ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਕਰਵਾਈਆਂ ਗਈਆਂ ਸੂਬਾ ਪੱਧਰੀ ਖੇਡਾਂ (ਲੜਕੇ ਅੰਡਰ-14) ਅੱਜ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ 39 ਅੰਕ ਪ੍ਰਾਪਤ ਕਰ ਕੇ ਪਟਿਆਲਾ ਓਵਰਆਲ ਚੈਂਪੀਅਨ ਬਣਿਆ, ਜਦੋਂਕਿ 25 ਅੰਕਾਂ ਨਾਲ ਲੁਧਿਆਣਾ ਦੂਜੇ ਅਤੇ 24 ਅੰਕਾਂ ਨਾਲ ਮੁਹਾਲੀ ਤੀਜੇ ਸਥਾਨ ’ਤੇ ਰਿਹਾ। ਜੇਤੂ ਖਿਡਾਰੀਆਂ ਨੂੰ ਖੇਡ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਸੈਂਬੀ ਨੇ ਇਨਾਮਾਂ ਦੀ ਵੰਡ ਕੀਤੀ। ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਟੂਰਨਾਮੈਂਟ ਦੇ ਆਖਰੀ ਦਿਨ ਹੋਏ ਮੁਕਾਬਲਿਆਂ ਦੌਰਾਨ ਅਥਲੈਟਿਕਸ ’ਚੋਂ 200 ਮੀਟਰ ਦੌੜ ਵਿੱਚ ਫ਼ਤਹਿਗੜ੍ਹ ਸਾਹਿਬ ਦੇ ਦੀਪਕ ਠਾਕੁਰ ਨੇ ਪਹਿਲਾ, ਮੋਗਾ ਦੇ ਪਰਮਵੀਰ ਸਿੰਘ ਨੇ ਦੂਜਾ ਅਤੇ ਫਿਰੋਜ਼ਪੁਰ ਦੇ ਜੋਬਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੌੜ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਕਰਨ ਕੁਮਾਰ ਨੇ, 4*100 ਮੀਟਰ ਰਿਲੇਅ ਦੌੜ ਵਿੱਚ ਫਿਰੋਜ਼ਪੁਰ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਬੈਡਮਿੰਟਨ ਦੇ ਫਾਈਨਲ ਮੁਕਾਬਲਿਆਂ ਵਿੱਚ ਪਠਾਨਕੋਟ ਨੇ ਜਲੰਧਰ ਨੂੰ 2-0 ਦੇ ਫ਼ਰਕ ਨਾਲ ਹਰਾਇਆ। ਖੋ-ਖੋ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 7-6 ਦੇ ਫ਼ਰਕ ਨਾਲ ਮਾਤ ਦਿੱਤੀ। ਜਿਮਨਾਸਟਿਕ ’ਚ 263 ਅੰਕਾਂ ਨਾਲ ਪਟਿਆਲਾ ਜੇਤੂ ਬਣਿਆ। ਮੁਹਾਲੀ ਦਾ ਸਾਰਥਕ 63 ਪੁਆਇੰਟਾਂ ਨਾਲ ਸਭ ਤੋਂ ਵਧੀਆ ਜਿਮਨਾਸਟ ਬਣਿਆ। ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਮੁਹਾਲੀ ਨੇ ਪਹਿਲਾ, ਜਲੰਧਰ ਨੇ ਦੂਜਾ, ਸੰਗਰੂਰ ਅਤੇ ਬਰਨਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੈਰਾਕੀ ਵਿੱਚ ਜ਼ਿਲ੍ਹਾ ਲੁਧਿਆਣਾ ਨੇ 28 ਅੰਕਾਂ ਨਾਲ ਪਹਿਲਾ ਜਦੋਂਕਿ ਮੁਹਾਲੀ ਨੇ 26 ਅਤੇ ਫ਼ਰੀਦਕੋਟ ਨੇ 22 ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਫੁਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਹੁਸ਼ਿਆਰਪੁਰ ਨੇ ਜਲੰਧਰ ਨੂੰ 2-0 ਦੇ ਫ਼ਰਕ ਨਾਲ ਹਰਾਇਆ।
ਹੈਂਡਬਾਲ ਦੇ ਫਾਈਨਲ ਮੁਕਾਬਲੇ ਵਿੱਚ ਫਿਰੋਜ਼ਪੁਰ ਨੇ ਪਟਿਆਲਾ ’ਤੇ 17-15 ਦੇ ਫਰਕ ਨਾਲ, ਕਬੱਡੀ ਸਰਕਲ ਸਟਾਈਲ ਵਿੱਚ ਕਪੂਰਥਲਾ ਨੇ ਗੁਰਦਾਸਪੁਰ ’ਤੇ 39-33 ਦੇ ਫ਼ਰਕ ਨਾਲ ਜਿੱਤਾਂ ਦਰਜ ਕੀਤੀਆਂ। ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰਮ੍ਰਿਤਸਰ ਨੇ ਪਹਿਲਾ, ਪਟਿਆਲਾ ਨੇ ਦੂਜਾ, ਲੁਧਿਆਣਾ ਤੇ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਕੀ ਵਿੱਚ ਜਲੰਧਰ ਨੇ ਮੁਹਾਲੀ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਬਠਿੰਡਾ ਨੇ ਲੁਧਿਆਣਾ ਨੂੰ ਪੈਨਲਿਟੀ ਸ਼ੂਟ ਆਊਟ ਮੁਕਾਬਲੇ ਵਿੱਚ 4-3 ਦੇ ਫ਼ਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੱਕੇਬਾਜ਼ੀ ਵਿੱਚ ਪਟਿਆਲਾ ਨੇ 14 ਪੁਆਇੰਟਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਮੁਹਾਲੀ ਨੇ ਲੁਧਿਆਣਾ ਨੂੰ 3-2 ਦੇ ਫਰਕ ਨਾਲ ਹਰਾ ਕੇ ਜੇਤੂ ਰਹਿਣ ਦਾ ਮਾਣ ਪ੍ਰਾਪਤ ਕੀਤਾ। ਰੋਲਰ ਸਕੇਟਿੰਗ ਦੇ ਮੁਕਾਬਲਿਆਂ ਵਿੱਚ ਸੰਗਰੂਰ ਨੇ 25 ਅੰਕਾਂ ਨਾਲ ਪਹਿਲਾ, ਜਲੰਧਰ ਨੇ 18 ਅੰਕਾਂ ਨਾਲ ਦੂਜਾ ਅਤੇ ਪਟਿਆਲਾ ਨੇ 13 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਹੋਰ ਵੀ ਕਈ ਖੇਡ ਮੁਕਾਬਲੇ ਕਰਵਾਏ ਗਏ।
Sports ਪਟਿਆਲਾ 39 ਅੰਕਾਂ ਨਾਲ ਓਵਰਆਲ ਚੈਂਪੀਅਨ ਬਣਿਆ