ਨਵੀਂ ਦਿੱਲੀ, (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਰਿਵਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਸਿਆਸੀ ਪਾਰਟੀਆਂ ਭਾਰਤੀ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹਨ। ਪ੍ਰਧਾਨ ਮੰਤਰੀ ਨੇ ਕਿਹਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਕਿ ਇਕ ਕੌਮੀ ਪਾਰਟੀ ਵੀ ਇਸ ਵਰਤਾਰੇ ਦਾ ਸ਼ਿਕਾਰ ਹੋ ਗਈ ਹੈ। ਭਾਜਪਾ ਦੀ ਬਿਹਾਰ ਵਿਧਾਨ ਸਭਾ ਤੇ ਜ਼ਿਮਨੀ ਚੋਣਾਂ ਵਿਚ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਜਿੱਤ ਦਾ ਰਾਜ਼ ‘ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ ਹੈ।’ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਜਿੱਤ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਲੋਕ ਹੁਣ ਸਿਰਫ਼ ਉਨ੍ਹਾਂ ਦਾ ਸਾਥ ਦੇਣਗੇ ਜੋ ਵਿਕਾਸ ਲਈ ਈਮਾਨਦਾਰੀ ਨਾਲ ਕੰਮ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ 21ਵੀਂ ਸਦੀ ਦੀ ਕੌਮੀ ਸਿਆਸਤ ਸਿਰਫ਼ ਵਿਕਾਸ ਦੇ ਮੁੱਦੇ ਉਤੇ ਹੋਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਜਿਹੜੇ ਭਾਜਪਾ ਨਾਲ ਲੋਕਤੰਤਰਕ ਤਰੀਕੇ ਨਾਲ ਨਹੀਂ ਲੜ ਸਕਦੇ, ਉਹ ਪਾਰਟੀ ਵਰਕਰਾਂ ਦੀ ਹੱਤਿਆ ਕਰਨ ਉਤੇ ਉਤਾਰੂ ਹਨ। ਉਨ੍ਹਾਂ ਕਿਹਾ ਕਿ ਇਹ ਖੇਡ ਲੋਕਤੰਤਰ ਵਿਚ ਨਹੀਂ ਚੱਲੇਗੀ। ਭਾਜਪਾ ਵਿਚ ਭਰੋਸਾ ਪ੍ਰਗਟ ਕਰਨ ਲਈ ਮੁਲਕ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਚੋਣ ਕਮਿਸ਼ਨ ਦਾ ਵੀ ਧੰਨਵਾਦ ਕੀਤਾ ਤੇ ਸਿਫ਼ਤ ਕੀਤੀ। ਉਨ੍ਹਾਂ ਸੁਰੱਖਿਆ ਬਲਾਂ ਤੇ ਪ੍ਰਸ਼ਾਸਨ ਦਾ ਸ਼ਾਂਤੀਪੂਰਨ ਤੇ ਸਫ਼ਲ ਚੋਣ ਪ੍ਰਕਿਰਿਆ ਵਿਚ ਯੋਗਦਾਨ ਦੇਣ ਲਈ ਧੰਨਵਾਦ ਕੀਤਾ।
ਮੋਦੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਦਾਇਰਾ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਕੋ-ਇਕ ਪਾਰਟੀ ਹੈ ਜਿਸ ਵਿਚ ਗਰੀਬ, ਦਲਿਤ, ਪੱਛੜਾ ਵਰਗ ਆਪਣੀ ਨੁਮਾਇੰਦਗੀ ਦੇਖਦਾ ਹੈ। ਸਿਰਫ਼ ਭਾਜਪਾ ਸਮਾਜ ਦੇ ਹਰ ਵਰਗ, ਹਰ ਖਿੱਤੇ ਦੀ ਲੋੜ ਸਮਝਦੀ ਹੈ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਨੇ ਕੋਵਿਡ-19 ਬਾਰੇ ਸਰਕਾਰ ਦੀ ਰਣਨੀਤੀ ਨੂੰ ਸਹੀ ਠਹਿਰਾ ਦਿੱਤਾ ਹੈ। ਮੋਦੀ ਨੇ ਕਿਹਾ ਕਿ ਔਰਤਾਂ ਪੂਰੇ ਮੁਲਕ ਵਿਚ ‘ਚੁੱਪ-ਚੁਪੀਤੇ’ ਭਾਜਪਾ ਨੂੰ ਵੋਟ ਪਾ ਰਹੀਆਂ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਵੀ ਕੋਵਿਡ ਬਾਰੇ ਮੋਦੀ ਦੀ ਰਣਨੀਤੀ ਉਤੇ ਮੋਹਰ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਨੇ ‘ਗੁੰਡਾ ਰਾਜ’ ਦੀ ਥਾਂ ‘ਵਿਕਾਸ ਰਾਜ’ ਚੁਣਿਆ ਹੈ।