ਨੰਬਰਦਾਰ ਸਾਹਿਬਾਨਾਂ ਦੀ ਅਣਖ ਨਾਲ ਨਾ ਖੇਡੇ ਪੰਜਾਬ ਸਰਕਾਰ – ਅਸ਼ੋਕ ਸੰਧੂ ਨੰਬਰਦਾਰ

                      ਫੋਟੋ – ਨਵੇਂ ਸਾਲ ਮੌਕੇ ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨਾਲ ਇਲਾਕੇ ਦੇ ਮਾਣਮੱਤੇ ਨੰਬਰਦਾਰ ਸਾਹਿਬਾਨ
*ਨਵੇਂ ਸਾਲ ਮੌਕੇ ਪਰਮਾਤਮਾ ਪਾਸੋ ਮੰਗਿਆ ਸਰਬੱਤ ਦਾ ਭਲਾ*
*ਸਰਪੰਚ ਬਣੇ ਨੰਬਰਦਾਰਾਂ ਦਾ ਸਨਮਾਨ ਕਰੇਗੀ ਨੰਬਰਦਾਰ ਯੂਨੀਅਨ।*
*ਪੰਚਾਇਤ ਚੋਣਾਂ ਦੌਰਾਨ ਹੋਏ ਖੁੱਲ੍ਹੇ ਨਸ਼ੇ ਦੀ ਵਰਤੋਂ ਦੀ ਕੀਤੀ ਕੜਕ ਨਿਖੇਧੀ।*

 ਨੂਰਮਹਿਲ – (ਹਰਜਿੰਦਰ ਛਾਬੜਾ)- ਨੰਬਰਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਨਵੇਂ ਸਾਲ 2019 ਦੇ ਸ਼ੁਭ ਮੌਕੇ ਪਰਮਾਤਮਾ ਪਾਸੋਂ ਸਰਬੱਤ ਦਾ ਭਲਾ ਮੰਗਣ ਅਤੇ ਸਾਲ 2018 ਵਿੱਚ ਪੰਜਾਬ ਸਰਕਾਰ ਵੱਲੋਂ ਨੰਬਰਦਾਰ ਸਾਹਿਬਾਨਾਂ ਪ੍ਰਤੀ ਅਪਣਾਏ ਰਵਈਏ ਦਾ ਮੁਲਾਂਕਣ ਕਰਨ ਸੰਬੰਧੀ ਜ਼ਿਲ੍ਹਾ ਪ੍ਰਧਾਨ ਜਲੰਧਰ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਹੋਈ।

