ਪਰਿਵਾਰ ਖੁਦਕੁਸ਼ੀ ਮਾਮਲਾ: ਸਾਬਕਾ ਡੀਆਈਜੀ ਸਣੇ ਪੰਜ ਜਣਿਆਂ ਨੂੰ ਅੱਠ-ਅੱਠ ਸਾਲ ਦੀ ਕੈਦ

ਅੰਮ੍ਰਿਤਸਰ- ਸਾਲ 2004 ਵਿੱਚ ਪਰਿਵਾਰ ਦੇ ਪੰਜ ਜੀਆਂ ਵਲੋਂ ਖੁਦਕੁਸ਼ੀ ਕਰਨ ਦੀ ਵਾਪਰੀ ਘਟਨਾ ਦੇ ਮਾਮਲੇ ਵਿਚ ਅੱਜ ਸਥਾਨਕ ਅਦਾਲਤ ਨੇ ਪੰਜਾਬ ਪੁਲੀਸ ਦੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਸਮੇਤ ਪੰਜ ਜਣਿਆਂ ਨੂੰ ਅੱਠ ਸਾਲ ਦੀ ਕੈਦ ਅਤੇ ਇਕ ਮੌਜੂਦਾ ਡੀਐੱਸਪੀ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅੱਠ ਸਾਲ ਦੀ ਕੈਦ ਭੁਗਤਣ ਵਾਲਿਆਂ ਨੂੰ 23-23 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ, ਜਿਸ ਦਾ ਭੁਗਤਾਨ ਨਾ ਹੋਣ ਦੀ ਸੂਰਤ ਵਿਚ ਇਕ ਸਾਲ ਹੋਰ ਕੈਦ ਕੱਟਣੀ ਪਵੇਗੀ।
ਸਾਬਕਾ ਡੀਆਈਜੀ ਕੁਲਤਾਰ ਸਿੰਘ ਤੋਂ ਇਲਾਵਾ ਸਬਰੀਨ ਕੌਰ, ਮਹਿੰਦਰ ਸਿੰਘ, ਪਰਮਿੰਦਰ ਕੌਰ ਤੇ ਪਲਵਿੰਦਰ ਪਾਲ ਸਿੰਘ ਨੂੰ ਅੱਠ-ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰਮਿੰਦਰ ਕੌਰ ਖੁਦਕੁਸ਼ੀ ਕਰਨ ਵਾਲੇ ਹਰਦੀਪ ਸਿੰਘ ਦੀ ਭੈਣ ਹੈ। ਮੌਜੂਦਾ ਡੀਐੱਸਪੀ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਇਸ ਵੇਲੇ ਜ਼ਿਲ੍ਹਾ ਤਰਨ ਤਾਰਨ ਵਿਚ ਤਾਇਨਾਤ ਹੈ। ਇਹ ਸਜ਼ਾ ਅੱਜ ਇੱਥੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸੁਣਾਈ ਗਈ। ਦੋ ਦਿਨ ਪਹਿਲਾਂ ਇਸੇ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ।
ਦੱਸਣਯੋਗ ਹੈ ਕਿ 30-31 ਅਕਤੂਬਰ 2004 ਦੀ ਰਾਤ ਨੂੰ ਸ਼ਹਿਰ ਦੇ ਚਾਟੀਵਿੰਡ ਇਲਾਕੇ ਦੇ ਚੌਕ ਮੋਨੀ ਸਥਿਤ ਇਕ ਘਰ ਵਿਚ ਰਹਿੰਦੇ ਹਰਦੀਪ ਸਿੰਘ, ਉਸ ਦੀ ਪਤਨੀ ਰੋਮੀ, ਦੋ ਛੋਟੇ ਬੱਚੇ ਇਸ਼ਮੀਤ ਤੇ ਸਨਮੀਤ ਸਮੇਤ ਹਰਦੀਪ ਦੀ ਮਾਂ ਜਸਵੰਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਇਨ੍ਹਾਂ ਨੇ ਘਰ ਦੀਆਂ ਕੰਧਾਂ ’ਤੇ ਖੁਦਕੁਸ਼ੀ ਨੋਟ ਲਿਖਿਆ ਸੀ, ਜਿਸ ਵਿਚ ਇਨ੍ਹਾਂ ਨੇ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ’ਤੇ ਜਬਰੀ ਪੈਸੇ ਵਸੂਲਣ, ਡਰਾਉਣ-ਧਮਕਾਉਣ, ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਕੰਧ ’ਤੇ ਇਹ ਵੀ ਲਿਖਿਆ ਸੀ ਕਿ ਦੋਸ਼ੀਆਂ ਵਿਚੋਂ ਇਕ ਉਸ ਨੂੰ ਆਪਣੇ ਪਿਤਾ ਦਾ ਕਾਤਲ ਦੱਸਦਾ ਹੈ ਅਤੇ ਆਪਣੇ-ਆਪ ਨੂੰ ਮੌਕੇ ਦਾ ਗਵਾਹ ਦੱਸ ਕੇ ਉਸ ਨੇ ਉਸ ਕੋਲੋਂ ਸਾਢੇ ਸੱਤ ਲੱਖ ਰੁਪਏ ਵਸੂਲੇ ਸਨ। ਜਦੋਂ ਉਹ ਹੋਰ ਤਿੰਨ ਲੱਖ ਰੁਪਏ ਦੇਣ ਵਿਚ ਅਸਫਲ ਰਿਹਾ ਤਾਂ ਉਸ ਨੇ ਇਸ ਬਾਰੇ ਪੁਲੀਸ ਨੂੰ ਦੱਸ ਦਿੱਤਾ। ਹਰਦੀਪ ਨੇ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀਆਂ ਨੇ ਵੀ ਉਸ ਨੂੰ ਡਰਾ-ਧਮਕਾ ਕੇ ਉਸ ਦਾ ਸ਼ੋਸ਼ਣ ਕੀਤਾ ਅਤੇ ਪੰਜ ਲੱਖ ਰੁਪਏ ਲੈ ਲਏ ਜਦੋਂਕਿ ਉਸ ਦੇ ਪਿਤਾ ਦੀ ਮੌਤ ਅਚਨਚੇਤੀ ਵਾਪਰੇ ਹਾਦਸੇ ਵਿਚ ਹੋਈ ਸੀ।

