(ਸਮਾਜ ਵੀਕਲੀ)
ਕੁਲਵੰਤ ਖਨੌਰੀ ਮੈਨੂੰ ਪਹਿਲੀ ਵਾਰ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਇੱਕ ਪ੍ਰੋਗਰਾਮ ਵਿੱਚ ਮਿਲਿਆ। ਉਸਦੀ ਬੇਹੱਦ ਖੂਬਸੂਰਤ ਲੇਖਣੀ ਅਤੇ ਬੁਲੰਦ ਅਵਾਜ਼ ਅਤੇ ਪੇਸ਼ਕਾਰੀ ਨੇ ਮੈਨੂੰ ਹਮੇਸ਼ਾ ਲਈ ਕਾਇਲ ਕਰ ਲਿਆ। ਪ੍ਰੋਗਰਾਮ ਤੋਂ ਬਾਅਦ ਮੈਂ ਉਸ ਨੂੰ ਮਿਲੇ ਬਿਨਾਂ ਨਾ ਰਹਿ ਸਕਿਆ। ਮੈਂ ਚਾਹ-ਪਾਣੀ ਪਿਲਾਉਣ ਦੇ ਬਹਾਨੇ ਉਸ ਨਾਲ਼ ਕੁਝ ਗੱਲਾਂ ਕਰਨ ਦੇ ਇਰਾਦੇ ਨਾਲ਼ ਉਸਨੂੰ ਨੇੜੇ ਹੀ ਇੱਕ ਛੋਟੀ ਜਿਹੀ ਹਲਵਾਈ ਦੀ ਦੁਕਾਨ ਤੇ ਲੈ ਗਿਆ। ਉੱਥੇ ਉਸ ਨਾਲ਼ ਖੁੱਲ੍ਹ ਕੇ ਗੱਲਾਂ ਕੀਤੀਆਂ। ਪੇਸ਼ ਹਨ ਉਸ ਨਾਲ਼ ਹੋਏ ਸਵਾਲ-ਜਵਾਬ ਦੇ ਕੁਝ ਅੰਸ਼:-
ਖਨੌਰੀ ਸਾਹਿਬ ਸਭ ਤੋਂ ਪਹਿਲਾਂ ਆਪਣੇ ਜਨਮ ਅਤੇ ਪੜ੍ਹਾਈ ਬਾਰੇ ਚਾਨਣਾ ਪਾਉ।
ਸਭ ਤੋਂ ਪਹਿਲਾਂ ਸਤਿਕਾਰਯੋਗ ਪਾਠਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਜੀ। ਮੇਰਾ ਜਨਮ ਤਾਂ ਪਟਿਆਲੇ ਦੀ ਬੁੱਕਲ ਵਿੱਚ ਆ ਚੁੱਕੇ ਪਿੰਡ ਲਚਕਾਣੀ ਵਿਖੇ ਮਾਤਾ ਗੁਰਨਾਮ ਕੌਰ ਦੀ ਕੁੱਖੋਂ 2 ਫਰਵਰੀ 1975 ਵਿੱਚ ਪਿਤਾ ਸ: ਨਿਰਮਲ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ ਪਰ ਮੇਰਾ ਪਾਲਣ-ਪੋਸਣ ਖਨੌਰੀ ਮੰਡੀ ਤਹਿਸੀਲ ਮੂਣਕ ਜ਼ਿਲਾ ਸੰਗਰੂਰ ਵਿਖੇ ਹੋਇਆ। ਉੱਥੇ ਹੀ ਮੇਰਾ ਬਚਪਨ ਬੀਤਿਆ। ਪਹਿਲੀ ਤੋਂ ਬਾਰਵੀਂ ਤੱਕ ਦੀ ਪੜ੍ਹਾਈ ਵੀ ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਮੰਡੀ ਤੋਂ ਕੀਤੀ। ਫਿਰ ਅਗਲੇਰੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੂਰੀ ਕੀਤੀ।
ਸਾਹਿਤ ਲਿਖਣ ਅਤੇ ਗਾਉਣ ਦਾ ਸ਼ੌਕ ਕਦੋਂ ਤੇ ਕਿਵੇਂ ਪੈਦਾ ਹੋਇਆ?
