਅਗਸਤ 1866 ਨੂੰ ਬਾਲਟੀ ਮੋਰ ਦੇ ਕਿਰਤੀਆਂ ਵੱਲੋਂ ਨੈਸ਼ਨਲ ਲੇਬਰ ਯੂਨੀਅਨ ਦੀ ਸਥਾਪਨਾ ਕੀਤੀ ਜਾ ਚੁੱਕੀ ਸੀ। ਇਸੇ ਤਰ੍ਹਾਂ 1864 ਨੂੰ ਦੋ ਸਾਲ ਪਹਿਲਾ ਹੀ, ‘ਇਸ ਯੂਨੀਅਨ ਦੀ ਸਥਾਪਨਾ ਤੋਂ, ਕਾਰਲ-ਮਾਰਕਸ ਅਤੇ ਏਂਗਲਜ਼ ਨੇ ਪਹਿਲੀ ਕੌਮਾਂਤਰੀ ਕਿਰਤੀ ਐਸੋਸੀਏਸ਼ਨ ਨੂੰ ਸਥਾਪਤ ਕਰਕੇ, ‘ਦੁਨੀਆਂ ਅੰਦਰ ਕਿਰਤੀ ਵਰਗ ਨੂੰ ਇਕ ਜੁੱਟ ਹੋਣ ਦਾ ਸੱਦਾ ਦਿੱਤਾ ਸੀ।ਅਮਰੀਕਾ ਅੰਦਰ ਮਜ਼ਬੂਤੀ ਨਾਲ ਪਨਪ ਰਹੇ ਕਿਰਤੀ ਅੰਦੋਲਨ ਸਬੰਧੀ ਕਾਰਲ ਮਾਰਕਸ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ,

‘ਜਦੋਂ ਤੱਕ ਅਮਰੀਕਾ ਦੇ ਪਰਜਾਤੰਤਰ ਅੰਦਰ ਗੁਲਾਮੀ ਦਾ ਧੱਬਾ ਕਾਇਮ ਰਿਹਾ, ‘ਉਸ ਵੇਲੇ ਤਕ ਕਿਸੇ ਤਰ੍ਹਾਂ ਦਾ ਵੀ ਆਜ਼ਾਦਰਾਨਾ ਕਿਰਤੀ ਅੰਦੋਲਨ ਨਹੀਂ ਪਨਪਿਆ। ਇਹ ਅਮਰੀਕਾ, ‘ਜਿਥੇ ਕਾਲੀ ਚਮੜੀ ਵਾਲੇ ਕਿਰਤੀ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ, ਉਥੇ ਗੋਰਾ ਮਜ਼ਦੂਰ ਵੀ ਆਪਣੇ ਆਪ ਨੂੰ ਆਰਥਿਕ ਤੌਰ ‘ਤੇ ਆਜ਼ਾਦ ਨਹੀਂ ਹੋ ਸਕਦਾ ਸੀ। ਪਰ ਜਦੋਂ ਗੁਲਾਮੀ ਪ੍ਰਥਾ ਨਸ਼ਟ ਹੋ ਗਈ, ਤੁਰੰਤ ਇਕ ਨਵੀਂ ਜਿੰਦਗੀ ਨੇ ਜਨਮ ਲਿਆ। ਘਰੋਗੀ ਯੁੱਧ ਦਾ ਪਹਿਲਾ ਸਿੱਟਾ ਇਹ ਨਿਕਲਿਆ, ‘ਕਿ 8-ਘੰਟਿਆਂ ਦੀ ਦਿਹਾੜੀ ਦਾ ਅੰਦੋਲਨ ਐਟਲਾਂਟਿਕ ਸਾਗਰ ਤੋਂ ਪੈਸੀਫਿਕ ਸਾਗਰ ਤਕ ਅਤੇ ਨਿਉਯਾਰਕ ਤੋਂ ਕੈਲੀਫੋਰਨੀਆ ਤਕ ਬੜੀ ਤੇਜੀ ਨਾਲ ਫੈਲ ਗਿਆ। ਪੈਦਾਵਾਰੀ ਸ਼ਕਤੀਆਂ (ਮਾਲਕ=ਵਸੀਲੇ) ਦੇ ਵਿਕਸਤ ਹੋਣ ਨਾਲ ਕਿਰਤੀ ਵਰਗ ਦਾ ਵੀ ਵਿਕਾਸ ਸਾਹਮਣੇ ਆ ਰਿਹਾ ਸੀ। ਭਾਵੇਂ 8-ਘਟੇ ਕੰਮ ਦੀ ਦਿਹਾੜੀ ਇਕ ਬਹੁਤ ਵੱਡੀ ਪ੍ਰਾਪਤੀ ਹੈ, ‘ਪਰ ਕਿਰਤੀ ਵਰਗ ਪੂੰਜੀਵਾਦ ਦੀ ਗੁਲਾਮੀ ਤੋਂ ਮੁਕਤ ਨਹੀਂ ਹੋ ਸਕਦਾ ਜਿਨ੍ਹਾਂ ਚਿਰ ਉਹ ਵਰਗ-ਸੰਘਰਸ਼ ਰਾਹੀਂ ਰਾਜਸਤਾ ‘ਤੇ ਕਾਬਜ਼ ਨਹੀਂ ਹੋ ਜਾਂਦਾ ? ਅਮਰੀਕਾ ਅੰਦਰ ਸਿਆਹਫਾਮ-ਲੋਕਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਟੁੱਟਣ ਬਾਦ ਹੀ, ‘ਕਿਰਤੀ ਅੰਦੋਲਨ ਤੇਜ਼ ਹੋਇਆ। 