ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਖਹਿਬੜੀਆਂ

ਮਾਛੀਵਾੜਾ -ਦੀਵਾਲੀ ਦੀ ਰਾਤ ਸਥਾਨਕ ਇੰਦਰਾ ਕਲੌਨੀ ਵਿੱਚ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਖੂਨੀ ਲੜਾਈ ਹੋਈ ਜਿਸ ਵਿਚ ਦੋਵਾਂ ਧਿਰਾਂ ਦੀਆਂ 2 ਔਰਤਾਂ ਸਮੇਤ 6 ਵਿਅਕਤੀ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਛੀਵਾੜਾ ਹਸਪਤਾਲ ’ਚ ਇਲਾਜ ਅਧੀਨ ਜਸਵਿੰਦਰ ਸਿੰਘ ਨੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਕਿ ਦੀਵਾਲੀ ਦੀ ਰਾਤ 8 ਵਜੇ ਉਹ ਆਪਣੀ ਦੁਕਾਨ ’ਤੇ ਬੈਠਾ ਸੀ ਕਿ ਦੂਜੀ ਧਿਰ ਮੋਹਣੀ ਨਾਥ ਜਿਨ੍ਹਾਂ ਨਾਲ ਉਸ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਉਹ ਜਾਣਬੁੱਝ ਕੇ ਉਸ ਦੀ ਦੁਕਾਨ ਅੱਗੇ ਪਟਾਕੇ ਚਲਾਉਣ ਲੱਗ ਪਏ। ਜਸਵਿੰਦਰ ਸਿੰਘ ਅਨੁਸਾਰ ਉਸ ਨੇ ਦੁਕਾਨ ਨੇੜੇ ਹੀ ਕੁੱਝ ਪਟਾਕੇ ਵੇਚਣ ਲਈ ਲਗਾਏ ਸਨ ਅਤੇ ਦੂਜੀ ਧਿਰ ਵਲੋਂ ਜਾਣਬੁੱਝ ਕੇ ਨੇੜੇ ਹੀ ਪਟਾਕੇ ਚਲਾਉਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਜਦੋਂ ਉਨ੍ਹਾਂ ਪਟਾਕੇ ਚਲਾਉਣ ਤੋਂ ਰੋਕਿਆ ਤਾਂ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਨੂੰ ਬਚਾਉਣ ਲਈ ਉਸ ਦਾ ਪਿਤਾ ਚਰਨ ਸਿੰਘ ਤੇ ਮਾਤਾ ਰਛਪਾਲ ਕੌਰ ਵੀ ਆਏ ਤਾਂ ਉਨ੍ਹਾਂ ਨੂੰ ਦੀ ਵੀ ਕੁੱਟਮਾਰ ਕੇ ਜਖ਼ਮੀ ਕਰ ਦਿੱਤਾ।
ਜਸਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਦੂਜੀ ਧਿਰ ਨੇ ਦੁਕਾਨ ਅੰਦਰ ਵੜ ਕੇ ਭੰਨਤੋੜ ਕੀਤੀ ਅਤੇ ਅੰਦਰ ਪਿਆ ਸਾਰਾ ਸਾਮਾਨ ਖ਼ਰਾਬ ਕਰ ਦਿੱਤਾ। ਬਿਆਨਕਰਤਾ ਅਨੁਸਾਰ ਉਸ ਉਪਰ ਦੂਜੀ ਧਿਰ ਦੇ ਮੋਹਣੀ ਨਾਥ, ਸੁੱਖਾ, ਮਿੱਡੀ, ਅਲੀ, ਅਜਮੇਰੋ ਤੇ ਜੋਤੀ ਨੇ ਹਮਲਾ ਕੀਤਾ। ਇਸ ਤੋਂ ਇਲਾਵਾ ਦੂਜੀ ਧਿਰ ਦੇ ਵੀ 3 ਵਿਅਕਤੀ ਮੋਹਣੀ ਨਾਥ, ਸੁੱਖਾ ਤੇ ਜੋਤੀ ਵੀ ਹਸਪਤਾਲ ’ਚ ਇਲਾਜ ਅਧੀਨ ਸਨ ਅਤੇ ਇਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਉਪਰ ਜਸਵਿੰਦਰ ਸਿੰਘ ਤੇ ਹੋਰ ਕਈ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਜਖ਼ਮੀ ਹੋ ਗਏ। ਪੁਲੀਸ ਵੱਲੋਂ ਇਸ ਲੜਾਈ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਹਾਇਕ ਥਾਣੇਦਾਰ ਵਿਪਨ ਕੁਮਾਰ ਵੱਲੋਂ ਹਸਪਤਾਲ ਪੁੱਜ ਕੇ ਜਖ਼ਮੀਆਂ ਦੇ ਬਿਆਨ ਦਰਜ ਕੀਤੇ ਗਏ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਆਈ ਰਿਪੋਰਟ ਤੇ ਬਿਆਨਾਂ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Previous articleਦੀਵਾਲੀ: ਲੋਕਾਂ ਨੂੰ ਧੂੰਏੇਂ ਕਾਰਨ ਸਾਹ ਲੈਣਾ ਹੋਇਆ ਔਖਾ
Next articleਇਸਲਾਮਿਕ ਸਟੇਟ ਦਾ ਮੁਖੀ ਬਗ਼ਦਾਦੀ ਹਲਾਕ