ਅਮਰੀਕਾ ਦਾ ਇਤਿਹਾਸਕ ਫ਼ੌਜੀ ਬੇਸ ਪਰਲ ਹਾਰਬਰ ਬੁੱਧਵਾਰ ਨੂੰ ਗੋਲ਼ੀਬਾਰੀ ਨਾਲ ਦਹਿਲ ਉੱਠਿਆ। ਇਕ ਅਮਰੀਕੀ ਜਲ ਸੈਨਿਕ ਨੇ ਗੋਲ਼ੀਆਂ ਵਰ੍ਹਾ ਕੇ ਦੋ ਨਾਗਰਿਕਾਂ ਦੀ ਜਾਨ ਲੈ ਲਈ ਅਤੇ ਇਕ ਨੂੰ ਜ਼ਖ਼ਮੀ ਕਰ ਦਿੱਤਾ। ਹਮਲਾਵਰ ਜਲ ਸੈਨਿਕ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਇਹ ਘਟਨਾ ਅਜਿਹੇ ਸਮੇਂ ‘ਤੇ ਹੋਈ ਜਦੋਂ ਪਰਲ ਹਾਰਬਰ ‘ਤੇ ਦੂਜੀ ਸੰਸਾਰ ਜੰਗ ਦੌਰਾਨ ਹੋਏ ਹਮਲੇ ਦੀ ਸ਼ਨਿਚਰਵਾਰ ਨੂੰ ਬਰਸੀ ਮਨਾਉਣ ਦੀ ਤਿਆਰੀ ਚੱਲ ਰਹੀ ਸੀ।
ਫ਼ੌਜੀ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਯੂਐੱਸਐੱਸ ਕੋਲੰਬੀਆ ਐੱਸਐੱਸਐੱਨ 771 ਪਣਡੁੱਬੀ ਵਿਚ ਤਾਇਨਾਤ ਸੀ। ਹਮਲੇ ਦਾ ਸ਼ਿਕਾਰ ਹੋਏ ਸਾਰੇ ਨਾਗਰਿਕ ਅਮਰੀਕੀ ਰੱਖਿਆ ਵਿਭਾਗ ਵਿਚ ਕੰਮ ਕਰਦੇ ਸਨ। ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਬੁਲਾਰੇ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੋਲ਼ੀਬਾਰੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਦੋ ਘੰਟੇ ਤਕ ਬੰਦ ਰਿਹਾ ਬੇਸ
ਸਥਾਨਕ ਮੀਡੀਆ ਨੇੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ ਢਾਈ ਵਜੇ ਗੋਲ਼ੀਬਾਰੀ ਦੀ ਘਟਨਾ ਹੋਈ। ਹਮਲਾਵਰ ਨੇ ਤਿੰਨ ਲੋਕਾਂ ਨੂੰ ਗੋਲ਼ੀ ਮਾਰਨ ਪਿੱਛੋਂ ਆਪਣੇ ਸਿਰ ਵਿਚ ਗੋਲ਼ੀ ਮਾਰ ਲਈ ਸੀ। ਹਮਲਾਵਰ ਅਮਰੀਕੀ ਜਲ ਸੈਨਾ ਦੀ ਵਰਦੀ ਵਿਚ ਸੀ। ਇਸ ਘਟਨਾ ਕਾਰਨ ਬੇਸ ਕਰੀਬ ਦੋ ਘੰਟੇ ਤਕ ਬੰਦ ਰਿਹਾ।
ਅਮਰੀਕਾ ਦਾ ਸੰਯੁਕਤ ਫ਼ੌਜੀ ਅੱਡਾ