8-ਘੰਟੇ ਦੀ ਡਿਊਟੀ ਲੈਕੇ,‘ਸਿ਼ਕਾਗੋ ਅੰਦਰ ਪਹਿਲੀ ਮਈ ਤੋਂ ਚਾਰ ਮਈ-1886 ਤੱਕ ਵਾਪਰੀਆਂ ਇਤਿਹਾਸਕ ਘਟਨਾਵਾਂ ਦਾ ਸਦਕਾ ਹੀ ਪੂੰਜੀਵਾਦੀ ਸ਼ੋਸ਼ਣ ਵਿਰੁੱਧ ਹੀ ਦੁਨੀਆਂ ਭਰ ਦੇ ਕਿਰਤੀਓ ! ਇਕ ਹੋ ਜਾਵੋ ਦਾ ਅਮਲ ਸਾਹਮਣੇ ਆਇਆ, ‘ਜਿਸ ਨੇ ਦੁਨੀਆ ਭਰ ਦੇ ਪੂੰਜੀਵਾਦੀ ਨਿਜ਼ਾਮਾਂ ਦੀਆਂ ਚੂਲਾ ਹਿਲਾ ਦਿੱਤੀਆਂ। ਅੱਜ ! ਵੀ ਉਹ ਪਹਿਲੀ ਮਈ ਤੋਂ ਪੂਰੀ ਤਰ੍ਹਾਂ ਭੈਅ-ਭੀਤ ਹਨ।

ਪਹਿਲੀ ਮਈ ਦੇ ਅੰਦੋਲਨ ਦਾ ਗੜ੍ਹ ਸਿ਼ਕਾਗੋ ਸੀ, ਜਿਥੇ ਸੈਂਟਰਲ ਲੇਬਰ ਯੂਨੀਅਨ ਦੀ ਅਗਵਾਈ ਵਿੱਚ ਕਿਰਤੀਆਂ ਨੇ 8-ਘੰਟੇ ਕੰਮ ਦੀ ਡਿਊਟੀ ਲਈ ਅੰਦੋਲਨ ਚਲਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਜਿਸ ਨੇ ਪਹਿਲੀ ਮਈ 1886 ਨੂੰ ਹੜਤਾਲ ਦਾ ਸੱਦਾ ਦਿੱਤਾ। ਪਹਿਲੀ ਮਈ ਤੋਂ ਪਹਿਲਾ ਆਉਣ ਵਾਲੇ ਐਤਵਾਰ ਨੂੰ ਹੜਤਾਲ ਦੀ ਤਿਆਰੀ ਲਈ ਹੋਈ ਰੋਸ ਰੈਲੀ ਵਿੱਚ 25-ਹਜ਼ਾਰ ਕਿਰਤੀਆਂ ਨੇ ਹਿੱਸਾ ਲਿਆ। ਪਹਿਲੀ ਮਈ 1886 ਨੂੰ ਮੁਕੰਮਲ ਹੜਤਾਲ ਹੋਈ। ਜਿਸ ਤੋਂ ਘਬਰਾਅ ਕੇ ਪੂੰਜੀਪਤੀ, ‘ਹਾਕਮਾਂ ਅਤੇ ਰਾਜਤੰਤਰ ਦੀ ਸਹਾਇਤਾ ਨਾਲ ਕਿਰਤੀ ਅੰਦੋਲਨ ਨੂੰ ਸਖ਼ਤੀ ਨਾਲ ਦਬਾਅ ਦੇਣ ਲਈ ਸਾਜ਼ਸ਼ਾਂ ਘੜਨ ਲੱਗ ਪਏ। 3-ਮਈ ਲੂੰ ‘‘ਮੈਕਕਾਰਮਿਕ-ਰੀਅਰ“ ਕਾਰਖਾਨੇ ਦੇ ਹੜਤਾਲੀ ਕਿਰਤੀਆਂ ਦੇ ਸ਼ਾਂਤਮਈ ਅੰਦੋਲਨ ਨੂੰ ਸਾਬੋਤਾਜ ਕਰਨ ਲਈ ਕੁਝ ਮਾਲਕ ਪੱਖੀ ਗੁੰਡਾ ਅਨਸਰਾਂ ਨੇ ਉਕਸਾਹਟ ਪੈਦਾ ਕਰਕੇ, ‘ਪੁਲੀਸ ਨੂੰ ਗੋਲੀ ਚਲਾਉਣ ਲਈ ਉਕਸਾਇਆ। 6-ਕਿਰਤੀ ਸ਼ਹੀਦ ਹੋ ਗਏ। ਇਸ ਘਟਨਾ ਦੇ ਰੋਸ ਵਿੱਚ, ‘4-ਮਈ ਹੇਅ-ਮਾਰਕੀਟ ਵਿੱਚ ਕਿਰਤੀਆਂ ਵੱਲੋਂ ਇਕ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਸ਼ਾਂਤੀ ਪੂਰਬਕ ਰੈਲੀ ਜਦੋਂ ਖਤਮ ਹੀ ਹੋਣ ਵਾਲੀ ਸੀ, ‘ਜਿਵੇਂ ਹਾਕਮਾਂ ਵੱਲੋ ਪਹਿਲਾ ਹੀ ਸਾਜ਼ਸ਼ ਘੜੀ ਹੋਈ ਸੀ। ਕਿਸੇ ਸ਼ਰਾਰਤੀ ਨੇ ਬੰਬ ਸੁਟਿਆ, ‘ਜਿਸ ਨਾਲ ਇਕ ਸਾਰਜੰਟ ਦੀ ਮੌਤ ਹੋ ਗਈ। ਫਿਰ ਦਮਨ ਚੱਕਰ, ਗੋਲੀ ਬਾਰੀ, ਗ੍ਰਿਫਤਾਰੀਆਂ ਅਤੇ ਲੋਕਾਂ ਨੂੰ, ‘ਸਮੇਤ-ਇਸਤਰੀਆਂ ਤੇ ਬੱਚਿਆਂ ਦੇ, ‘ਹਾਕਮਾਂ ਦੇ ਹਰ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਇਸ ਦਮਨ ਚੱਕਰ ਦੌਰਾਨ ਕਿਰਤੀਆਂ ਵੱਲੋਂ ਚੁੱਕਿਆ ਚਿੱਟਾ ਝੰਡਾ, ‘ਜੋ ਅਮਨ ਦਾ ਪ੍ਰਤੀਕ ਸੀ, ਕਿਰਤੀਆਂ ਦੇ ਡੁਲ੍ਹੇ ਖੂਨ ਨਾਲ ਲਾਲ ਹੋ ਗਿਆ। ਅੱਜ ਇਹ ਲਾਲ ਝੰਡਾ ! ਜੋ ਕਿਰਤੀ ਵਰਗ ਦੇ ਡੁੱਲ੍ਹੇ ਖੂਨ ਅਤੇ ਕੁਰਬਾਨੀਆਂ ਦੀ ਸ਼ਹਾਦਤ ਦਾ ਇਤਿਹਾਸ ਹੈ ! ਪਹਿਲੀ ਮਈ ਨੂੰ ਕਿਰਤੀ ਵਰਗ ਆਪਣੇ ਬੀਤੇ ਨੂੰ ਯਾਦ ਕਰਦਿਆ, ਮਾਜੂਦਾ ਸੰਘਰਸ਼ਾਂ ਰਾਹੀ ਆਉਣ ਵਾਲੇ ਕੱਲ ਨੂੰ, ‘ਉਜਲ ਬਣਾਉਣ ਲਈ ਲਾਲ-ਸਲਾਮ ਪੇਸ਼ ਕਰਦਾ ਹੈ ! ਪਹਿਲੀ ਮਈ ਕੋਈ ਰਵਾਇਤੀ ਜਾਂ ਤਿਓਹਾਰੀ-ਦਿਵਸ ਨਹੀਂ, ਸਗੋਂ ਇਹ ਕਿਰਤੀ ਵਰਗ ਨੂੰ ਆਪਣੇ ਹੱਕਾਂ-ਹਿਤਾਂ ਦੀ ਰਾਖੀ ਲਈ ਚਲਾਏ ਅੰਦੋਲਨਾਂ ਅਤੇ ਸੰਘਰਸ਼ਾਂ ਦੌਰਾਨ ਰਹਿ ਗਈਆ ਘਾਟਾ ਅਤੇ ਕਮਜ਼ੋਰੀਆਂ ਨੂੰ ਦੂਰ ਕਰਕੇ ਅੱਗੋ ਲਈ ਕਿਰਤੀ-ਵਰਗ ਦੀ ਮੁਕਤੀ ਲਈ ਹੋਰ ਸ਼ਿਦਤ ਨਾਲ ਅੱਗੇ ਵੱਧਣ ਦਾ ਸੱਦਾ ਦਿੰਦਾ ਹੈ!

ਅਮਰੀਕਾ ਸਮੇਤ, ‘ਦੁਨੀਆਂ ਭਰ ਅੰਦਰ ਮਈ 1886 ਨੂੰ ਸਿ਼ਕਾਗੋ ਵਿਖੇ ਵਾਪਰੀਆਂ ਘਟਨਾਵਾਂ ਨੇ,‘ਇਸ ਨਿਸਚੈ ਨੂੰ ਹੋਰ ਉਜਾਗਰ ਕਰ ਦਿੱਤਾ, ‘ਕਿ ਕਿਰਤੀ ਵਰਗ ਦੀ ਕਿਰਤ ਹੀ ਹੈ, ‘ਜੋ ਇਸ ਹੁਸੀਨ ਸੰਸਾਰ ਦੀ ਰੱਚਣਹਾਰ ਹੈ। ਪਰ ਕਿਰਤੀ ਖੁਦ ਭੁੱਖਾ ਮਰਦਾ ਹੈ ਅਤੇ ਵਿਹਲੜ ਮਾਲਕ ਖੂਬ ਮੌਜਾਂ ਕਰਦੇ ਹਨ ! ਅੱਠ ਘੰਟੇ ਲਈ ਰੋਜ਼ਾਨਾਂ ਡਿਊਟੀ, ਐਤਵਾਰ ਦੀ ਛੁੱਟੀ, ਬਰਾਬਰ ਕੰਮ ਬਦਲੇ ਬਰਾਬਰ ਉਜ਼ਰਤ, ਬਲ-ਮਜ਼ਦੂਰ ਦਾ ਖਾਤਮਾ ਅਤੇ ਕਿਰਤੀ ਦੇ ਚੰਗੇਰੇ ਜੀਵਨ ਲਈ ਜੱਥੇਬੰਦ ਹੋ ਕੇ ਸੰਘਰਸ਼ਾਂ ਦਾ ਰਾਹ ਫੜਨਾ ਹੀ ਉਸ ਦੀ ਮੁਕਤੀ ਦਾ ਰਾਹ ਹੈ ! ਇਹ ਇਕ ਰਾਜਸੀ ਚਿਣਗ ਸੀ ! ਜੋ ਭਾਵੇ ਅਮਰੀਕਾ ਵਿੱਚ ਫੁੱਟੀ, ‘ਜਿਸ ਨੂੰ ਹੁਲਾਰਾ ਸੇਂਟਲੂਈ ਵਿਖੇ 1888 ਨੂੰ, ‘ਅਮਰੀਕੀ ਫੈਡਰੇਸ਼ਨ ਆਫ ਲੇਬਰ ਵੱਲੋਂ ਦਿੱਤਾ ਗਿਆ। ਪਰ ਪਹਿਲੀ ਇੰਟਰਨੈਸ਼ਨਲ ਦੀ ਸਥਾਪਨਾ 1864 ਨੂੰ ਹੋਈ ਸੀ। ਜਿਸ ਨੇ 8-ਘੰਟੇ ਦੀ ਡਿਊਟੀ ਲਈ 1866 ਨੂੰ ਇਸ ਮੰਗ ਲਈ ਸੱਦਾ ਦਿੱਤਾ ਸੀ। 