ਤਿਉਹਾਰਾਂ ਦੇ ਦਿਨ ਹੋਣ ਕਾਰਨ ਮਾਨਸਾ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਮੁਕੰਮਲ ਕਰਨ ਤਹਿਤ ਵਰਤੀ ਜਾ ਰਹੀ ਚੌਕਸੀ ਅਧੀਨ ਸ਼ਹਿਰ ਦੇ ਦੋ ਵਿਅਕਤੀਆਂ ਪਾਸੋਂ ਧਮਾਕਾਖੇਜ਼ ਸਮੱਗਰੀ ਸਮੇਤ ਪਟਾਕਿਆਂ ਦੀ ਬਰਾਮਦਗੀ ਕੀਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਦੋਵੇਂ ਜਣੇ ਧਮਾਕਾਖੇਜ਼ ਸਮੱਗਰੀ (ਬਾਰੂਦ) ਵਾਲੇ ਪਟਾਕੇ ਨਾਜਾਇਜ਼ ਤੌਰ ’ਤੇ ਤਿਆਰ ਕਰ ਕੇ ਵੇਚਦੇ ਸਨ।
ਮਾਨਸਾ ਦੇ ਸੀਨੀਅਰ ਕਪਤਾਨ ਡਾ. ਨਰਿੰਦਰ ਭਾਰਗਵ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲੀਸ ਪਾਰਟੀ ਗਸ਼ਤ ਦੌਰਾਨ ਮੁਖਬਰੀ ਹੋਈ ਕਿ ਰਾਮਾਨੰਦ ਅਤੇ ਹਰੀਚਰਨ ਉਰਫ ਪੱਪੂ ਵਾਸੀ ਭੱਠਾ ਬਸਤੀ ਮਾਨਸਾ ਨੇ ਸ਼ਹਿਰ ਦੇ ਵੀਰ ਨਗਰ ਮੁਹੱਲਾ ਵਿੱਚ ਸੰਘਣੀ ਆਬਾਦੀ ਵਾਲੀ ਜਗ੍ਹਾ ਵਿੱਚ ਦੁਕਾਨ ਬਣਾਈ ਹੋਈ ਹੈ ਜਿੱਥੇ ਇਹ ਦੋਵੇਂ ਜਣੇ ਧਮਾਕਾਖੇਜ਼ ਸਮੱਗਰੀ ਵਾਲੇ ਪਟਾਕੇ ਨਾਜਾਇਜ਼ ਤੌਰ ‘ਤੇ ਤਿਆਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੰਘਣੀ ਆਬਾਦੀ ਹੋਣ ਕਰ ਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਜੋ ਮਾਨਯੋਗ ਜਿਲਾ ਮੈਜਿਸਟਰੇਟ ਮਾਨਸਾ ਦੇ ਹੁਕਮ ਦੀ ਵੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 188 ਅਤੇ 6, 9-ਬੀ. ਐਕਸਪਲੋਸਿਵ ਐਕਟ-1884, ਧਾਰਾ 3,4 ਐਕਸਪਲੋਸਿਵ ਸਬਸਟਾਂਸਿਜ਼ ਐਕਟ-1908 ਥਾਣਾ ਸਿਟੀ-1 ਮਾਨਸਾ ਵਿਚ ਦਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਮੌਕਾ ‘ਤੇ ਛਾਪੇ ਮਾਰ ਕੇ ਰਾਮਾਨੰਦ ਅਤੇ ਹਰੀਚਰਨ ਪਾਸੋਂ 1668 ਭਰੇ ਹੋਏ ਬਿਨਾਂ ਬੱਤੀ ਸੀਡ ਵਾਲੇ ਪਟਾਕੇ, 745 ਬੱਤੀ ਵਾਲੇ ਬਿਨਾਂ ਸੀਡ ਪਟਾਕੇ, 1100 ਵੱਡੇ ਸੀਡ ਪਟਾਕੇ, 2200 ਛੋਟੇ ਸੀਡ ਪਟਾਕੇ, 400 ਖੁੱਲ੍ਹੇ ਸੀਡ ਪਟਾਕੇ, 200 ਮਿੱਟੀ ਦੇ ਅਨਾਰ (ਖਾਲੀ), 1850 ਖਾਲੀ ਗੱਤੇ ਦੇ ਖੋਲ, 3360 ਬੱਤੀਆਂ (ਬਾਰੂਦ), 22 ਕਿਲੋਗ੍ਰਾਮ ਧਮਾਕਾਖੇਜ਼ ਪਾਊਡਰ (6 ਰੰਗਾਂ ਵਿੱਚ) ਦੀ ਬਰਾਮਦਗੀ ਕੀਤੀ ਹੈ।
INDIA ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