ਸਖ਼ਤ ਸਜ਼ਾ ਲਈ ਹਾਈ ਕੋਰਟ ’ਚ ਕੀਤੀ ਜਾਵੇਗੀ ਅਪੀਲ
ਕੇਸ ਦੀ ਪੈਰਵੀ ਕਰ ਰਹੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਵੇਰਕਾ ਨੇ ਆਖਿਆ ਕਿ ਅਦਾਲਤ ਵਲੋਂ ਇਨ੍ਹਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਤਾਂ ਜੋ ਕੋਈ ਹੋਰ ਅਜਿਹਾ ਘਿਣਾਉਣਾ ਅਪਰਾਧ ਕਰਨ ਦੀ ਜੁਰਅਤ ਨਾ ਕਰੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਹਾਈ ਕੋਰਟ ਵਿਚ ਸਖ਼ਤ ਸਜ਼ਾ ਦਿੱਤੇ ਜਾਣ ਲਈ ਅਪੀਲ ਦਾਇਰ ਕਰਨਗੇ।

Previous articleਸ਼ਾਹੀਨ ਬਾਗ਼: ਧਰਨਾਕਾਰੀਆਂ ਨੂੰ ਮਿਲੇ ਵਾਰਤਾਕਾਰ
Next articleਟਰੰਪ ਦੇ ਦੌਰੇ ਦੌਰਾਨ ਵਪਾਰ ਸਮਝੌਤੇ ਦੇ ਆਸਾਰ ਮੱਧਮ