ਅੰਮ੍ਰਿਤਸਰ (ਸਮਾਜਵੀਕਲੀ): ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਸੁਖਦੇਵ ਮਾਦਪੁਰੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ ਤੇ ਸੁਸਾਇਟੀ ਦੇ ਮੈਂਬਰਾਨ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਖਦੇਵ ਮਾਦਪੁਰੀ ਇਕ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਖਾਸਕਰ ਲੋਕਧਾਰਾ ਤੇ ਲੋਕ ਸਾਹਿਤ ਦੇ ਖੇਤਰ ਵਿਚ ਰਚਨਾਵਾਂ ਰਚ ਕੇ ਮਾਂ ਬੋਲੀ ਪੰਜਾਬੀ ਨੂੰ ਮਾਲੋਮਾਲ ਕੀਤਾ। ਉਹ ਪੰਜਾਬੀ ਲੋਕਧਾਰਾ ਦਾ ਅਧਿਐਨ ਕਰਨ ਵਾਲੇ ਮੁਢਲੇ ਵਿਦਵਾਨਾਂ ਵਿੱਚੋ ਇਕ ਸਨ। ਉਹ ਬਹੁਤ ਹੀ ਮਿਲਣਸਾਰ ਤੇ ਹਸਮੁੱਖ ਸੁਭਾਅ ਦੇ ਮਾਲਕ ਸਨ। ਉੱਚ ਚੋਟੀ ਦੇ ਵਿਦਵਾਨ ਹੋਣ ਦੇ ਬਾਵਜੂਦ ਵੀ ਉਨ੍ਹਾਂ ਕਦੇ ਆਪਣੀ ਵਿਦਵਤਾ ਦਾ ਹੰਕਾਰ ਨਹੀਂ ਕੀਤਾ ।ਉਨ੍ਹਾਂ ਨੂੰ ਵੱਖ ਵੱਖ ਨਾਮਵਰ ਸੰਸਥਾਵਾਂ ਵੱਲੋਂ ਮਿਲੇ ਪੁਰਸਕਾਰ ਉਨ੍ਹਾਂ ਦੀ ਪ੍ਰਤਿਭਾ ਦੀ ਗਵਾਹੀ ਭਰਦੇ ਹਨ।
ਉਨ੍ਹਾਂ ਨੇ ਅਨੇਕਾਂ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ‘ਪੰਜਾਬ ਦੀਆਂ ਲੋਕ ਖੇਡਾਂ`, `ਕੇਸੂ ਦੇ ਫੁੱਲ`,`ਜਰੀ ਦਾ ਟੋਟਾ`, `ਗਾਉਂਦਾ ਪੰਜਾਬ`, `ਨੈਣਾਂ ਦੇ ਵਣਜਾਰੇ`, `ਪੰਜਾਬ ਦੇ ਮੇਲੇ ਤੇ ਤਿਉਹਾਰ`, `ਆਓ ਨੱਚੀਏ`, `ਜਾਦੂ ਦਾ ਸ਼ੀਸ਼ਾ`, `ਸੋਨੇ ਦਾ ਬੱਕਰਾ`, `ਲੋਕ ਬੁਝਾਰਤਾਂ`, , `ਫੁੱਲਾਂ ਭਰੀ ਚੰਗੇਰ`, `ਬਾਲ ਕਹਾਣੀਆਂ`, `ਨੇਕੀ ਦਾ ਫਲ` `ਆਓ ਗਾਈਏ` ਆਦਿ ਸ਼ਾਮਲ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਜਗਤ ਨੂੰ ਨੂੰ ਨਾ-ਪੂਰਨਯੋਗ ਘਾਟਾ ਪਿਆ ਹੈ। ਉਹ ਭਾਵੇਂ ਇਸ ਸੰਸਾਰ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੀ ਸਾਹਿਤ ਜਗਤ ਨੂੰ ਪਾਈ ਵੱਡਮੁਲੀ ਦੇਣ ਉਨ੍ਹਾਂ ਦੇ ਨਾਂ ਨੂੰ ਸਦਾ ਕਾਇਮ ਰੱਖੇਗੀ।
ਜਾਰੀ ਕਰਤਾ: ਡਾ. ਚਰਨਜੀਤ ਸਿੰਘ ਗੁਮਟਾਲਾ, 91-9417533060