ਸ਼ਰਾਬ ਦੇ ਠੇਕਿਆਂ ਅੱਗੇ ਲੰਮੀਆਂ ਕਤਾਰਾਂ

40 ਦਿਨਾਂ ਮਗਰੋਂ ਮਿਲੀ ਛੋਟ ’ਤੇ ਸੁਵੱਖਤੇ ਹੀ ਠੇਕਿਆਂ ਅੱਗੇ ਜੁੜੇ ਦਾਰੂ ਦੇ ਸ਼ੌਕੀਨ

ਮੁੰਬਈ (ਸਮਾਜਵੀਕਲੀ) ਤਾਲਾਬੰਦੀ ਦੇ ਤੀਜੇ ਪੜਾਅ ਵਿਚ ਪਾਬੰਦੀਆਂ ’ਚ ਢਿੱਲ ਮਗਰੋਂ ਅੱਜ ਕਰੀਬ 40 ਦਿਨਾਂ ਬਾਅਦ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਅੱਗੇ ਪੂਰੇ ਦੇਸ਼ ਵਿਚ ਹਜ਼ਾਰਾਂ ਲੋਕ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਕਈ ਥਾਵਾਂ ’ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਉਲੰਘਣਾ ਵੀ ਹੋਈ ਤੇ ਪੁਲੀਸ-ਪ੍ਰਸ਼ਾਸਨ ਨੂੰ ਜੱਦੋਜਹਿਦ ਕਰਨੀ ਪਈ।

ਮਹਾਰਾਸ਼ਟਰ ’ਚ ਸ਼ਰਾਬ ਦੇ ਠੇਕੇ ਖੁੱਲ੍ਹਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਸੂਬੇ ਦੇ ਕਈ ਹਿੱਸਿਆਂ ਵਿਚ ਹਜ਼ਾਰਾਂ ਲੋਕ ਠੇਕਿਆਂ ਅੱਗੇ ਕਤਾਰਾਂ ਬੰਨ੍ਹ ਕੇ ਖੜ੍ਹ ਗਏ। ਹਾਲਾਂਕਿ ਸੂਬੇ ਦੇ ਐਕਸਾਈਜ਼ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਹਾਲੇ ਪ੍ਰਵਾਨਗੀ ਨਹੀਂ ਆਈ ਹੈ ਤੇ ਲੋਕ ਠੇਕਿਆਂ ਅੱਗੇ ਭੀੜ ਨਾ ਲਾਉਣ।

ਜਦਕਿ ਵੇਰਵਿਆਂ ਮੁਤਾਬਕ ਸੂਬੇ ਵਿਚ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਕਦੇ ਵੀ ਦਿੱਤੀ ਜਾ ਸਕਦੀ ਹੈ। ਮੁੰਬਈ, ਥਾਣੇ, ਪੁਣੇ, ਨਾਗਪੁਰ, ਨਾਸਿਕ, ਰਤਨਾਗਿਰੀ ਤੇ ਹੋਰ ਥਾਵਾਂ ’ਤੇ ਲੋਕਾਂ ਠੇਕਿਆਂ ਅੱਗੇ ਕਤਾਰਾਂ ਵਿਚ ਦੇਖੇ ਗਏ ਤੇ ਸੁਵੱਖਤੇ ਹੀ ਕਤਾਰਾਂ ਬਣਾ ਲਈਆਂ। ਕੁਝ ਦੁਕਾਨਾਂ ਥੋੜ੍ਹੇ ਸਮੇਂ ਲਈ ਖੁੱਲ੍ਹੀਆਂ ਪਰ ਕੁਝ ਸਮੇਂ ਬਾਅਦ ਬੰਦ ਹੋ ਗਈਆਂ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਐਤਵਾਰ ਪ੍ਰਵਾਨਗੀ ਦਿੱਤੀ ਸੀ। ਇਸੇ ਤਰ੍ਹਾਂ ਰਾਜਸਥਾਨ ਵਿਚ ਵੀ ਸਵੇਰ ਤੋਂ ਹੀ ਠੇਕਿਆਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ। ਸਰਕਾਰ ਨੇ ਇੱਥੇ ਕੰਟੇਨਮੈਂਟ ਤੇ ਕਰਫ਼ਿਊ ਜ਼ੋਨ ਨੂੰ ਛੱਡ ਬਾਕੀ ਥਾਵਾਂ ’ਤੇ ਠੇਕੇ ਖੋਲ੍ਹਣ ਦਾ ਐਲਾਨ ਕੀਤਾ ਹੈ।

ਹਾਲਾਂਕਿ ਠੇਕਿਆਂ ਉਤੇ ਪੁਲੀਸ ਤਾਇਨਾਤ ਕੀਤੀ ਗਈ ਹੈ। ਭੀੜ ਪੈਣ ’ਤੇ ਰਾਜਸਥਾਨ ਵਿਚ ਕਈ ਠੇਕੇ ਬੰਦ ਕਰਨੇ ਪਏ। ਆਂਧਰਾ ਪ੍ਰਦੇਸ਼ ਵਿਚ ਵੀ ਸ਼ਰਾਬ ਦੇ ਸ਼ੌਕੀਨਾਂ ਨੂੰ 40 ਦਿਨਾਂ ਬਾਅਦ ‘ਰਾਹਤ’ ਮਿਲੀ ਤੇ ਇੱਥੇ ਵੀ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਇੱਥੇ ਪੁਲੀਸ ਨੂੰ ਭੀੜ ਕਾਬੂ ਕਰਨ ਲਈ ਕਾਫ਼ੀ ਜੱਦੋਜਹਿਦ ਕਰਨੀ ਪਈ। ਯੂਪੀ ਵਿਚ 26,000 ਠੇਕੇ ਖੁੱਲ੍ਹੇ ਤੇ ਵੱਡੀਆਂ ਕਤਾਰਾਂ ਲੱਗੀਆਂ। ਛੱਤੀਸਗੜ੍ਹ ਵਿਚ ਵੀ ਠੇਕਿਆਂ ਅੱਗੇ ਲੰਮੀਆਂ ਕਤਾਰਾਂ ਲੱਗ ਗਈਆਂ।

Previous articleਪਰਵਾਸੀ ਮਜ਼ਦੂਰਾਂ ਲਈ ਰੇਲਾਂ ਵਿੱਚ ਮੁਫ਼ਤ ਭੋਜਨ ਦਾ ਪ੍ਰਬੰਧ
Next articleਪਰਵਾਸੀ ਕਾਮਿਆਂ ਦੇ ਰੇਲ ਭਾੜੇ ਦਾ ਖਰਚਾ ਚੁੱਕੇਗੀ ਪਾਰਟੀ: ਸੋਨੀਆ