ਬਸਪਾ ਸੁਪਰੀਮੋ ਨੇ ਭਾਜਪਾ ਨਾਲ ਜੁੜੀਆਂ ਔਰਤਾਂ ਨੂੰ ਆਪਣੇ ਪਤੀਆਂ ਲਈ ਫ਼ਿਕਰਮੰਦ ਦੱਸਿਆ
ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿੱਜੀ ਤੇ ਤਿੱਖਾ ਸਿਆਸੀ ਹੱਲਾ ਬੋਲਦਿਆਂ ਕਿਹਾ ਕਿ ਭਾਜਪਾ ਨਾਲ ਜੁੜੀਆਂ ਔਰਤਾਂ ਆਪਣੇ ਪਤੀਆਂ ਲਈ ਫ਼ਿਕਰਮੰਦ ਹਨ ਕਿ ਕਿਤੇ ਮੋਦੀ ਨਾਲ ਮੇਲ-ਜੋਲ ਕਰਦਿਆਂ ਉਹ ਉਨ੍ਹਾਂ ਨੂੰ ‘ਤਿਆਗ ਨਾ ਦੇਣ’। ਮਾਇਆਵਤੀ ਨੇ ਇੱਥੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਭਾਜਪਾ ਦੀਆਂ ਔਰਤਾਂ ਚਿੰਤਾ ਵਿਚ ਰਹਿੰਦੀਆਂ ਹਨ ਕਿ ਕਿਤੇ ਮੋਦੀ ਵਾਂਗ ਉਨ੍ਹਾਂ ਦੇ ਪਤੀ ਵੀ ਉਨ੍ਹਾਂ ਨੂੰ ਛੱਡ ਨਾ ਦੇਣ। ਮਾਇਆਵਤੀ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਉਹ ਦੇਸ਼ ਦੀਆਂ ਮਹਿਲਾਵਾਂ ਨੂੰ ਅਪੀਲ ਕਰਦੇ ਹਨ ਕਿ ਮੋਦੀ ਨੂੰ ਵੋਟ ਨਾ ਦਿੱਤੀ ਜਾਵੇ। ਅਜਿਹਾ ਕਰ ਕੇ ਉਹ ‘ਮੋਦੀ ਜੀ’ ਵੱਲੋਂ ਤਿਆਗੀ ਉਨ੍ਹਾਂ ਦੀ ਪਤਨੀ ਨਾਲ ਹਮਦਰਦੀ ਪ੍ਰਗਟਾ ਸਕਦੀਆਂ ਹਨ। ਅਲਵਰ ਦੇ ਸਮੂਹਿਕ ਜਬਰ-ਜਨਾਹ ਕੇਸ ’ਤੇ ਪ੍ਰਧਾਨ ਮੰਤਰੀ ਦੇ ਬਿਆਨ ਬਾਰੇ ਬੋਲਦਿਆਂ ਬਸਪਾ ਸੁਪਰੀਮੋ ਨੇ ਕਿਹਾ ਕਿ ਮੋਦੀ ਪਹਿਲਾਂ ਚੁੱਪ ਹੀ ਸਨ। ਉਨ੍ਹਾਂ ਕਿਹਾ ਕਿ ਮੋਦੀ ਇਸ ਗੰਭੀਰ ਘਟਨਾ ’ਤੇ ਸੌੜੀ ਸਿਆਸਤ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਪਾਰਟੀ ਨੂੰ ਚੋਣਾਂ ’ਚ ਲਾਭ ਮਿਲ ਸਕੇ। ਮਾਇਆਵਤੀ ਨੇ ਕਿਹਾ ਕਿ ਜਦ ਮੋਦੀ ਨੇ ਸਿਆਸੀ ਹਿੱਤਾਂ ਖਾਤਰ ਆਪਣੀ ਪਤਨੀ ਨੂੰ ਹੀ ਛੱਡ ਦਿੱਤਾ, ਹੋਰਾਂ ਦੀਆਂ ਪਤਨੀਆਂ ਤੇ ਧੀਆਂ ਨੂੰ ਉਹ ਕੀ ਸਨਮਾਨ ਦੇਣਗੇ? ਮਾਇਆਵਤੀ ਨੇ ਕਿਹਾ ਕਿ ਬਸਪਾ ਅਲਵਰ ਮਾਮਲੇ ’ਤੇ ਸਖ਼ਤ ਕਾਰਵਾਈ ਦੀ ਮੰਗ ਕਰਦੀ ਹੈ ਤੇ ਤੁਰੰਤ ਕਾਰਵਾਈ ਨਾ ਕਰਨ ਕਰ ਕੇ ਕਾਂਗਰਸ ਸਰਕਾਰ ਤੋਂ ਸਮਰਥਨ ਵਾਪਸ ਲੈਣ ਬਾਰੇ ਵੀ ਸੋਚ ਰਹੀ ਹੈ। ਇੱਥੇ ਸਪਾ ਤੇ ਬਸਪਾ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਨਰਿੰਦਰ ਮੋਦੀ ਨੂੰ ‘ਜਾਅਲੀ ਓਬੀਸੀ’ ਕਰਾਰ ਦਿੱਤਾ। ਬਸਪਾ ਮੁਖੀ ਨੇ ਕਿਹਾ ਕਿ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਵਿਰੋਧੀ ਧਿਰ ਭੱਦੀ ਸ਼ਬਦਾਵਲੀ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਗਲਤ ਢੰਗ-ਤਰੀਕੇ ਅਖ਼ਤਿਆਰ ਕਰਨ ’ਤੇ ਹੀ ਗਾਲਾਂ ਪੈਂਦੀਆਂ ਹਨ।