ਮੇਰੇ ਪਰਿਵਾਰ ਵਿੱਚ ਮੇਰੇ ਚਾਚਾ ਜੀ ਨੂੰ ਗਾਉਣ ਦਾ ਥੋੜ੍ਹਾ ਬਹੁਤ ਸ਼ੌਕ ਸੀ। ਛੋਟੇ ਹੁੰਦੇ ਨੇ ਮੁਹੰਮਦ ਸਦੀਕ ਦਾ ਖੁੱਲ੍ਹਾ ਅਖਾੜਾ ਵੀ ਵੇਖਿਆ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਮੈਂ ਆਪਣੀ ਪੰਜਾਬੀ ਦੀ ਪਾਠ-ਪੁਸਤਕ ਵਿਚਲੀਆਂ ਕਵਿਤਾਵਾਂ ਅਤੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਗਿਆਰਵੀਂ-ਬਾਰਵੀਂ ਵਿੱਚ ਮੇਰੇ ਪੰਜਾਬੀ ਦੇ ਅਧਿਆਪਕ ਸ: ਮਹਿੰਦਰ ਸਿੰਘ ਜੋਸਨ ਨੇ ਮੇਰੇ ਅੰਦਰਲੀ ਕਲਾ ਨੂੰ ਪਛਾਣਿਆ ਅਤੇ ਹੋਰ ਹਲੂਣਾ ਦਿੱਤਾ। ਉਦੋਂ ਹੀ ਥੋੜ੍ਹਾ ਬਹੁਤ ਲਿਖ ਕੇ ਸਵੇਰ ਦੀ ਸਭਾ ਵਿੱਚ ਸੁਣਾਉਣਾ ਸ਼ੁਰੂ ਕੀਤਾ ਸੀ।
ਕਲਾ ਦੇ ਖੇਤਰ ਵਿੱਚ ਹੁਣ ਤੱਕ ਕੀ ਕੁਝ ਕਰ ਚੁੱਕੇ ਹੋ ਅਤੇ ਅੱਗੇ ਹੋਰ ਕੀ ਕਰਨ ਦੀ ਇੱਛਾ ਰੱਖਦੇ ਹੋ?
ਮੇਰੀਆਂ ਬਾਲ-ਸਾਹਿਤ ਦੀਆਂ ਦੋ ਪੁਸਤਕਾਂ ‘ਬਚਪਨ ਦੇ ਆੜੀ ‘ ਅਤੇ ‘ਪਿਆਰ-ਪੰਘੂੜਾ’ ਛਪ ਚੁੱਕੀਆਂ ਹਨ। ਮੇਰੀਆਂ ਕਵਿਤਾਵਾਂ ਗੀਤ ਤੇ ਕਹਾਣੀਆਂ ਉੱਚ ਕੋਟੀ ਦੇ ਸਾਰੇ ਪੰਜਾਬੀ ਅਖ਼ਬਾਰਾਂ ਵਿੱਚ ਲਗਾਤਾਰ ਛੱਪ ਰਹੀਆਂ ਹਨ । ਕਈ ਸਾਂਝੀਆਂ ਪੁਸਤਕਾਂ ਜਿਵੇਂ ‘ਸੂਰਜਾਂ ਦਾ ਕਾਫ਼ਲਾ’,’ਏਕੇ ਦੇ ਚਿਰਾਗ਼’,’ਕਲਮ ਸ਼ਕਤੀ’,’ਚੰਨ ਸਿਤਾਰੇ ਜੁਗਨੂੰ’ ‘ਚੰਨ ਰਿਸ਼ਮਾਂ’ ਅਤੇ ‘ਮੈਂ ਪੰਜਾਬ ਬੋਲਦਾ ਹਾਂ’ ਵਿੱਚ ਵੀ ਮੇਰੀਆਂ ਰਚਨਾਵਾਂ ਛਪੀਆਂ ਹਨ। ਦੂਰਦਰਸ਼ਨ ਕੇਂਦਰ ਜਲੰਧਰ,ਰੇਡੀਓ ਸਟੇਸ਼ਨ ਪਟਿਆਲਾ ਵਿਖੇ ਕਈ ਵਾਰ ਹਾਜਰੀ ਲਵਾ ਚੁੱਕਾ ਹਾਂ। ਅੱਗੇ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਅਜੇ ਤਾਂ ਸ਼ੁਰੂਆਤ ਈ ਹੋਈ ਹੈ।
ਆਪਣੇ ਪਰਿਵਾਰ ਬਾਰੇ ਦੱਸੋ। ਕੀ ਤੁਹਾਡਾ ਪਰਿਵਾਰ ਕਲਾ ਦੇ ਖੇਤਰ ਵਿੱਚ ਤੁਹਾਡਾ ਸਾਥ ਦੇ ਰਿਹੈ?
