ਆਰਸੀਬੀ ਨੇ ਹੈਸਨ ਨੂੰ ਕ੍ਰਿਕਟ ਸੰਚਾਲਨ ਦਾ ਡਾਇਰੈਕਟਰ ਬਣਾਇਆ

ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਇਜ਼ੀ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੈਸਨ ਨੂੰ ਅੱਜ ਕ੍ਰਿਕਟ ਸੰਚਾਲਨ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ ਜਦੋਂਕਿ ਆਸਟਰੇਲੀਆ ਦੇ ਸਾਈਮਨ ਕੈਟਿਚ ਟੀਮ ਨਵੇਂ ਮੁੱਖ ਕੋਚ ਬਣਾਏ ਗਏ ਹਨ। ਆਰਸੀਬੀ ਨੇ ਕਿਹਾ ਕਿ ਹੈਸਨ ਆਪਣੀ ਨਵੀਂ ਸਮਰੱਥਾ ’ਚ ਟੀਮ ਦੇ ਕ੍ਰਿਕਟ ਸੰਪੂਰਨ ਸੰਚਾਲਨ ਲਈ ਜ਼ਿੰਮੇਵਾਰ ਹੋਣਗੇ।
ਇਸ ਵਿਚ ਟੀਮ ਨਾਲ ਜੁੜੀ ਨੀਤੀ, ਰਣਨੀਤੀ, ਪ੍ਰੋਗਰਾਮ, ਪ੍ਰਤਿਭਾ, ਖੋਜ ਤੇ ਪ੍ਰਦਰਸ਼ਨ ਪ੍ਰਬੰਧਨ ਸ਼ਾਮਲ ਹਨ। ਇਸ ਵਿੱਚ ‘ਕ੍ਰਿਕਟ ਦੇ ਸਾਰੇ ਪਹਿਲੂਆਂ ਲਈ’ ਸਰਬੋਤਮ ਪ੍ਰਥਾਵਾਂ ਦਾ ਇਸਤੇਮਾਲ ਕਰਨਾ ਵੀ ਸ਼ਾਮਲ ਹੈ। ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਕੈਟਿਚ ਮੁੱਖ ਕੋਚ ਦੀ ਨਵੀਂ ਭੂਮਿਕਾ ਵਿੱਚ ‘ਉੱਚ ਪ੍ਰਦਰਸ਼ਨ ਸਭਿਆਚਾਰ’ ਲਿਆਉਣ ਦੀ ਕੋਸ਼ਿਸ਼ ਕਰਨਗੇ। ਆਰਸੀਬੀ ਮੁਖੀ ਸੰਜੀਵ ਚੂੜੀਵਾਲਾ ਨੇ ਕਿਹਾ, ‘‘ਆਰਸੀਬੀ ਦਾ ਉਦੇਸ਼ ਸਭ ਤੋਂ ਭਰੋਸੇਯੋਗ, ਸਨਮਾਨਿਤ ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀ-20 ਟੀਮ ਬਣਾਉਣਾ ਹੈ, ਇਸ ਵਾਸਤੇ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਟੀਮ ਦੇ ਹਰੇਕ ਮੈਂਬਰ ਲਈ ਸਭ ਤੋਂ ਵਧੀਆ ਪ੍ਰਦਰਸ਼ਨ ਦਾ ਸਭਿਆਚਾਰ ਲਾਗੂ ਕਰੀਏ। ਇਸ ਇੱਛਾ ਨੂੰ ਪੂਰਾ ਕਰਨ ਲਈ ਸਾਨੂੰ ਇਹ ਨਿਯੁਕਤੀਆਂ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।’’
ਆਰਸੀਬੀ ਨੇ ਪਿਛਲੇ ਸੈਸ਼ਨਾਂ ਵਿੱਚ ਟੀਮ ਦੇ ਕੋਚ ਤੇ ਮੈਂਟਰ ਰਹੇ ਗੈਰੀ ਕਰਸਟਨ ਦੇ ਨਾਲ-ਨਾਲ ਗੇਂਦਬਾਜ਼ੀ ਸਲਾਹਕਾਰ ਆਸ਼ੀਸ਼ ਨਹਿਰਾ ਦੇ ਨਾਲ ਸਮਝੌਤਾ ਖ਼ਤਮ ਕਰ ਦਿੱਤਾ ਹੈ।

Previous articleਆਸਟਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਹੀਂ ਟਿਕੇ ਬਰਤਾਨਵੀ
Next articleਪਟਿਆਲਾ 39 ਅੰਕਾਂ ਨਾਲ ਓਵਰਆਲ ਚੈਂਪੀਅਨ ਬਣਿਆ