ਹਾਥਰਸ (ਯੂਪੀ) (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਸਮੂਹਿਕ ਜਬਰ-ਜਨਾਹ ਦਾ ਸ਼ਿਕਾਰ ਹੋਈ 19 ਸਾਲਾ ਦਲਿਤ ਮਹਿਲਾ, ਜਿਸ ਦੀ ਮੰਗਲਵਾਰ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ, ਦਾ ਬੁੱਧਵਾਰ ਨੂੰ ਵੱਡੇ ਤੜਕੇ ਸਸਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਮੁਕਾਮੀ ਪੁਲੀਸ ਉੱਤੇ ਅੱਧੀ ਰਾਤ ਨੂੰ ਅੰਤਿਮ ਰਸਮਾਂ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ।
ਪੁਲੀਸ ਅਧਿਕਾਰੀਆਂ ਨੇ ਹਾਲਾਂਕਿ ਸਭ ਕੁਝ ‘ਪਰਿਵਾਰ ਦੀਆਂ ਇੱਛਾਵਾਂ’ ਮੁਤਾਬਕ ਹੀ ਕਰਨ ਦਾ ਦਾਅਵਾ ਕੀਤਾ ਹੈ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ ਵਿੱਚ 14 ਸਤੰਬਰ ਨੂੰ ਚਾਰ ਵਿਅਕਤੀਆਂ ਨੇ ਦਲਿਤ ਮਹਿਲਾ ਨਾਲ ਸਮੂਹਿਕ ਜਬਰ-ਜਨਾਹ ਕੀਤਾ ਸੀ।
ਮਹਿਲਾ ਨੂੰ ਪਹਿਲਾਂ ਏਐੈੱਮਯੂ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਸੀ, ਪਰ ਹਾਲਤ ਵਿਗੜਨ ਮਗਰੋਂ ਉਸ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਤਬਦੀਲ ਕਰ ਦਿੱਤਾ ਗਿਆ, ਜਿੱਥੇ ਮੰਗਲਵਾਰ ਨੂੰ ਊਸ ਨੇ ਆਖਰੀ ਸਾਹ ਲਏ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਫ਼ਦਰਜੰਗ ਹਸਪਤਾਲ ਤੋਂ ਮੰਗਲਵਾਰ ਰਾਤ ਨੂੰ ਮਹਿਲਾ ਦੀ ਲਾਸ਼ ਲੈ ਕੇ ਪਿੰਡ ਲਈ ਰਵਾਨਾ ਹੋ ਗਿਆ ਸੀ। ਪੀੜਤ ਪਰਿਵਾਰ ਦੇ ਇਕ ਜੀਅ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਪੁਲੀਸ ਉਨ੍ਹਾਂ ਤੋਂ ਪਹਿਲਾਂ ਹੀ ਲਾਸ਼ ਲੈ ਕੇ ਹਾਥਰਸ ਪਹੁੰਚ ਗਈ।
ਪੀੜਤ ਮਹਿਲਾ ਦੇ ਪਿਤਾ ਨੇ ਇਸ ਖ਼ਬਰ ਏਜੰਸੀ ਨੂੰ ਅੱਜ ਸਵੇਰੇ ਦੱਸਿਆ, ‘ਲਗਪਗ ਢਾਈ ਤਿੰਨ ਵਜੇ ਦੇ ਕਰੀਬ ਸਸਕਾਰ ਕੀਤਾ ਗਿਆ।’ ਪੀਤੜਾ ਦੇ ਭਰਾ ਨੇ ਦੱਸਿਆ, ‘ਪੁਲੀਸ ਸਸਕਾਰ ਲਈ ਜਬਰਦਸਤੀ ਮ੍ਰਿਤਕ ਦੇਹ ਅਤੇ ਮੇਰੇ ਪਿਤਾ ਨੂੰ ਲੈ ਗਈ। ਮੇਰੇ ਪਿਤਾ ਹਾਥਰਸ ਪਹੁੰਚੇ ਤਾਂ ਪੁਲੀਸ ਉਨ੍ਹਾਂ ਨੂੰ ਫੌਰੀ ਆਪਣੇ ਨਾਲ (ਸਸਕਾਰ ਲਈ) ਲੈ ਗਈ।’ ਇਸ ਦੌਰਾਨ ਇਕ ਹੋਰ ਰਿਸ਼ਤੇਦਾਰ ਨੇ ਕਿਹਾ ਕਿ ਪੀੜਤ ਮਹਿਲਾ ਦੇ ਪਿਤਾ ਨਾਲ 30 ਤੋਂ 40 ਵਿਅਕਤੀ ਸਨ, ਇਨ੍ਹਾਂ ਵਿੱਚੋਂ ਬਹੁਤੇ ਰਿਸ਼ਤੇਦਾਰ ਤੇ ਆਂਢ ਗੁਆਂਢ ਦੇ ਲੋਕ ਸਨ। ਸਸਕਾਰ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਵਿੱਚ ਚਾਂਦਪਾ ਪੁਲੀਸ ਸਟੇਸ਼ਨ ਅਧੀਨ ਆਊਂਦੇ ਬੂਲ ਗੜੀ ਪਿੰਡ ਨਜ਼ਦੀਕ ਕੀਤਾ ਗਿਆ।