ਮੇਰੇ ਦੋ ਬੇਟੇ ਤੇ ਇੱਕ ਬੇਟੀ ਹੈ। ਮੇਰੇ ਪਤਨੀ ਗੁਰਜੀਤ ਕੌਰ ਸਿੱਖਿਆ ਵਿਭਾਗ ਵਿੱਚ ਪ੍ਰਾਇਮਰੀ ਅਧਿਆਪਕਾ ਦੇ ਤੌਰ ਤੇ ਕਾਰਜਸ਼ੀਲ ਹਨ। ਮੈਨੂੰ ਆਪਣੇ ਪਰਿਵਾਰ ਦਾ ਪੂਰਾ ਸਾਥ ਮਿਲ ਰਿਹੈ। ਮੈਂ ਆਪਣੀ ਹਰ ਇੱਕ ਰਚਨਾ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਹੀ ਸੁਣਾਉਂਨੈ,ਆਪਣੇ ਬੱਚਿਆਂ ਨੂੰ ਸੁਣਾਉਂਨੈ। ਜੇਕਰ ਉਹਨਾਂ ਨੂੰ ਵਧੀਆ ਲੱਗੇ ਤਾਂ ਉਸ ਨੂੰ ਆਪਣੇ ਪਾਠਕਾਂ ਅਤੇ ਸਰੋਤਿਆਂ ਨਾਲ ਸਾਂਝੀ ਕਰਦਾ ਹਾਂ।
ਆਪਣਾ ਤਖੱਲਸ ‘ਖਨੌਰੀ’ ਰੱਖਣ ਪਿੱਛੇ ਕੀ ਰਾਜ਼ ਹੈ?
ਮੇਰਾ ਖਨੌਰੀ ਨਾਲ਼ ਬਹੁਤ ਜਿਆਦਾ ਪਿਆਰ ਐ ਜੀ।ਇਹਦੀ ਨਿੱਘੀ ਬੁੱਕਲ ਚ ਜੰਮਿਆ-ਪਲ਼ਿਆ ਹਾਂ। ਸੱਚ ਪੁੱਛੋ ਤਾਂ ਖਨੌਰੀ ਮੈਨੂੰ ਮੇਰੀ ਮਾਂ ਵਰਗੀ ਲੱਗਦੀ ਐ।ਮੈਂ ਇਹਦਾ ਨਾਂ ਰੌਸ਼ਨ ਕਰਨਾ ਚਾਹੁਨੈਂ। ਹਰ ਸਾਲ ਹੜ੍ਹਾਂ ਕਾਰਨ ਖਨੌਰੀ ਦੇ ਨੇੜਲੇ ਇਲਾਕਿਆਂ ਦਾ ਭਾਰੀ ਨੁਕਸਾਨ ਹੋ ਜਾਂਦੈ ਜਿਸ ਕਰਕੇ ਇਹ ਇਲਾਕਾ ਪੱਛੜਿਆ ਹੋਇਆ ਹੈ। ਇਸ ਗੱਲ ਦਾ ਮੈਨੂੰ ਡਾਹਢਾ ਦੁੱਖ ਐ। ਮੈਂ ਚਾਹੁੰਦਾ ਹਾਂ ਕਿ ਖਨੌਰੀ ਬਹੁਤ ਤਰੱਕੀ ਕਰੇ ਅਤੇ ਇਸ ਦੇ ਮੱਥੇ ਤੋਂ ਪੱਛੜੇਪਣ ਦਾ ਕਲੰਕ ਹਮੇਸ਼ਾ ਹਮੇਸ਼ਾ ਲਈ ਧੋਤਾ ਜਾਵੇ। ਬਸ ਖਨੌਰੀ ਨਾਲ਼ ਇਸ ਮੁਹੱਬਤ ਕਰਕੇ ਹੀ ਆਪਣਾ ਤਖੱਲਸ ‘ਖਨੌਰੀ’ ਰੱਖਿਆ ਹੈ।
ਪਰਿਵਾਰਕ ਗੀਤ ਹੀ ਕਿਉਂ ਲਿਖਦੇ ਹੋ?