1876 ਨੂੰ ਇਸ ਨੇ ਬਕਾਇਦਾ ਲੰਡਨ ਵਿਚ ਸਰਗਰਮੀ ਸ਼ੁਰੂ ਕਰਕੇ,‘14-ਜੁਲਾਈ 1889 ਨੂੰ ਫਰਾਂਸ ਦੀ ਕ੍ਰਾਂਤੀ ਦੀ ਪਹਿਲੀ ਸ਼ਤਾਬਦੀ ਸਮੇਂ, ‘ਸਮਾਜਵਾਦੀ ਸੋਚ ਦੇ ਆਗੂਆਂ ਨੇ ਦੂਸਰੀ ਕੌਮਾਂਤਰੀ ਕਾਂਗਰਸ ਦੌਰਾਨ ਪੈਰਿਸ ਅੰਦਰ, ‘ਸੇਂਟ ਲੂਈ ਦੇ 1888 ਦੇ ਐਲਾਨ ਨਾਮੇ ਨੂੰ ਅਮਲੀ ਰੂਪ ਦੇਣ ਲਈ, ਪਹਿਲੀ ਮਈ-1890 ਨੂੰ ਰੋਸ ਮੁਜਾਹਰੇ ਕਰਕੇ ‘‘ਪਹਿਲੀ ਮਈ“ ਕਿਰਤੀ ਦਿਵਸ ਵਜੋਂ ਮਨਾਉਣ ਲਈ ਘੋਸ਼ਣਾ ਪੱਤਰ ਜਾਰੀ ਕੀਤਾ। ਪਹਿਲੀ ਮਈ, ‘ਕਿਰਤੀ ਵਰਗ ਆਪਣੀ ਏਕਤਾ ਵੱਜੋਂ ਕੇਵਲ ਆਰਥਿਕ ਮੰਗਾਂ ਲਈ ਹੀ ਨਹੀਂ ਸਗੋਂ ਰਾਜਨੀਤਕ ਮੰਗਾਂ ਨੂੰ ਲੈ ਕੇ ਸਰਬਹਾਰੇ ਦੀ ਮੁਕਤੀ ਲਈ ਵਰਗ-ਰਹਿਤ ਸਮਾਜ ਦੀ ਸਥਾਪਨਾ ਦੀ ਕਾਇਮੀ ਲਈ ਮੰਨਾਏਗਾ ?

ਪਹਿਲੀ ਮਈ ਸਿ਼ਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆ, ‘ਜਿਥੇ 8-ਘੰਟੇ ਲਈ ਡਿਊਟੀ ਦੀ ਮੰਗ ਹੋਵੇ, ਉਥੇ ਕਿਰਤੀ ਵਰਗ ਸਮਾਜਕ ਪ੍ਰੀਵਰਤਨ ਲਿਆਉਣ ਲਈ, ‘ਵਰਗ ਭਿੰਨ-ਭੇਦ ਦੇ ਖਾਤਮੇ, ਸੰਸਾਰ ਅਮਨ ਅਤੇ ਸਾਰੇ ਫਰਕ ਮਿਟਾਉਣ ਲਈ ਸੰਘਰਸ਼ ਕਰੇ। ਇਹ ਮਤਾ 1893 ਨੂੰ, ‘ਜੂਰਿਚ ਵਿੱਚ ਹੋਏ ਦੂਸਰੇ ਕੌਮਾਂਤਰੀ ਸੰਮੇਲਨ ਵੱਲੋਂ ਪੇਸ਼ ਹੋਇਆ ਸੀ। ਇਸ ਸੰਮੇਲਨ ਦੌਰਾਨ ਏਂਗਲਜ ਨੇ ਕਿਰਤੀ ਵਰਗ ਨੂੰ ਕਿਹਾ ਕਿ ਪਹਿਲੀ ਮਈ ਨੂੰ, ‘ਦੁਨੀਆਂ ਅੰਦਰ ਵਰਗ-ਭੇਦਭਾਵ (ਅਮੀਰੀ-ਗਰੀਬੀ ਅੰਦਰ ਆਰਥਿਕ ਪਾੜਾ) ਨੂੰ ਮਿਟਾਉਣ ਲਈ ਕਿਰਤੀ ਵਰਗ ਨੂੰ ਦ੍ਰਿੜਤਾ ਨਾਲ ਆਪਣੀ ਮੁਕਤੀ ਲਈ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਪਹਿਲੀ ਮਈ ਦੀ ਇਤਿਹਾਸਕ ਘਟਨਾ ਨੇ ਦੁਨੀਆਂ ਅੰਦਰ ਪੂੰਜੀਪਤੀ ਵਰਗ ਦੀ ਲੁੱਟ-ਖਸੁੱਟ ਨੂੰ ਖਤਮ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ ਖਿਲਾਫ਼ ਕਿਰਤੀ-ਵਰਗ ਨੂੰ ਹੱਕ ਮੰਗਣ ਅਤੇ ਸਮਾਜਕ-ਆਰਥਿਕ ਇਨਸਾਫ਼ ਲਈ ਮਾਲਕਾਂ ਦੇ ਆਹਮੋ-ਸਾਹਮਣੇ ਖੜਾ ਕਰ ਦਿੱਤਾ ! ਕਿਰਤੀ ਵਰਗ ਅੰਦਰ ਆਈ ਜਮਾਤੀ-ਜਾਗਰਿਤੀ ਵਾਲੀ ਚੇਤਨਤਾ ਨੇ,‘ਮਨੁੱਖ ਹੱਥੋ ਮਨੁੱਖ ਦੀ ਲੁੱਟ-ਖਸੁੱਟ ਵਾਲੇ ਰਾਜ ਪ੍ਰਬੰਧ (ਰਾਜਸਤਾ) ਨੂੰ ਖਤਮ ਕਰਨ, ਹਰ ਜ਼ੁਲਮ ਅਤੇ ਜ਼ਬਰ ਵਿਰੁਧ ਘੋਲ ਕਰਨ ਅਤੇ ਮਨੁੱਖ ਨੂੰ ਗਰੀਬੀ-ਗੁਰਬਤ, ਭੁੱਖ ਅਤੇ ਜ਼ਹਾਲਤ ਤੋਂ ਮੁਕਤੀ ਦਿਵਾਉਣ ਲਈ ਇਹ ਇਕ ਬਹੁਤ ਵੱਡੀ ਇਤਿਹਾਸਕ ਤਬਦੀਲੀ ਵਲ ਕਦਮ ਸੀ। ਸਿ਼ਕਾਗੋ ਦੇ ਇਸ ਇਤਿਹਾਸਕ ਵਰਤਾਰੇ ਨੇ ਮਾਲਕ ਵਿਰੁਧ ਕਿਰਤੀ, ਲੁੱਟ-ਖਸੁੱਟ ਵਿਰੁਧ ਬਰਾਬਰਤਾ, ਖੁਸ਼ਹਾਲੀ ਤੇ ਭਰੱਪਣ ਲਈ ਅਤੇ ਹਰ ਤਰ੍ਹਾਂ ਦੇ ਅਨਿਆਏ ਵਿਰੁਧ ਸੰਘਰਸ਼ਸ਼ੀਲ ਹੋਣ ਲਈ ਮਾਰਕਸਵਾਦੀ ਥਿਊਰੀ ਅਤੇ ਅਮਲ ਦੀ ਪ੍ਰਕਿਰਿਆ ਨੂੰ ਵੀ ਆਹਮੋ-ਸਾਹਮਣੇ ਖੜਾ ਕਰ ਦਿੱਤਾ। ਜਿਸ ਨੂੰ ਦੁਨੀਆਂ ਅੰਦਰ ਪਹਿਲੀ ਵਾਰ ਰੂਸ (ਸਾਬਕਾ ਸੋਵੀਅਤ ਯੂਨੀਅਨ) ਅੰਦਰ ਲੈਨਿਨ ਦੀ ਅਗਵਾਈ ਵਿੱਚ ਮਹਾਨ ਅਕਤੂਬਰ ਇਨਕਲਾਬ (7-ਨਵੰਬਰ) 1917 ਨੇ ਇਸ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ,‘ਕਿਰਤੀ ਵਰਗ ਨੂੰ ਰਾਜਸਤਾ ਤੇ ਬਿਠਾਅ ਕੇ ਵਰਗ-ਰਹਿਤ ਸਮਾਜਕ ਪ੍ਰੀਵਰਤਨ ਲਿਆਂਦਾ ਸੀ !

ਦੁਨੀਆ ਅੰਦਰ (ਸਾਬਕਾ) ਸੋਵੀਅਤ ਰੂਸ ਅਧੀਨ ਕਿਰਤੀ-ਵਰਗ ਦੀ ਰਾਜਸਤਾ ਵਾਲੇ ਸਮਾਜਵਾਦੀ ਪ੍ਰਬੰਧ ਦੀਆਂ ਬਰਕਤਾਂ ਅਧੀਨ, ‘ਲੁਟ-ਚੋਂਘ ਖਤਮ ਹੋਣ ਨਾਲ ਹਰ ਇਕ ਲਈ ਰੁਜ਼ਗਾਰ, ਸਿੱਖਿਆ, ਸਿਹਤ ਅਤੇ ਅੱਗੇ ਵੱਧਣ ਲਈ ਬਰਾਬਰ ਮੌਕੇ ਮਿਲਣ ਨਾਲ ਸਮਾਜਵਾਦੀ ਸੋਚ ਦੀ ਸਾਰੀ ਦੁਨੀਆਂ ਅੰਦਰ ਚਰਚਾ ਸ਼ੁਰੂ ਹੋ ਗਈ। ਇਸ ਸੋਚ ਦਾ ਸਦਕਾ ਹੀ ਦੁਨੀਆ ਅੰਦਰ ਗੁਲਾਮ ਦੇਸ਼ਾਂ ਵੱਲੋ ਬਸਤੀਵਾਦੀ ਹਾਕਮਾਂ ਵਿਰੁਧ ਮੁਕਤੀ ਅੰਦੋਲਨ, ਕੌਮਾਂ ਦੀ ਆਜ਼ਾਦੀ, ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਮੰਗਾਂ, ਸੰਘਰਸ਼ ਅਤੇ ਅੰਦੋਲਨ ਥਾਂ-ਥਾਂ ਫੁਟ ਪਏ। ਬਹੁਤ ਸਾਰੇ ਗੁਲਾਮ ਦੇਸ਼ ਆਜ਼ਾਦ ਹੋਏ। ਪੂੰਜੀਵਾਦੀ ਪ੍ਰਬੰਧ ਵਾਲੇ ਹਾਕਮਾਂ ਵੱਲੋਂ ਆਪਣੇ ਦੇਸ਼ਾਂ ਅੰਦਰ ਕਿਰਤੀ-ਜਮਾਤ ਨੂੰ ਘੱਟੋ ਘੱਟ ਉਜਰਤਾਂ, ਕਿਰਤ ਕਨੂੰਨਾਂ ਦਾ ਹੋਂਦ ਵਿੱਚ ਆਉਣਾ, ਟਰੇਡ ਯੂਨੀਅਨ ਅਧਿਕਾਰ ਅਤੇ ਕਿਰਤੀ ਵਰਗ ਨੂੰ ਮਿਲ ਰਹੀਆਂ ਮਾੜੀਆਂ ਮੋਟੀਆਂ ਸਹੂਲਤਾਂ ਇਹ ਸਭ ਉਸ ਇਤਿਹਾਸਕ ਚਿਣਖ, ‘ਜੋ ਸਿ਼ਕਾਗੋ ‘ਚ ਫੁੱਟੀ ਅਤੇ ਸੋਵੀਅਤ ਯੂਨੀਅਨ ਵਿੱਚ ਭਾਂਬੜ ਬਣ ਕੇ ਮੱਚੀ ‘ਦਾ ਹੀ ਸਿੱਟਾ ਹੈ। ਸਮਾਜਵਾਦੀ-ਵਿਚਾਰਧਾਰਾ ਅਤੇ ਅਮਲ ਦੇ ਦੂਰ-ਰਸ ਪ੍ਰਭਾਵ ਅੱਜ ਵੀ ਹਰ ਪਾਸੇ ਵੇਖਣ ਨੂੰ ਮਿਲਦੇ ਹਨ। ਸੋਵੀਅਤ ਰੂਸ ਦੇ 1991 ਨੂੰ ਟੁੱਟਣ ਬਾਦ ਸੰਸਾਰ ਅੰਦਰ ਬਹੁ-ਧਰੁਵੀ ਆਰਥਿਕ ਪ੍ਰਨਾਲੀ ਦੇ ਕਮਜੋਰ ਹੋਣ ਨਾਲ, ‘ਅੱਜ ਪੂੰਜੀਵਾਦੀ ਰਾਜਸਤਾ ਅਧੀਨ ਸੰਸਾਰ ਵਰਤਾਰਾ ਬਿਨਾਂ ਕਿਸੇ ਡਰ-ਭੈਅ ਦੇ, ‘ਸਾਮਰਾਜੀ ਅਮਰੀਕਾ ਦੀ ਅਗਵਾਈ ਹੇਠ ਹਰ ਪਾਸੇ ਦਨ-ਦਨਾਅ ਰਿਹਾ ਹੈ। ਉਦਾਰਵਾਦੀ ਆਰਥਿਕ ਨੀਤੀਆ, ਵਿਤੀ ਪੂੰਜੀ ਫੰਡਜ਼, ਖੁਲ੍ਹੀ ਮੰਡੀ, ਆਊਟ ਸੋਰਸਿੰਗ, ਸੁਰੱਖਿਅਤਵਾਦ, ਕਟੌਤੀਆਂ, ਨਸਲਵਾਦ ਅਤੇ ਸਭ ਤੋਂ ਵਧ ਫੌਜੀ ਦਖਲ ਰਾਹੀਂ ਜਿਥੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਲੁੱਟ ਤੇਜ ਹੋ ਗਈ ਹੈ। ਉਥੇ ਸਭ ਤੋਂ ਵੱਧ ਖਤਰਾ ਵਾਤਾਵਰਨ ਅਤੇ ਸੰਸਾਰ ਅਮਨ ਨੂੰ ਹੋ ਗਿਆ ਹੈ। ਸਾਮਰਾਜ ਅਤੇ ਉਸ ਦੇ ਭਾਈਵਾਲਾਂ ‘‘ਨਾਟੋ-ਜੁਡਲੀ“ ਦੇ ਦੋਸ਼ਾਂ ਨੇ ਅੱਜ ਆਰਥਿਕ ਸੰਕਟ ਦਾ ਬੋਝ ਕਿਰਤੀ-ਜਮਾਤ ਤੇ ਪਾਉਣ ਲਈ, ‘ਇਸ ਲਈ ਇਕ ਨਵਾਂ ਰਾਹ ਲੱਭ ਲਿਆ ਹੈ। ਗਰੀਬ ਦੇਸ਼ ਅੰਦਰ ਅਸਥਿਰਤਾ ਪੈਦਾ ਕਰਕੇ ਹਥਿਆਰ ਵੇਚਣ ਲਈ ਜੰਗ ਲਾਉਣੀ ਅਤੇ ਇਸਲਾਮਿਕ ਫੋਬੀਆ ਜੋ ਖੁਦ ਅਮਰੀਕੀ ਸਾਮਰਾਜ ਦਾ ਬਗਲ-ਬੱਚਾ ਹੈ, ‘ਦਾ ਹਊਆਂ ਖੜਾ ਕਰਕੇ ਦੁਨੀਆਂ ਅੰਦਰ ਕਰੋੜਾਂ ਲੋਕਾਂ ਲਈ ਮੁਸੀਬਤਾਂ ਖੜੀਆ ਕਰਕੇ, ‘ਹਰ ਪਾਸੇ ਫੌਜੀ ਗੁੰਡਾਗਰਦੀ ਤੇਜ ਕਰ ਦਿੱਤੀ ਹੈ।