ਪਰਲ ਹਾਰਬਰ ਬੇਸ ਪ੍ਰਸ਼ਾਂਤ ਮਹਾਸਾਗਰ ਵਿਚ ਅਮਰੀਕਾ ਦੇ ਇਕਲੌਤੇ ਰਾਜ ਹਵਾਈ ਦੀ ਰਾਜਧਾਨੀ ਹੋਨੋਲੁਲੂ ਤੋਂ 13 ਕਿਲੋਮੀਟਰ ਦੂਰ ਹੈ। ਇਹ ਅਮਰੀਕੀ ਹਵਾਈ ਫ਼ੌਜ ਅਤੇ ਜਲ ਸੈਨਾ ਦਾ ਸਾਂਝਾ ਅੱਡਾ ਹੈ। ਇਥੇ 10 ਜੰਗੀ ਬੇੜੇ ਅਤੇ 15 ਪਣਡੁੱਬੀਆਂ ਤਾਇਨਾਤ ਰਹਿੰਦੀਆਂ ਹਨ। ਇਸ ਬੇਸ ਵਿਚ ਅਮਰੀਕਾ ਦੇ ਪ੍ਰਸ਼ਾਂਤ ਬੇੜੇ ਦੇ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਦੀ ਮੁਰੰਮਤ, ਰਖਰਖਾਅ ਅਤੇ ਨਵੀਨੀਕਰਨ ਵੀ ਕੀਤਾ ਜਾਂਦਾ ਹੈ। ਪ੍ਰਸ਼ਾਂਤ ਬੇੜੇ ਦਾ ਹੈੱਡਕੁਆਰਟਰ ਵੀ ਇਥੇ ਹੈ।
ਜਾਪਾਨੀ ਹਮਲੇ ਵਿਚ 2,300 ਅਮਰੀਕੀਆਂ ਦੀ ਗਈ ਜਾਨ
ਜਾਪਾਨ ਨੇ ਦੂਜੀ ਸੰਸਾਰ ਜੰਗ ਦੌਰਾਨ ਸੱਤ ਦਸੰਬਰ, 1941 ਨੂੰ ਪਰਲ ਹਾਰਬਰ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਅਮਰੀਕਾ ਦਾ ਜੰਗੀ ਬੇੜਾ ਯੂਐੱਸਐੱਸ ਏਰੀਜੋਨਾ 1,177 ਫ਼ੌਜੀਆਂ ਦੇ ਨਾਲ ਸਮੁੰਦਰ ਵਿਚ ਡੁੱਬ ਗਿਆ ਸੀ। ਜਾਪਾਨ ਦੇ ਇਸ ਹਮਲੇ ਵਿਚ 2,300 ਤੋਂ ਜ਼ਿਆਦਾ ਅਮਰੀਕੀ ਮਾਰੇ ਗਏ ਸਨ। ਇਸ ਹਮਲੇ ਦੀ ਸ਼ਨਿਚਰਵਾਰ ਨੂੰ ਬਰਸੀ ਮਨਾਈ ਜਾਣੀ ਹੈ।
ਭਾਰਤੀ ਹਵਾਈ ਫ਼ੌਜ ਮੁਖੀ ਭਦੌਰੀਆ ਸੁਰੱਖਿਅਤ
ਨਵੀਂ ਦਿੱਲੀ : ਪਰਲ ਹਾਰਬਰ ‘ਚ ਜਿਸ ਸਮੇਂ ਗੋਲ਼ੀਬਾਰੀ ਦੀ ਘਟਨਾ ਵਾਪਰੀ, ਭਾਰਤੀ ਹਵਾਈ ਫ਼ੌਜ ਦੇ ਮੁਖੀ ਰਾਕੇਸ਼ ਭਦੌਰੀਆ ਵੀ ਉੱਥੇ ਮੌਜੂਦ ਸਨ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਭਦੌਰੀਆ ਅਮਰੀਕਾ ਦੇ ਇਸ ਫ਼ੌਜੀ ਅੱਡੇ ਵਿਚ ਦੁਨੀਆ ਦੇ ਕਈ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਦੇ ਮੁਖੀਆਂ ਦੇ ਸੰਮੇਲਨ ਵਿਚ ਹਿੱਸਾ ਲੈਣ ਪੁੱਜੇ ਹਨ। ਭਾਰਤੀ ਹਵਾਈ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਹਵਾਈ ਫ਼ੌਜ ਮੁਖੀ ਅਤੇ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਰਲ ਹਾਰਬਰ ‘ਤੇ ਹਵਾਈ ਫ਼ੌਜ ਮੁੱਖੀ ਅਮਰੀਕੀ ਏਅਰ ਫੋਰਸ ਦੇ ਬੇਸ ਵਿਚ ਠਹਿਰੇ ਹਨ ਜਦਕਿ ਗੋਲ਼ੀਬਾਰੀ ਦੀ ਘਟਨਾ ਜਲ ਸੈਨਾ ਅੱਡੇ ਵਿਚ ਹੋਈ। ਦੋਵੇਂ ਸਥਾਨ ਇਕ-ਦੂਸਰੇ ਦੇ ਨੇੜੇ ਨਹੀਂ ਹਨ।