ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਤੇੜਾ ਖੁਰਦ ਵਿੱਚੋਂ ਬੀਤੀ 16 ਜੂਨ ਦੀ ਰਾਤ ਨੂੰ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਪਰਿਵਾਰ ਦੇ ਚਾਰ ਜੀਆਂ ਵਿੱਚੋਂ ਇੱਕ ਦੀ ਲਾਸ਼ ਅੱਜ ਨਹਿਰ ਵਿੱਚੋਂ ਮਿਲ ਗਈ ਹੈ।ਜਾਣਕਾਰੀ ਅਨੁਸਾਰ ਪਿੰਡ ਸੈਂਸਰਾ ਕਲਾਂ ਦੇ ਖੇਤਾਂ ਵਿਚ ਲਾਹੌਰ ਬ੍ਰਾਂਚ ਨਹਿਰ ਨੇੜੇ ਝੋਨਾ ਲਾ ਰਹੇ ਮਜ਼ਦੂਰਾਂ ਨੇ ਨਹਿਰ ਵਿੱਚ ਬੋਰੀ ਵਿੱਚ ਬੰਨ੍ਹੀ ਹੋਈ ਲਾਸ਼ ਤੈਰਦੀ ਵੇਖੀ। ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੀ ਪੁਲੀਸ ਨੇ ਲਾਸ਼ ਬਾਹਰ ਕਢਵਾਈ ਅਤੇ ਸ਼ਨਾਖਤ ਲਈ ਨਹਿਰ ਕੰਢੇ ਰੱਖ ਦਿੱਤੀ। ਮੌਕੇ ’ਤੇ ਪੁੱਜੇ ਪਿੰਡ ਤੇੜਾ ਖੁਰਦ ਦੇ ਕੁਝ ਲੋਕਾਂ ਨੇ ਲਾਸ਼ ਦੀ ਸ਼ਨਾਖਤ ਦਵਿੰਦਰ ਕੌਰ ਪਤਨੀ ਹਰਵੰਤ ਸਿੰਘ ਉਰਫ਼ ਕਾਲਾ ਵਜੋਂ ਕੀਤੀ ਹੈ। ਇਹ ਔਰਤ ਲਾਪਤਾ ਹੋਏ ਇੱਕੋ ਪਰਿਵਾਰ ਦੇ ਚਾਰ ਜੀਆਂ ਵਿੱਚੋਂ ਇੱਕ ਸੀ। ਪੁਲੀਸ ਨੂੰ ਖ਼ਦਸ਼ਾ ਹੈ ਕਿ ਇਹ ਕਾਰਾ ਮ੍ਰਿਤਕ ਔਰਤ ਦੇ ਪਤੀ ਵਲੋਂ ਕੀਤਾ ਹੋ ਸਕਦਾ ਹੈ ਕਿਉਂਕਿ ਉਹ ਉਸੇ ਦਿਨ ਤੋਂ ਫਰਾਰ ਹੈ। ਪੁਲੀਸ ਨੇ ਦਵਿੰਦਰ ਕੌਰ ਨਾਲ ਲਾਪਤਾ ਹੋਏ ਉਸ ਦੇ ਤਿੰਨ ਬੱਚਿਆਂ ਸ਼ਰਨਜੀਤ ਕੌਰ, ਉਂਕਾਰ ਸਿੰਘ ਤੇ ਲਵਰੂਪ ਸਿੰਘ ਦੀ ਵੀ ਨਹਿਰ ਵਿੱਚ ਭਾਲ ਕੀਤੀ ਪਰ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਐੱਸ.ਪੀ. (ਡੀ) ਹਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬੀਤੇ ਕੱਲ੍ਹ ਧਾਰਾ 356 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਇਸ ਕੇਸ ਵਿੱਚ ਵਾਧਾ ਕਰਦਿਆਂ ਧਾਰਾ 302 ਲਾ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਪ੍ਰਸ਼ਾਸਨ ਤੇ ਇਲਾਕੇ ਦੇ ਲੋਕ ਹਾਜ਼ਰ ਸਨ।
INDIA ਪਰਿਵਾਰ ਦੇ ਲਾਪਤਾ ਹੋਏ ਚਾਰ ਜੀਆਂ ਵਿੱਚੋਂ ਇੱਕ ਦੀ ਲਾਸ਼ ਮਿਲੀ