ਮੋਦੀ ਵੱਲੋਂ ਫ਼ੌਜੀ ਕਾਰਵਾਈ ਦਾ ਖ਼ੁਲਾਸਾ ਚੋਣ ਜ਼ਾਬਤੇ ਦੀ ਉਲੰਘਣਾ: ਸੀਪੀਐਮ

ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ ਕਰਕੇ ਦੋਸ਼ ਲਾਇਆ ਹੈ ਕਿ ਉਹ ਟੀਵੀ ਇੰਟਰਵਿਊ ’ਚ ਵੋਟਰਾਂ ਨੂੰ ਭਰਮਾਉਣ ਲਈ ਸੰਵੇਦਨਸ਼ੀਲ ਰੱਖਿਆ ਮਿਸ਼ਨ ਦੇ ਵੇਰਵੇ ਸਾਂਝੇ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ। ਪੱਤਰ ’ਚ ਸ੍ਰੀ ਯੇਚੁਰੀ ਨੇ ਕਿਹਾ ਕਿ ਸ੍ਰੀ ਮੋਦੀ ਦਾ ਬਿਆਨ ਚੋਣ ਕਮਿਸ਼ਨ ਵੱਲੋਂ ਪਹਿਲੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਸਪੱਸ਼ਟ ਤੌਰ ’ਤੇ ਉਲੰਘਣਾ ਹੈ ਜਿਸ ’ਚ ਸਾਫ਼ ਕਿਹਾ ਗਿਆ ਸੀ ਕਿ ਹਥਿਆਰਬੰਦ ਬਲਾਂ ਦੀ ਚੋਣਾਂ ’ਚ ਕਿਸੇ ਵੀ ਪਾਰਟੀ ਵੱਲੋਂ ਦੁਰਵਰਤੋਂ ਨਾ ਕੀਤੀ ਜਾਵੇ। ਸੀਪੀਐਮ ਦੇ ਜਨਰਲ ਸਕੱਤਰ ਨੇ ਕਿਹਾ ਕਿ ਚੋਣ ਪ੍ਰਚਾਰ ਬੰਦ ਹੋਣ ਦੇ ਸਮੇਂ ਦੌਰਾਨ ਪ੍ਰਸਾਰਿਤ ਇਸ ਇੰਟਰਵਿਊ ਲਈ ਕਮਿਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਸਾਰੇ ਨੇਮਾਂ, ਜ਼ਾਬਤਿਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਚੋਣ ਕਮਿਸ਼ਨ ਦਾ ਮਖੌਲ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਖ਼ਿਲਾਫ਼ ਕਾਰਵਾਈ ਆਰੰਭ ਕੇ ਚੋਣ ਕਮਿਸ਼ਨ ਨੂੰ ਆਪਣੇ ਰੁਤਬੇ, ਸਨਮਾਨ ਅਤੇ ਭਰੋਸੇਯੋਗਤਾ ਨੂੰ ਬਹਾਲ ਰੱਖਣਾ ਚਾਹੀਦਾ ਹੈ।

Previous articleਪਤਨੀ ਛੱਡਣ ਵਾਲੇ ਮੋਦੀ ਕਿਸੇ ਦਾ ਸਤਿਕਾਰ ਨਹੀਂ ਕਰਦੇ: ਮਾਇਆਵਤੀ
Next articlePriyanka stops her cavalcade to wish pro-Modi supporters