ਨਥਾਣਾ– ਇਨ੍ਹਾਂ ਦਿਨੀਂ ਝੋਨੇ ਦੀ ਵਾਢੀ ਵਾਲੇ ਖੇਤਾਂ ‘ਚ ਵੱਡੇ ਪੱਧਰ ‘ਤੇ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ। ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਹੋਵੇਗਾ ਜਿਥੇ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲੱਗ ਰਹੀ ਹੋਵੇ। ਪਰਾਲੀ ਸਾੜਨ ਕਰ ਕੇ ਦੁਪਹਿਰ ਸਮੇਂ ਹੀ ਧੂੰਏਂ ਦੇ ਗੁਬਾਰ ਨਾਲ ਅਸਮਾਨ ‘ਚ ਹਨੇਰਾ ਛਾ ਜਾਂਦਾ ਹੈ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਦੇ ਖਾਤਮੇ ਖਾਤਰ ਸਬਸਿਡੀ ਵਾਲੇ ਖੇਤੀ ਸੰਦ ਮਾਰਕੀਟ ‘ਚੋਂ ਸਸਤੇ ਅਤੇ ਟਿਕਾਊ ਮਿਲਦੇ ਹਨ ਪਰ ਉਹ ਆਰਥਿਕ ਕਮਜ਼ੋਰੀ ਕਾਰਨ ਇਹ ਖੇਤੀ ਸੰਦ ਖਰੀਦਣ ਤੋਂ ਅਸਮਰੱਥ ਹਨ। ਕਿਸਾਨਾਂ ਮੁਤਾਬਿਕ ਸਰਕਾਰ ਪਰਾਲੀ ਦੇ ਖਾਤਮੇ ਲਈ ਵੱਡੇ ਪਲਾਂਟ ਲਾਉਣ ਦੇ ਝੂਠੇ ਵਾਅਦੇ ਵੀ ਕਰਦੀ ਰਹੀ ਹੈ। ਦਰਅਸਲ ਪਰਾਲੀ ਨੂੰ ਅੱਗ ਲਾਉਣ ਦੇ ਮੁੱਦੇ ‘ਤੇ ਕੋਈ ਵੀ ਧਿਰ ਸੁਹਿਰਦ ਨਹੀਂ।
ਅਜਿਹੇ ਦੂਸ਼ਿਤ ਵਾਤਾਵਰਣ ਵਿੱਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਨੱਕ ਰਾਹੀਂ ਗੰਦੀ ਹਵਾ ਮਨੁੱਖੀ ਸਰੀਰ ਅੰਦਰ ਦਾਖਲ ਹੋ ਰਹੀ ਹੈ। ਸਫਰ ਕਰਨ ਸਮੇਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਜਾਂਦਾ ਹੈ। ਬਜ਼ੁਰਗਾਂ, ਬੱਚਿਆਂ ਅਤੇ ਸਾਹ ਦਮੇ ਦੇ ਮਰੀਜ਼ਾਂ ਨੂੰ ਭਾਰੀ ਸਮੱਸਿਆ ਬਣੀ ਹੋਈ ਹੈ। ਵੱਡੀ ਗਿਣਤੀ ਲੋਕੀਂ ਮਾਸਕ ਦੀ ਵਰਤੋਂ ਕਰ ਰਹੇ ਹਨ। ਡਾਕਟਰਾਂ ਅਨੁਸਾਰ ਚਮੜੀ ਰੋਗ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।
ਛੋਟੇ ਵਾਹਨ ਚਾਲਕਾਂ ਨੂੰ ਸੜਕ ਹਾਦਸੇ ਵਾਪਰਨ ਦਾ ਡਰ ਸਤਾ ਰਿਹਾ ਹੈ। ਸਕੂਲੀ ਵੈਨਾਂ ਰਾਹੀਂ ਘਰਾਂ ‘ਚੋਂ ਪਰਤਨ ਵਾਲੇ ਛੋਟੇ-ਛੋਟੇ ਬੱਚੇ ਰੋਜ਼ਾਨਾ ਪੀੜਤ ਹੋ ਰਹੇ ਹਨ।
ਬੁਢਲਾਡਾ (ਐਨਪੀ ਸਿੰਘ): ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਲੋਕ ਘਰਾਂ ’ਚ ਹੀ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ। ਦਿਨ ਛਿਪਣ ਤੋਂ ਪਹਿਲਾਂ ਹੀ ਧੂੰਆਂ ਛਾ ਜਾਂਦਾ ਹੈ। ਇਸ ਨਾਲ ਆਬੋ ਹਵਾ ਦੂਸ਼ਿਤ ਹੋ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਸਰਕਾਰ ਪਰਾਲੀ ਸਮੇਟਣ ਦਾ ਢੁਕਵਾਂ ਪ੍ਰਬੰਧ ਕਰੇ।
INDIA ਪਰਾਲੀ ਦੇ ਧੂੰਏਂ ਨੇ ਘੁੱਟਿਆ ਲੋਕਾਂ ਦਾ ਦਮ