ਰਾਹੁਲ ਗਾਂਧੀ ਤੇ ਪ੍ਰਿਯੰਕਾ ਨੇ ਟਵੀਟ ਕਰਕੇ ਸਰਕਾਰ ਤੇ ਰੇਲ ਮੰਤਰੀ ’ਤੇ ਤਨਜ਼ ਕੱਸਿਆ
ਨਵੀਂ ਦਿੱਲੀ (ਸਮਾਜਵੀਕਲੀ) – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਲੌਕਡਾਊਨ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਫਸੇ ਪਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਘਰਾਂ ਤਕ ਪੁੱਜਦਾ ਕਰਨ ਲਈ ਪਾਰਟੀ ਦੀਆਂ ਸੂਬਾ ਇਕਾਈਆਂ ਲੋੜਵੰਦਾਂ ਲਈ ਰੇਲ ਯਾਤਰਾ ਦਾ ਸਾਰਾ ਖਰਚ ਚੁੱਕਣਗੀਆਂ।
ਉਨ੍ਹਾਂ ਕਿਹਾ ਕਿ ਪਰਵਾਸੀ ਕਾਮੇ ਦੇਸ਼ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਇਹ ਫੈਸਲਾ ਇਨ੍ਹਾਂ ਕਾਮਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਦਿਸ਼ਾ ’ਚ ਕਾਂਗਰਸ ਦਾ ਨਿਮਾਣਾ ਜਿਹਾ ਯੋਗਦਾਨ ਹੈ।
ਉਨ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਫੇਰਨ ਲਈ ਕੇਂਦਰ ਸਰਕਾਰ ਦੀ ਨੁਕਤਾਚੀਨੀ ਵੀ ਕੀਤੀ। ਉਨ੍ਹਾਂ ਕਿਹਾ ਕਿ 1947 ਵਿੱਚ ਦੇਸ਼ ਵੰਡ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਹਜ਼ਾਰਾਂ ਪਰਵਾਸੀਆਂ ਨੂੰ ਆਪਣੇ ਘਰਾਂ ਤਕ ਤੁਰਨ ਲਈ ਮਜਬੂਰ ਕੀਤਾ ਗਿਆ ਹੈ।
ਇਸੇ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਟਵੀਟ ਕਰਕੇ ਸਰਕਾਰ ਤੇ ਰੇਲ ਮੰੰਤਰੀ ਨੂੰ ਟਕੋਰਾਂ ਕੀਤੀਆਂ। ਪਾਰਟੀ ਆਗੂ ਪੀ.ਚਿਦੰਬਰਮ ਨੇ ਕਿਹਾ ਕਿ ਕਾਂਗਰਸ ਦੇ ਇਸ ਫੈਸਲੇ ਨਾਲ ਸ਼ਾਇਦ ਸਰਕਾਰ ਨੂੰ ਕੁਝ ਸ਼ਰਮ ਆ ਜਾਵੇ।
ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਤੇ ਭਾਰਤੀ ਰੇਲਵੇ ਕਾਂਗਰਸ ਦੀਆਂ ਪਰਵਾਸੀ ਕਾਮਿਆਂ ਤੇ ਕਿਰਤੀਆਂ ਨਾਲ ਜੁੜੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੇ ਹਨ। ਉਨ੍ਹਾਂ ਇਕ ਬਿਆਨ ਵਿੱਚ ਕਿਹਾ, ‘ਅਸੀਂ ਲਗਾਤਾਰ ਮੰਗ ਕਰ ਰਹੇ ਸੀ ਕਿ ਪਰਵਾਸੀ ਕਾਮਿਆਂ ਤੇ ਕਿਰਤੀਆਂ ਨੂੰ ਬਿਨਾਂ ਕਿਸੇ ਭਾੜੇ ਦੇ ਸੁਰੱਖਿਅਤ ਉਨ੍ਹਾਂ ਦੇ ਘਰਾਂ ਤਕ ਪੁੱਜਦਾ ਕੀਤਾ ਜਾਵੇ।
ਇਹੀ ਵਜ੍ਹਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਪ੍ਰਦੇਸ਼ ਕਾਂਗਰਸ ਕਮੇਟੀ ਹਰ ਲੋੜਵੰਦ ਕਾਮੇ ਤੇ ਪਰਵਾਸੀ ਮਜ਼ਦੂਰ ਦੇ ਰੇਲ ਭਾੜੇ ਦਾ ਖਰਚਾ ਚੁੱਕੇਗੀ।’ ਸੋਨੀਆ ਗਾਂਧੀ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ? ਅੱਜ ਵੀ ਲੱਖਾਂ ਦੀ ਤਾਦਾਦ ਵਿੱਚ ਕਾਮੇ ਤੇ ਪਰਵਾਸੀ ਮਜ਼ਦੂਰ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਫਸੇ ਹੋਏ ਹਨ।
ਉਹ ਆਪਣੇ ਘਰਾਂ ਤੇ ਪਰਿਵਾਰਾਂ ਵਿੱਚ ਮੁੜਨਾ ਚਾਹੁੰਦੇ ਹਨ, ਪਰ ਉਨ੍ਹਾਂ ਦੀ ਘਰ ਵਾਪਸੀ ਲਈ ਨਾ ਤਾਂ ਢੁੱਕਵਾਂ ਪੈਸਾ ਹੈ ਤੇ ਨਾ ਹੀ ਮੁਫ਼ਤ ਯਾਤਰਾ ਲਈ ਕੋਈ ਪ੍ਰਬੰਧ। ਸੰਕਟ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਤੇ ਰੇਲਵੇ ਮੰਤਰਾਲੇ ਵੱਲੋਂ ਇਨ੍ਹਾਂ (ਕਾਮਿਆਂ ਤੇ ਪਰਵਾਸੀ ਮਜ਼ਦੂਰਾਂ) ਤੋਂ ਟਿਕਟਾਂ ਦੇ ਪੈਸੇ ਲੈਣੇ, ਬੇਚੈਨ ਕਰਨਾ ਵਾਲਾ ਹੈ।
ਉਧਰ ਪਾਰਟੀ ਆਗੂ ਰਾਹੁਲ ਗਾਂਧੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘ਇਕ ਪਾਸੇ, ਰੇਲਵੇ ਹੋਰਨਾਂ ਰਾਜਾਂ ਵਿੱਚ ਫਸੇ ਮਜ਼ਦੂਰਾਂ ਤੋਂ ਟਿਕਟ ਦਾ ਭਾੜਾ ਵਸੂਲ ਰਹੀ ਹੈ ਤੇ ਦੂਜੇ ਪਾਸੇ ਰੇਲਵੇ ਮੰਤਰੀ ਪੀਐੱਮ-ਸੰਭਾਲ ਫੰਡ ਵਿੱਚ 151 ਕਰੋੜ ਰੁਪਏ ਦੀ ਰਾਸ਼ੀ ਦਾਨ ਵਜੋਂ ਦੇ ਰਹੇ ਹਨ। ਜ਼ਰਾ ਇਹ ਗੁੱਥੀ ਸੁਲਝਾਓ!’
ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸੱਤਾਧਾਰੀ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਮੋਦੀ ਸਰਕਾਰ ‘ਨਮਸਤੇ ਟਰੰਪ’ ਸਮਾਗਮ ’ਤੇ 100 ਕਰੋੜ ਰੁਪਏ ਖਰਚ ਸਕਦੀ ਹੈ ਤੇ ਰੇਲਵੇ ਮੰਤਰੀ ਪੀਐੱਮ-ਸੰਭਾਲ ਫੰਡ ਵਿੱਚ 151 ਕਰੋੜ ਰੁਪਏ ਦਾ ਯੋਗਦਾਨ ਪਾ ਸਕਦੇ ਹਨ, ਤਾਂ ਫਿਰ ਮੁਸੀਬਤਾਂ ’ਚ ਘਿਰੇ ਪਰਵਾਸੀ ਕਾਮਿਆਂ ਪ੍ਰਤੀ ਇੰਨੀ ਦਿਆਨਦਾਰੀ ਕਿਉਂ ਨਹੀਂ ਵਿਖਾਈ ਜਾ ਸਕਦੀ।
ਏਆਈਸੀਸੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਤੇ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦੀਆਂ ਪ੍ਰਦੇਸ਼ ਇਕਾਈਆਂ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਰੇਲ ਯਾਤਰਾ ’ਤੇ ਆਉਣ ਵਾਲੇ ਖਰਚ ਦੀ ਅਦਾਇਗੀ ਕਰਨਗੀਆਂ।
ਸੁਰਜੇਵਾਲਾ ਨੇ ਕਿਹਾ ਕਿ ਕਿਸੇ ਕਾਮੇ ਦਾ ਪੰਜੀਕਰਨ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਹੋਰ ਭੰਬਲਭੂਸਾ ਪੈ ਸਕਦਾ ਹੈ। ਦੋਵਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪਣੀ ‘ਬਣਾਉਟੀ ਸਾਖ਼’ ਦਾ ਚੋਲਾ ਉਤਾਰਨ ਅਤੇ ਅੱਗੇ ਆ ਕੇ ਘਰਾਂ ਨੂੰ ਮੁੜਨ ਦੇ ਚਾਹਵਾਨ ਪਰਵਾਸੀਆਂ ਦੀ ਯਾਤਰਾ ਲਈ ਕਿਰਾਏ ਦਾ ਪ੍ਰਬੰਧ ਕਰਨ।
ਇਸ ਦੌਰਾਨ ਕਾਂਗਰਸ ਤਰਜਮਾਨ ਜੈਵੀਰ ਸ਼ੇਰਗਿੱਲ ਨੇ ਦੇਸ਼ਵਿਆਪੀ ਲੌਕਡਾਊਨ ਦੀ ਤੁਲਨਾ ਨੋਟਬੰਦੀ ਨਾਲ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਈਸਟ ਇੰਡੀਆ ਕੰਪਨੀ ਵਾਂਗ ਵਿਹਾਰ ਕਰ ਰਹੀ ਹੈ।