ਸਿ਼ਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆ, ‘ਪਹਿਲੀ ਮਈ ਦੇ ਇਤਿਹਾਸਕ ਦਿਹਾੜੇ ‘ਤੇ ਜਿਥੇ ਕਿਰਤੀ ਵਰਗ ਨੇ ਆਪਣੀਆਂ ਆਰਥਿਕ ਮੰਗਾਂ, ਬਿਹਤਰ ਜੀਵਨ ਲੋੜਾਂ ਦੀ ਪੂਰਤੀ ਲਈ ਹੋਰ ਸਹੂਲਤਾਂ ਦੀ ਮੰਗ ਕਰਨੀ ਹੈ, ਉਥੇ ਅੱਜ ਦੇ ਨਾਜ਼ੁਕ ਹਾਲਾਤਾਂ ਲਈ ਜਿੰਮੇਵਾਰ ਸਾਮਰਾਜੀ ਦਬਾਅ ਅਧੀਨ ਲਾਗੂ ਕੀਤੀਆਂ ਗਈਆਂ ਉਦਾਰਵਾਦੀ ਨੀਤੀਆਂ, ‘ਜੋ ਮਾਜੂਦਾ ਆਰਥਿਕ ਮੰਦਵਾੜੇ ਲਈ ਅਤੇ ਕਿਰਤੀ ਵਰਗ ਨੂੰ ਦਰਪੇਸ਼ ਬੇਰੁਜ਼ਗਾਰੀ, ਆਰਥਿਕ-ਨਾ-ਬਰਾਬਰੀ, ਮਹਿੰਗਾਈ ਅਤੇ ਕੰਗਾਲੀ ਦਾ ਮੁੱਖ ਕਾਰਨ ਹਨ, ‘ਨੂੰ ਸਮਝਣਾ ਪਏਗਾ। ਇਨ੍ਹਾਂ ਨੀਤੀਆਂ ਨੂੰ ਮੋੜਾ ਦੇਣ ਲਈ ਕਿਰਤੀ ਵਰਗ ਨੂੰ, ‘ਇਕ ਵਿਸ਼ਾਲ ਜਨਤਕ ਰੋਹ ਵਾਲਾ ਲਗਾਤਾਰਤਾ-ਪੱਖ ਤੋਂ ਸੰਘਰਸ਼ ਵਿੱਢ ਕੇ,‘ਰਾਜਨੀਤਕ-ਵਿਚਾਰਧਾਰਕ ਪੱਖ ਦੀ ਮਜਬੂਤੀ ਲਈ ਅੱਗੇ ਵੱਧਣ ਲਈ ਇਕ-ਜੁਟਤਾ ‘ਤੇ ਪੈਹਰਾ ਦਿੰਦੇ ਹੋਏ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁਧ ਦ੍ਰਿੜਤਾ ਨਾਲ ਸੰਘਰਸ਼ਾਂ ਦੀ ਲਾਮਬੰਦੀ ਜਾਰੀ ਰੱਖਣੀ ਚਾਹੀਦੀ ਹੈ। ਕਿਰਤੀ ਵਰਗ ਨੂੰ ਸੁਚੇਤ ਕਰਨ ਲਈ ਸਾਮਰਾਜ, ਕੱਟੜਵਾਦ, ਦਹਿਸ਼ਤਗਰਦੀ, ਫਿਰਕਾਪ੍ਰਸਤੀ ਅਤੇ ਉਦਾਰੀਵਾਦ ਪ੍ਰਤੀ ਕਦੀ ਵੀ ਢਿਲ-ਮੱਠ ਨਾ ਵਰਤਣ ਅਤੇ ਕਦੀ ਵੀ ਅਵੇਸਲੇ ਨਾ ਹੁੰਦੇ ਹੋਏ ਸਦਾ ਹੀ ਆਪਣੇ ਵਰਗ ਪ੍ਰਤੀ ਸੰਜੀਦਾ ਅਤੇ ਜਾਗਰੂਕ ਰਹਿਣ ਦਾ ਹਰ ਵੇਲੇ ਪਾਠ ਪੜ੍ਹਾਉਂਦੇ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਇਕ ਸਚਾਈ ਹੈ, ‘ਕਿ ਸਾਮਰਾਜ ਅਤੇ ਪੂੰਜੀਵਾਦ ਕਦੀ ਵੀ ਮਨੁੱਖਤਾ ਪ੍ਰਤੀ ਹਮਦਰਦ ਨਹੀਂ ਹੋ ਸਕਦਾ ? ਇਸ ਦਾ ਮੁਨਾਫੇ ਲਈ ਕਰੂਰ ਦਿਲ, ਲੁੱਟ-ਖਸੁੱਟ ਵਾਲੀ ਮਾਨਸਿਕਤਾ ਅਤੇ ਅਣ-ਮਨੁੱਖੀ ਵਰਤਾਰਾ ਕਦੀ ਵੀ ਬਦਲਿਆ ਨਹੀਂ ਜਾ ਸਕਦਾ ? ਇਸ ਦਾ ਇਕੋ ਇਕ ਇਲਾਜ ਲੁੱਟ-ਰਹਿਤ ਸਮਾਜ ਦੀ ਸਿਰਜਣਾ ਕਰਕੇ ਕਿਰਤੀ ਵਰਗ ਨੂੰ ਮੁਕਤੀ ਮਿਲ ਸਕਦੀ ਹੈ।ਮਿਲ ਮਾਲਕ ਜਾਂ ਪੂੰਜੀਪਤੀ ਕਿਰਤੀ ਦਾ ਅੰਨਦਾਤਾ ਨਹੀਂ ਅਤੇ ਨਾ ਹੀ ਇਹ ਕਿਰਤੀ ਨੂੰ ਰੁਜ਼ਗਾਰ ਦਿੰਦਾ ਹੈ। ਸਗੋਂ ਇਹ ਆਪਣੀ ਪੂੰਜੀ ਦੇ ਵਾਧੇ ਲਈ ਕਿਰਤੀ-ਵਰਗ ਦੀ ਕਿਰਤ ਦੀ ਲੁੱਟ ਕਰਦਾ ਹੈ।

