ਨਵੀਂ ਦਿੱਲੀ (ਸਮਾਜਵੀਕਲੀ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਰੇਲਾਂ ਰਾਹੀਂ ਆਪਣੇ ਮੂਲ ਪ੍ਰਦੇਸ਼ਾਂ ਲਈ ਯਾਤਰਾ ਕਰ ਰਹੇ ਪਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਰੇਲਾਂ ਵਿਚ ਹੀ ਭੋਜਨ ਦੇ ਪੈਕੇਟ ਮੁਫ਼ਤ ਦੇਵੇਗੀ।
ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਤੋਂ ਲੰਗਰ ਪਕਾ ਕੇ ਬਿਨਾਂ ਕਿਸੇ ਭੇਦਭਾਵ ਦੇ ਯਾਤਰੀਆਂ ਨੂੰ ਵੰਡਿਆ ਜਾਵੇਗਾ। ਜੇਕਰ ਕੋਈ ਯਾਤਰੀ ਹੋਰ ਪੈਕੇਟ ਦੀ ਮੰਗ ਕਰਦਾ ਹੈ ਤਾਂ ਉਹ ਵੀ ਉਸ ਨੂੰ ਮੁਫ਼ਤ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਇਹ ਪ੍ਰਬੰਧ ਨਵੀਂ ਦਿੱਲੀ, ਪੁਰਾਣੀ ਦਿੱਲੀ, ਨਿਜਾਮੂਦੀਨ, ਆਨੰਦ ਵਿਹਾਰ ਅਤੇ ਉਨ੍ਹਾਂ ਸਾਰੇ ਰੇਲਵੇ ਸਟੇਸ਼ਨਾਂ ’ਤੇ ਕੀਤਾ ਜਾਵੇਗਾ ਜਿਥੋਂ ਪਰਵਾਸੀ ਮਜ਼ਦੂਰਾਂ ਦੀਆਂ ਰੇਲਾਂ ਚੱਲਣਗੀਆਂ। ਹੋਰਨਾਂ ਰਾਜਾਂ ਤੋਂ ਚੱਲਣ ਵਾਲੀਆਂ ਜੋ ਰੇਲਾਂ ਦਿੱਲੀ ’ਚੋਂ ਗੁਜ਼ਰਨਗੀਆਂ ਉਨ੍ਹਾਂ ਦੇ ਯਾਤਰੀਆਂ ਨੂੰ ਵੀ ਭੋਜਨ ਮੁਹੱਈਆ ਕਰਵਾਇਆ ਜਾਵੇਗਾ।