ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਅੱਜ ਸੀਨੀਅਰ ਆਈਪੀਐੱਸ ਅਧਿਕਾਰੀ ਪਰਮ ਬੀਰ ਸਿੰਘ ਨੂੰ ਮੁੰਬਈ ਦਾ ਨਵਾਂ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਮੌਜੂਦਾ ਪੁਲੀਸ ਕਮਿਸ਼ਨਰ ਸੰਜੇ ਬਰਵੇ ਦੀ ਜਗ੍ਹਾ ਲੈਣਗੇ। ਸ੍ਰੀ ਪਰਮ ਬੀਰ ਸਿੰਘ ਇਸ ਵੇਲੇ ਰਾਜ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡਾਇਰੈਕਟਰ ਜਨਰਲ ਹਨ। ਸੂਬੇ ਦੇ ਗ੍ਰਹਿ ਮੰਤਰੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਅਨਿਲ ਦੇਸ਼ਮੁਖ ਵੱਲੋਂ ਸ੍ਰੀ ਬਰਵੇ ਦੀਆਂ ਸੇਵਾਵਾਂ ’ਚ ਤੀਜੀ ਵਾਰ ਵਾਧਾ ਕੀਤੇ ਜਾਣ ਦਾ ਵਿਰੋਧ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਪਰਮ ਬੀਰ ਸਿੰਘ ਦੀ ਮੁੰਬਈ ਦੇ ਨਵੇਂ ਪੁਲੀਸ ਕਮਿਸ਼ਨਰ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਰਮ ਬੀਰ ਸਿੰਘ ਦੀ ਅਗਵਾਈ ਵਾਲੀ ਰਾਜ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ 12 ਵਿਦਰਭ ਸਿੰਜਾਈ ਵਿਕਾਸ ਨਿਗਮ ਪ੍ਰਾਜੈਕਟਾਂ ਦੇ ਕਥਿਤ ਘੁਟਾਲੇ ’ਚ ਸ਼ਮੂਲੀਅਤ ਦੇ ਦੋਸ਼ਾਂ ’ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਜੋ ਇਸ ਵੇਲੇ ਰਾਜ ਦੇ ਉਪ ਮੁੱਖ ਮੰਤਰੀ ਵੀ ਹਨ, ਨੂੰ ਲੰਘੇ ਸਾਲ ਦਸੰਬਰ ਵਿੱਚ ਕਲੀਨ ਚਿੱਟ ਦਿੱਤੀ ਗਈ ਸੀ।
ਸ੍ਰੀ ਬਰਵੇ ਹਾਲ ਹੀ ਵਿੱਚ ਮੁੰਬਈ ਪੁਲੀਸ ਦਾ ਰਿਕਾਰਡ ਡਿਜੀਟਾਈਜ਼ ਕਰਨ ਦਾ ਕੰਮ ਆਪਣੇ ਖ਼ੁਦ ਦੇ ਪੁੱਤਰ ਤੇ ਪਤਨੀ ਦੀ ਫ਼ਰਮ ਨੂੰ ਦਿੱਤੇ ਜਾਣ ਕਾਰਨ ਵਿਵਾਦਾਂ ’ਚ ਰਹੇ ਸਨ।
ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅੱਜ ਟਵਿੱਟਰ ’ਤੇ ਇਕ ਵੀਡੀਓ ਮੈਸੇਜ ਪਾ ਕੇ ਕਿਹਾ, ‘‘ਮੁੰਬਈ ਪੁਲੀਸ ਦੇ ਕਮਿਸ਼ਨਰ ਸੰਜੇ ਬਰਵੇ ਅੱਜ ਸੇਵਾਮੁਕਤ ਹੋ ਰਹੇ ਹਨ। ਪਰਮ ਬੀਰ ਸਿੰਘ ਨੂੰ ਨਵਾਂ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਮੁੱਖ ਮੰਤਰੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤਾ ਗਿਆ ਹੈ।’’
INDIA ਪਰਮ ਬੀਰ ਸਿੰਘ ਬਣੇ ਮੁੰਬਈ ਪੁਲੀਸ ਦੇ ਨਵੇਂ ਕਮਿਸ਼ਨਰ