ਅੱਜ ਦੇ ਇਸ ਇਤਿਹਾਸਕ ਦਿਵਸ ‘ਤੇ, ਸਰਬਹਾਰੇ ਦੇ ਇਸ ਮਹਾਨ ਟੀਚੇ,‘‘ਕਿਰਤੀ ਵਰਗ ਦੀ ਮੁਕਤੀ“ ਲਈ ਅੱਗੇ ਵੱਧਣ ਲਈ ਦਰੁਸਤ ਮਾਰਕਸਵਾਦੀ ਲੈਨਿਨਵਾਦੀ ਸੋਚ ਵਾਲੀ ਇਨਕਲਾਬੀ ਪਾਰਟੀ ਨੂੰ ਪਹਿਚਾਣਕੇ, ‘ਆਪੋ ਆਪਣੇ ਦੇਸ਼ਾਂ ਅੰਦਰ, ‘ਇਸ ਇਤਿਹਾਸਕ ਮਿਸ਼ਨ ਦੀ ਸਫਲਤਾ ਲਈ ਉਸ ਦੇ ਭਾਈਵਾਲ ਬਣਕੇ, ‘ਬਣਦਾ ਯੋਗਦਾਨ ਪਾਈਏ। ਇਹ ਇਤਿਹਾਸਕ ਮਿਸ਼ਨ ਹੀ, ‘ਮਨੁੱਖਤਾ ਦੇ ਭਲੇ ਤੋਂ ਸ਼ੁਰੂ ਹੋ ਕੇ, ਕਿਰਤੀ-ਜਮਾਤ ਦੀ ਮੁਕਤੀ ਅਤੇ ਸੰਸਾਰ ਅਮਨ ਲਈ ਰਾਹ ਖੋਲ੍ਹਦਾ ਹੈ। ਪਹਿਲੀ ਮਈ-1886 ਨੂੰ ਸ਼ਿਕਾਗੋ ਦੇ ਮਹਾਨ ਕਿਰਤੀਆਂ ਨੇ ਆਪਣਾ ਖੂਨ ਡੋਲ ਕੇ ਦੁਨੀਆ ਭਰ ਦੇ ਕਿਰਤੀਆਂ ਨੂੰ ‘‘ਸੂਹਾ ਲਾਲ ਫਲੇਰਾ“ ਜੋ ਹੱਕਾਂ ਲਈ ਸੰਘਰਸ਼ ਕਰਨ ਦਾ ਇਕ ਪ੍ਰਤੀਕ ਸਾਨੂੰ ਦਿੱਤਾ ਹੋਇਆ ਹੈ। ਆਓ ! ਇਸ ਨੂੰ ਹੋਰ ਸੂਹਾ ਬਣਾਉਣ ਲਈ ਹਰ ਤਰ੍ਹਾਂ ਦੇ ਸੋਸ਼ਣ ਅਤੇ ਅਨਿਆਏ ਵਿਰੁਧ ਆਪੋ-ਆਪਣੇ ਮੋਰਚਿਆ ‘ਚ ਸੰਘਰਸ਼ਸ਼ੀਲ ਹੋਣ ਲਈ ਸੰਕਲਪ ਕਰੀਏ ! ਜੋ ਕੁਝ ਕਿਰਤੀ-ਜਮਾਤ ਨੇ ਪ੍ਰਾਪਤ ਕੀਤਾ ਹੈ, ‘ਇਹ ਮਈ ਦਿਵਸ ਦੀ ਵਿਰਾਸਤ ਦਾ ਹੀ ਸਿਟਾ ਹੈ, ਕਿਸੇ ਮਾਲਕ, ਪੂੰਜੀਪਤੀ ਜਾਂ ਹਾਕਮਾਂ ਵੱਲੋ ਮਿਲਿਆ ਦਾਨ ਨਹੀਂ ਹੈ ! ਅੱਜ ਨਹੀਂ ਤਾਂ ਕਲ ! ਭਵਿਖ ਕਿਰਤੀ-ਵਰਗ ਦਾ ਹੀ ਹੋਵੇਗਾ ਸਾਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ !

ਸਿ਼ਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ !
ਆਓ ! ਸਾਰੇ ਮਿਲਕੇ ਕੋਵਿਡ-19 ਮਹਾਂਮਾਰੀ ਦਾ ਭਾਈਚਾਰਕ ਤੌਰ ‘ਤੇ ਮੁਕਾਬਲਾ ਕਰੀਏ।

91-9217997445 ਜਗਦੀਸ਼ ਸਿੰਘ ਚੋਹਕਾ
001-403-285-4208 ਕੈਲਗਰੀ (ਕੈਨੇਡਾ)
Email – [email protected]

Previous articleLow-key celebrations on TRS’ 20th foundation day
Next articleਕਹਾਣੀਕਾਰ ਪ੍ਰੇਮ ਗੋਰਖੀ ਦੇ ਗਏ ਸਦੀਵੀ ਵਿਛੋੜਾ