ਸਸਕਾਰ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲੀਸ ਮੁਲਾਜ਼ਮ ਹਜੂਮ ਨੂੰ ਕਾਬੂ ਕਰਨ ਲਈ ਪੂਰੀ ਤਿਆਰੀ ਨਾਲ ਲੈਸ ਸਨ। ਸਸਕਾਰ ਮੌਕੇ ਘਰ ਵਿੱਚ ਹੀ ਮੌਜੂਦ ਪੀੜਤਾ ਦੀ ਇਕ ਰਿਸ਼ਤੇਦਾਰ ਨੇ ਕਿਹਾ ਕਿ ਸਾਰਾ ਕੁਝ ਇਸ ਕੇਸ ਨੂੰ ਰਫ਼ਾ ਦਫ਼ਾ ਕਰਨ ਲਈ ਕੀਤਾ ਜਾ ਰਿਹੈ। ਉਧਰ ਸੰਪਰਕ ਕਰਨ ’ਤੇ ਹਾਥਰਸ ਦੇ ਐੱਸਪੀ ਵਿਕਰਾਂਤ ਵੀਰ ਨੇ ਇਸ ਖ਼ਬਰ ਏਜੰਸੀ ਨੂੰ ਭੇਜੇ ਟੈਕਸਟ ਸੁਨੇਹੇ ’ਚ ਕਿਹਾ, ‘ਇਹ ਸਾਰੀ ਕਾਰਵਾਈ ਪਰਿਵਾਰ ਦੀ ਇੱਛਾ ਮੁਤਾਬਕ ਹੀ ਕੀਤੀ ਗਈ ਹੈ।’ ਇਸ ਦੌਰਾਨ ਬੂਲ ਗੜੀ ਪਿੰਡ ਦੇ ਮੁਕਾਮੀ ਲੋਕ ਅੱਜ ਸਵੇਰੇ 12 ਵਜੇ ਦੇ ਕਰੀਬ ਸੜਕਾਂ ’ਤੇ ਨਿਕਲ ਆਏ।
ਇਨ੍ਹਾਂ ਵਿੱਚੋਂ ਕੁਝ ਨੇ ਮੁਕਾਮੀ ਚਾਂਦਪਾ ਪੁਲੀਸ ਸਟੇਸ਼ਨ ਨੇੜੇ ਜਦੋਂਕਿ ਬਾਕੀਆਂ ਨੇ ਹਾਥਰਸ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਕ ਟਵੀਟ ’ਚ ਕਿਹਾ, ‘ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਪੀੜਤਾ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਨਾ ਦੇਣਾ ਅਤੇ ਉਨ੍ਹਾਂ ਦੀ ਸਹਿਮਤੀ ਤੇ ਮੌਜੂਦਗੀ ਤੋਂ ਬਿਨਾਂ ਅੱਧੀ ਰਾਤ ਨੂੰ ਸਸਕਾਰ ਕਰਨਾ ਸ਼ੰਕੇ ਖੜ੍ਹੇ ਕਰਦਾ ਹੈ।’
ਬਸਪਾ ਮੁਖੀ ਨੇ ਮਗਰੋਂ ਇਕ ਹੋਰ ਟਵੀਟ ’ਚ ਕਿਹਾ ਕਿ ਚੰਗਾ ਹੁੰਦਾ ਜੇਕਰ ਸੁਪਰੀਮ ਕੋਰਟ ਇਸ ਗੰਭੀਰ ਕੇਸ ਦਾ ਖੁ਼ਦ ਨੋਟਿਸ ਲੈਂਦਿਆਂ ਵਾਜਬ ਕਾਰਵਾਈ ਲਈ ਆਖਦੀ। ਉਧਰ ਸਮਾਜਵਾਦੀ ਆਗੂ ਅਖਿਲੇਸ਼ ਯਾਦਵ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਇਸ ਦੌਰਾਨ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਹਾਥਰਸ ਘਟਨਾ ਨੂੰ ‘ਮੰਦਭਾਗੀ ਤੇ ਸਦਮੇ’ ਵਾਲੀ ਦੱਸਦਿਆਂ ਦਲਿਤ ਆਗੂਆਂ ਦੀ ‘ਚੁੱਪੀ’ ’ਤੇ ਉਜਰ ਜਤਾਇਆ ਹੈ। ਰਾਊਤ ਨੇ ਕਿਹਾ ਕਿ ਕੀ ਨਿਆਂ ਸਿਰਫ਼ ਉੱਘੀ ਹਸਤੀ ਜਾਂ ਅਭਿਨੇਤਰੀ ਲਈ ਹੀ ਮੰਗਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿੱਥੇ ਹੈ ਉਹ ਮੀਡੀਆ ਜਿਹੜਾ ਘਰ ਦੀ ਛੱਤ ਢਾਹੁਣ ਉੱਤੇ ਇਕ ਅਭਿਨੇਤਰੀ ਲਈ ਨਿਆਂ ਮੰਗ ਰਿਹਾ ਸੀ।