ਨਵੀਂ ਦਿੱਲੀ- ਪਰਵਾਸੀ ਕਾਮਿਆਂ ਦੀ ਤਰਸਯੋਗ ਹਾਲਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗ ਕੀਤੀ ਹੈ ਕਿ ਉਹ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਪੁਖ਼ਤਾ ਕਦਮ ਉਠਾਏ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਰਵਾਸੀਆਂ ਨੂੰ ਭੋਜਨ ਅਤੇ ਰਿਹਾਇਸ਼ ਦੇਣ ਦਾ ਪ੍ਰਬੰਧ ਕਰਨ। ਜ਼ਿਕਰਯੋਗ ਹੈ ਕਿ ਪਰਵਾਸੀ ਕਾਮੇ ਵੱਖ ਵੱਖ ਸ਼ਹਿਰਾਂ ਤੋਂ ਆਪਣੇ ਘਰਾਂ ਲਈ ਪੈਦਲ ਹੀ ਰਵਾਨਾ ਹੋ ਗਏ ਹਨ ਜਦਕਿ ਸੂਬਿਆਂ ਦੀਆਂ ਸਰਹੱਦਾਂ ’ਤੇ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਹੈ। ਕਾਂਗਰਸ ਆਗੂ ਨੇ ਟਵਿਟਰ ’ਤੇ ਲਿਖਿਆ,‘‘ਡਰਾਉਣੇ ਹਾਲਾਤ ਲਈ ਸਰਕਾਰ ਜ਼ਿੰਮੇਵਾਰ ਹੈ। ਨਾਗਰਿਕਾਂ ਨੂੰ ਅਜਿਹੇ ਹਾਲਾਤ ’ਚ ਫਸਾਉਣਾ ਵੱਡਾ ਅਪਰਾਧ ਹੈ।’’ ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ’ਚ ‘ਭੈਣਾਂ ਅਤੇ ਭਰਾਵਾਂ’ ਨੂੰ ਹਮਾਇਤ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਭੁੱਖੇ ਅਤੇ ਪਿਆਸੇ ਵਿਅਕਤੀਆਂ ਨੂੰ ਪਰਿਵਾਰਾਂ ਨਾਲ ਪੈਦਲ ਹੀ ਆਪਣੇ ਪਿੰਡਾਂ ਵੱਲ ਜਾਣ ਲਈ ਮਜਬੂਰ ਹੋਣਾ ਪਿਆ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜਦੋਂ ਸਰਕਾਰ ਵਿਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਮੁਲਕ ਲਿਆਉਣ ਲਈ ਜਹਾਜ਼ ਭੇਜ ਸਕਦੀ ਹੈ ਤਾਂ ਉਹ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਘਰਾਂ ’ਚ ਭੇਜਣ ਲਈ ਟਰਾਂਸਪੋਰਟ ਦਾ ਪ੍ਰਬੰਧ ਕਿਉਂ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਨੈਤਿਕ ਫਰਜ਼ ਹੈ ਕਿ ਉਹ ਸੰਕਟ ਦੀ ਘੜੀ ’ਚ ਆਪਣੇ ਨਾਗਰਿਕਾਂ ਦੀ ਸਹਾਇਤਾ ਕਰੇ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਨਿਰਾਸ਼ਾ ਵਾਲੇ ਮਾਹੌਲ ਲਈ ਸਰਕਾਰ ਦੀ ਤਿਆਰੀ ’ਤੇ ਸਵਾਲ ਉਠਾਏ ਹਨ।
INDIA ਪਰਵਾਸੀ ਕਾਮਿਆਂ ਦੀ ਹਾਲਤ ਲਈ ਸਰਕਾਰ ਜ਼ਿੰਮੇਵਾਰ: ਕਾਂਗਰਸ