ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ ‘ਚ ‘ਕੋਰੋਨਾ’ ਦੇ ਜਾਣੇ ਤਾਜ਼ਾ ਹਾਲਾਤ

ਜਲੰਧਰ, (ਸਮਾਜਵੀਕਲੀ–ਹਰਜਿੰਦਰ ਛਾਬੜਾ)- ਪੰਜਾਬ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸ ਵਧਦੇ ਕਹਿਰ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲਿਆਂ ਦੇ ਸਿਵਲ ਸਰਜਨਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਸਥਿਤੀ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲੰਧਰ ‘ਚ ਵਧਦੇ ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਜਲੰਧਰ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨਾਲ ਫੋਨ ‘ਤੇ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਹਸਪਤਾਲ ‘ਚ ਮਰੀਜ਼ਾਂ ਦਾ ਹਾਲ ਜਾਣਨ ਦੇ ਨਾਲ-ਨਾਲ ਗੁਰਿੰਦਰ ਸਿੰਘ ਚਾਵਲਾ ਤੋਂ ਸਟਾਫ ਬਾਰੇ ਪੁੱਛਿਆ। ਫੋਨ ‘ਤੇ ਗੱਲਬਾਤ ਦੌਰਾਨ ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਸਰ ਤੁਹਾਡੀ ਮਿਹਬਾਨੀ ਦੇ ਸਦਕਾ ਹੀ ਅਸੀਂ ਸਾਰੇ ਠੀਕ ਹਾਂ। ਤੁਸੀਂ ਸਾਨੂੰ ਫੋਨ ਕਰਕੇ ਹੌਸਲਾ ਦਿੰਦੇ ਰਹਿੰਦੇ ਹੋ ਅਤੇ ਅਸੀਂ ਪੂਰੀ ਤਰ੍ਹਾਂ ਡਟੇ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਕੋਈ ਵੀ ਮੁੱਖ ਮੰਤਰੀ ਫੋਨ ਕਰਕੇ ਇੰਝ ਸਾਡਾ ਹਾਲ ਨਹੀਂ ਪੁੱਛਦੇ, ਮੈਂ ਆਪਣੀ ਜ਼ਿੰਦਗੀ ‘ਚ ਪਹਿਲੀ ਵਾਰ ਅਜਿਹਾ ਦੇਖਿਆ ਕਿ ਜਦੋਂ ਮੁੱਖ ਮੰਤਰੀ ਖੁਦ ਸਾਨੂੰ ਫੋਨ ਕਰਕੇ ਸਾਡਾ ਹਾਲ ਜਾਣ ਰਹੇ ਹਨ। ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਸਾਰੇ ਇੰਨਾ ਕੰਮ ਕਰ ਰਹੇ ਹੋ ਤਾਂ ਕੀ ਮੈਂ ਇੰਨਾ ਵੀ ਨਹੀਂ ਕਰ ਸਕਦਾ। ਇਹ ਮੇਰੀ ਡਿਊਟੀ ਬਣਦੀ ਹੈ।
ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਸਾਰੇ ਮਰੀਜ਼ ਪੂਰੀ ਤਰ੍ਹਾਂ ਠੀਕ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਪਾਜ਼ੀਟਿਵ ਕੇਸਾਂ ਦੇ ਸੰਪਰਕ ‘ਚ ਆਉਣ ਕਰਕੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਹੋਏ ਹਨ। ਉਨ੍ਹਾਂ ਕਿਹਾ ਕਿ ਸੈਂਪਲਿੰਗ ਕਰਨ ਤੋਂ ਬਾਅਦ ਟੈਸਟ ਕਰਨ ਤੋਂ ਬਾਅਦ ਉਕਤ ਮਰੀਜ਼ ਪਾਜ਼ੀਟਿਵ ਮਰੀਜ਼ ਪਾਏ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ‘ਚ ਦਾਖਲ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਿੰਦਰ ਕੌਰ ਨੂੰ ਕਿਹਾ ਕਿ ਅਸੀਂ ਸਾਰੇ ਜੇਕਰ ਇੰਝ ਹੀ ਕੰਮ ਕਰਦੇ ਰਹਾਂਗਾ ਤਾਂ ਪੰਜਾਬ ‘ਚ ਜਲਦੀ ਹੀ ਇਸ ਸਥਿਤੀ ‘ਤੇ ਕਾਬੂ ਪਾਇਆ ਜਾ ਸਕੇਗਾ। ਗੁਰਿੰਦਰ ਕੌਰ ਨੇ ਕਿਹਾ ਕਿ ਹੁਣ ਤੱਕ ਜਲੰਧਰ ‘ਚੋਂ 2500 ਦੇ ਕਰੀਬ ਟੈਸਟ ਹੋ ਚੁੱਕੇ ਹਨ।
ਪੰਜਾਬ ‘ਚ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 333 ਤੱਕ ਪਹੁੰਚਿਆ
ਪੰਜਾਬ ‘ਚ ਕੋਰੋਨਾ ਵਾਇਰਸ ਦੇ ਕੁੱਲ 333 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ ਕੋਰੋਨਾ ਵਾਇਰਸ ਦੇ 78, ਮੋਹਾਲੀ ‘ਚ 64, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 20, ਲੁਧਿਆਣਾ ‘ਚ 18, ਅੰਮ੍ਰਿਤਸਰ ‘ਚ 14, ਮਾਨਸਾ ‘ਚ 13, ਪਟਿਆਲਾ ‘ਚ 61, ਹੁਸ਼ਿਆਰਪੁਰ ‘ਚ 8, ਤਰਨਾਰਨ 6 ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਫਗਵਾੜਾ 3 ਕਪੂਰਥਲਾ 3, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1 ਅਤੇ ਫਿਰੋਜ਼ਪੁਰ ‘ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।
Previous articleਪਰਕਸ ਵੱਲੋਂ ਸੁਖਦੇਵ ਮਾਦਪੁਰੀ  ਦੇ ਅਕਾਲ  ਚਲਾਣੇ  ’ਤੇ ਡੂੰਘੇ  ਦੁੱਖ ਦਾ ਪ੍ਰਗਟਾਵਾ
Next articleਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ  ਵਿਧਾਇਕਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