ਮੈਂ ਆਪਣੇ ਗੀਤ ਰਿਕਾਰਡ ਕਰਵਾਉਣ ਲਈ ਇੱਕ ਵਾਰ ਹਰਭਜਨ ਮਾਨ ਕੋਲ ਗਿਆ ਤਾਂ ਮਾਨ ਸਾਹਿਬ ਨੇ ਕਿਹਾ,”ਗੀਤ ਤੁਹਾਡੇ ਬਹੁਤ ਵਧੀਆ ਨੇ ਪਰ ਤੁਸੀਂ ਪਰਿਵਾਰਕ ਗੀਤ ਕਿਉਂ ਨਹੀਂ ਲਿਖਦੇ? ਤੁਸੀਂ ਲਿਖ ਸਕਦੇ ਓ। ਪਿਆਰ-ਮੁਹੱਬਤ ਤੋਂ ਬਿਨਾਂ ਹੋਰ ਬਹੁਤ ਵਿਸ਼ੇ ਨੇ, ਉਹਨਾਂ ਬਾਰੇ ਲਿਖੋ।” ਮਾਨ ਸਾਹਿਬ ਨਾਲ ਹੋਈ ਇਸ ਮੁਲਾਕਾਤ ਨੇ ਮੇਰੀ ਲੇਖਣੀ ਨੂੰ ਇੱਕ ਨਵਾਂ ਮੋੜ ਦਿੱਤਾ। ਮੈਂ ਸਮਾਜਿਕ ਤੰਗੀਆਂ-ਤੁਰਸ਼ੀਆਂ,ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ,ਰਿਸ਼ਵਤਖੋਰੀ,ਭਰੂਣ-ਹੱਤਿ ਆ, ਅਨਪੜ੍ਹਤਾ ਅਤੇ ਹੋਰ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਲਿਖਣਾ ਸ਼ੁਰੂ ਕੀਤਾ ਜੋ ਕਿ ਅੱਜ ਵੀ ਜਾਰੀ ਹੈ। ਲੱਚਰ ਅਤੇ ਅਸ਼ਲੀਲ ਗਾਇਕੀ ਦੇ ਇਸ ਦੌਰ ਵਿੱਚ ਸਾਫ਼-ਸੁਥਰੇ ਗੀਤ ਸਮੇਂ ਦੀ ਮੁੱਖ ਲੋੜ ਵੀ ਹਨ।
ਤੁਹਾਡੇ ਮਨਭਾਉਂਦੇ ਗਾਇਕ ਕਿਹੜੇ ਕਿਹੜੇ ਹਨ?
ਮੇਰਾ ਮਨਭਾਉਦਾ ਗਾਇਕ ਗੁਰਦਾਸ ਮਾਨ ਹੈ। ਹਰਭਜਨ ਮਾਨ, ਮਨਮੋਹਨ ਵਾਰਿਸ, ਸਰਦੂਲ ਸਿਕੰਦਰ ਵੀ ਮੈਨੂੰ ਬਹੁਤ ਵਧੀਆ ਲੱਗਦੇ ਹਨ। ਪਰ ਮੈਂ ਕੋਈ ਲਕੀਰ ਨਹੀਂ ਖਿੱਚੀ ਹੋਈ। ਹੋਰ ਵੀ ਕਈ ਕਲਾਕਾਰ ਹਨ ਜੋ ਸਾਫ਼-ਸੁਥਰਾ ਗਾਉਂਦੇ ਹਨ, ਉਹਨਾਂ ਸਾਰਿਆਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ।
ਤੁਹਾਡੇ ਗੀਤ ਕਿਹੜੇ-ਕਿਹੜੇ ਕਲਾਕਾਰਾਂ ਦੀ ਅਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ?
ਮੈਂ ਆਪਣੇ ਗੀਤ ਲੈ ਕੇ ਬਹੁਤਾ ਕਲਾਕਾਰਾਂ ਦੇ ਪਿੱਛੇ ਪਿੱਛੇ ਨਹੀਂ ਫਿਰਿਆ ਅਤੇ ਨਾ ਹੀ ਫਿਰਨਾ। ਮੇਰੇ ਗੀਤਾਂ ਨੂੰ ਕੋਈ ਵੱਡੇ ਜਿਗਰੇ ਵਾਲਾ ਈ ਗਾ ਸਕਦੈ। ਪੰਜਾਬ ਦੇ ਹਾਲਾਤ ਦਰਸਾਉਂਦਾ ਮੇਰਾ ਗੀਤ ‘ਪੰਜਾਬ’ ਵੰਦਨਾ ਸਿੰਘ ਦੀ ਅਵਾਜ਼ ਵਿੱਚ ਅਤੇ ਆਪਣੇ ਦੇਸ ਦੇ ਹਾਲਾਤ ਦਰਸਾਉਂਦਾ ਗੀਤ “ਮੈਂ ਓਸ ਦੇਸ ਦਾ ਵਾਸੀ ਹਾਂ” ਹਾਂ ਪਰਮਿੰਦਰ ਸਿੰਘ ਅਲਬੇਲਾ ਜੀ ਦੀ ਅਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਨੇ ਬੇਹੱਦ ਪਿਆਰ ਬਖਸ਼ਿਆ ਹੈ। ਕਈ ਹੋਰ ਗੀਤ ਵੱਖ-ਵੱਖ ਅਵਾਜ਼ਾਂ ਵਿੱਚ ਬਹੁਤ ਜਲਦ ਰਿਕਾਰਡ ਹੋਣ ਦੀ ਸੰਭਾਵਨਾ ਹੈ।
ਲਿਖਣ ਅਤੇ ਗਾਉਣ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਸ਼ੌਕ ਹਨ?
ਲਿਖਣ ਅਤੇ ਗਾਉਣ ਤੋਂ ਬਿਨਾਂ ਪੜ੍ਹਨ ਦਾ ਬਹੁਤ ਸ਼ੌਕ ਹੈ।ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਦੇ ਨਾਵਲ ਅੰਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਸੰਤ ਰਾਮ ਉਦਾਸੀ ਅਤੇ ਪਾਸ਼ ਨੂੰ ਮੈਂ ਅਕਸਰ ਪੜ੍ਹਦਾ ਹਾਂ। ਆਪਣੇ ਪੰਜਾਬ ਨੂੰ ਫਿਰ ਤੋਂ ਹਰਿਆ-ਭਰਿਆ ਵੇਖਣਾ ਚਾਹੁੰਦਾ ਹਾਂ। ਇਸ ਲਈ ਮੈਨੂੰ ਬੂਟੇ ਲਾਉਣ ਦਾ ਵੀ ਬਹੁਤ ਸ਼ੌਕ ਹੈ। ਹਰ ਸਾਲ ਬਰਸਾਤ ਦੇ ਮੌਸਮ ਵਿੱਚ ਬੂਟੇ ਲਾ ਕੇ ਮੈਂ ਆਪਣਾ ਇਹ ਸ਼ੌਕ ਪੂਰਾ ਵੀ ਕਰ ਲੈਂਦਾ ਹਾਂ।
ਆਪਣੇ ਪਾਠਕਾਂ ਅਤੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ?
ਆਪਣੇ ਪਾਠਕਾਂ ਨੂੰ ਸਿਰਫ ਇਹੋ ਕਹਿਣਾ ਚਾਹਾਂਗਾ ਕਿ ਸਾਫ਼-ਸੁਥਰੇ ਗੀਤ ਲਿਖਣ ਅਤੇ ਗਾਉਣ ਵਾਲਿਆਂ ਨੂੰ ਇੰਨਾ ਪਿਆਰ ਅਤੇ ਹੌਸਲਾ ਅਫ਼ਜਾਈ ਬਖਸ਼ੋ ਕਿ ਲੱਚਰਤਾ ਪਰੋਸਣ ਵਾਲੇ ਵੀ ਸਹੀ ਰਸਤੇ ਪੈ ਜਾਣ।ਜੇਕਰ ਕੋਈ ਮਾੜਾ ਸੁਣੇਗਾ ਹੀ ਨਹੀਂ ਫਿਰ ਨਾ ਤਾਂ ਕੋਈ ਮਾੜਾ ਲਿਖੇਗਾ ਨਾ ਹੀ ਗਾਏਗਾ। ਆਪਣੇ ਆਪ ਨੂੰ ਪਿਆਰ ਕਰੋ, ਆਪਣੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਪਿਆਰ ਕਰੋ,ਆਪਣੇ ਦੇਸ ਨੂੰ ਅਤੇ ਧਰਤੀ-ਮਾਂ ਨੂੰ ਪਿਆਰ ਕਰੋ।ਸਮਾਜ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਕੁਝ ਵੀ ਗਲਤ ਹੋ ਰਿਹਾ ਹੋਵੇ ਤਾਂ ਅੱਖਾਂ ਬੰਦ ਨਾ ਕਰੋ ਸਗੋਂ ਉਸ ਦੇ ਖਿਲਾਫ਼ ਅਵਾਜ਼ ਬੁਲੰਦ ਕਰੋ।
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392