                   ਨੰਬਰਦਾਰ ਯੂਨੀਅਨ ਦੇ ਬੁਲਾਰਿਆਂ ਨੇ ਦੱਸਿਆ ਸਾਲ 2018 ਵਿੱਚ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਖਾਸ ਕਰ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦਾ ਮੁੱਦਾ ਨੰਬਰਦਾਰ ਯੂਨੀਅਨ ਵੱਲੋਂ ਉਚੇਚੇ ਤੌਰ ਤੇ ਉਠਾਇਆ ਪਰ ਅੱਜ ਵੀ ਸਾਰਾ ਸਿਸਟਮ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਜਿਸਨੂੰ ਇਸ ਸਾਲ ਨੱਥ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
                   ਨੰਬਰਦਾਰ ਯੂਨੀਅਨ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਸਮੇਤ ਹੋਰ ਬੁਲਾਰਿਆਂ ਨੇ ਇਸ ਗੱਲ ਦੀ ਕੜਕ ਸ਼ਬਦਾਂ ਵਿੱਚ ਨਿੰਦਾ ਕੀਤੀ ਕਿ ਪੰਜਾਬ ਸਰਕਾਰ ਨੇ ਰਜਿਸਟਰੀ ਕਰਵਾਉਣ ਵੇਲੇ ਸਿਰਫ ਆਧਾਰ ਕਾਰਡ ਨੂੰ ਹੀ ਪੂਰੀ ਮਾਨਤਾ ਦਿੱਤੀ ਹੈ ਅਤੇ ਨੰਬਰਦਾਰ ਸਾਹਿਬਾਨਾਂ ਦੇ ਸ਼ਨਾਖਤੀ ਕਾਰਡ ਨੂੰ ਦਰ ਕਿਨਾਰ ਕਰ ਦਿੱਤਾ ਹੈ ਜੋ ਕਿ ਨੰਬਰਦਾਰ ਸਾਹਿਬਾਨਾਂ ਨਾਲ ਪੂਰੀ ਤਰਾਂ ਬੇਇਨਸਾਫ਼ੀ ਹੈ, ਅਜਿਹਾ ਕਰਕੇ ਪੰਜਾਬ ਸਰਕਾਰ ਨੇ ਨੰਬਰਦਾਰ ਸਾਹਿਬਾਨਾਂ ਦੀ ਅਣਖ ਨੂੰ ਲਲਕਾਰਿਆ ਹੈ ਅਤੇ ਧਾਂਧਲੀਆਂ ਕਰਨ ਦੇ ਮੌਕੇ ਪੈਦਾ ਕਰ ਦਿੱਤੇ ਹਨ ਕਿਉਂਕਿ ਆਧਾਰ ਕਾਰਡ ਤਾਂ ਲੋਕ ਆਪਣੀ ਜੇਬ ਦੋ ਦੋ – ਤਿੰਨ ਤਿੰਨ ਪਾਈ ਫਿਰਦੇ ਹਨ ਜਦਕਿ ਨੰਬਰਦਾਰ ਦੇ ਸ਼ਨਾਖਤੀ ਕਾਰਡ ਨੂੰ ਦੇਸ਼ ਦੀ ਸਰਬਉੱਚ ਅਦਾਲਤ ਵੀ ਪਹਿਲ ਦਿੰਦੀ ਹੈ। ਜ਼ਿਲਾ ਪ੍ਰਧਾਨ ਨੇ ਪੰਜਾਬ ਦੇ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ ਇਸ ਗੱਲ ਪ੍ਰਤੀ ਸੁਚੇਤ ਹੋਣ ਅਤੇ ਵੱਡੇ ਪੱਧਰ ਤੇ ਮੁਹਿੰਮ ਛੇੜਣ ਲਈ ਕਿਹਾ ਹੈ। ਪੰਜਾਬ ਸਰਕਾਰ ਨੂੰ ਨੰਬਰਦਾਰ ਸਾਹਿਬਾਨਾਂ ਨਾਲ ਕੀਤੇ ਵਾਅਦਿਆਂ ਨੂੰ ਪਹਿਲ ਆਧਾਰ ਤੇ ਲਾਗੂ ਕਰਨ ਲਈ ਵੀ ਬੇਨਤੀ ਕੀਤੀ ਹੈ।
                    ਨੰਬਰਦਾਰ ਯੂਨੀਅਨ ਵੱਲੋਂ ਪੰਚਾਇਤੀ ਚੋਣਾਂ ਚੋਣਾਂ ਦੌਰਾਨ ਵਰਤੇ ਖੁਲ੍ਹੇ ਨਸ਼ੇ ਪੱਤੇ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ, ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੂਰਾ ਪੰਜਾਬ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ਼ਹੀਦੀ ਜੋੜ ਮੇਲੇ ਲਗਾ ਰਿਹਾ ਸੀ ਦੂਜੇ ਪਾਸੇ ਸੱਤਾ ਦੇ ਲਾਲਚੀ ਲੋਕ ਪੰਜਾਬ ਦੇ ਲੋਕਾਂ ਨੂੰ ਦਿਨ ਦਿਹਾੜੇ ਨਸ਼ੇ ਦੀ ਦਲ ਦਲ ਵਿੱਚ ਡੁੱਬੋ ਰਹੇ ਸਨ।
                    ਇਸ ਮੀਟਿੰਗ ਵਿੱਚ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਕਿ ਜੋ ਨੰਬਰਦਾਰ ਸਾਹਿਬਾਨ ਸਰਪੰਚ ਬਣੇ ਹਨ ਨੰਬਰਦਾਰ ਯੂਨੀਅਨ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਯੂਨੀਅਨ ਦੇ ਡਾਇਰੈਕਟਰ ਗੁਰਮੇਲ ਚੰਦ ਮੱਟੂ, ਪੀ.ਆਰ. ਓ ਜਗਨ ਨਾਥ ਨੂਰਮਹਿਲ, ਨੰਬਰਦਾਰ ਕ੍ਰਮਵਾਰ ਤਰਸੇਮ ਲਾਲ ਉੱਪਲ ਖਾਲਸਾ, ਬੱਗੜ ਰਾਮ ਬਿਲਗਾ, ਹਰਪਾਲ ਸਿੰਘ ਬੰਡਾਲਾ, ਹਰਭਜਨ ਸਿੰਘ ਭੰਡਾਲ ਬੂਟਾ, ਬਲਜਿੰਦਰ ਸਿੰਘ ਬਿਲਗਾ, ਜੀਤ ਰਾਮ ਸ਼ਾਮਪੁਰ, ਬਹਾਦਰ ਸਿੰਘ ਹਰਦੋ ਸੰਘਾ, ਦਲਜੀਤ ਸਿੰਘ ਭੱਲੋਵਾਲ, ਰਮੇਸ਼ ਲਾਲ ਤਲਵਣ, ਜਰਨੈਲ ਸਿੰਘ ਗ਼ਦਰਾ, ਅਜੀਤ ਰਾਮ ਤਲਵਣ, ਗੁਰਦੇਵ ਸਿੰਘ ਉਮਰਪੁਰ ਕਲਾਂ, ਰਮੇਸ਼ ਦਾਦਰਾ ਬੁਰਜ ਹਸਨ, ਮਹਿੰਗਾ ਰਾਮ ਫਤਿਹਪੁਰ, ਸੀਤਲ ਦਾਸ ਰਾਜੋਵਾਲ, ਸਤਨਾਮ ਸਿੰਘ ਹਰਦੋ ਸੰਘਾ, ਮਹਿੰਦਰ ਸਿੰਘ ਨਾਹਲ, ਅਮਰੀਕ ਸਿੰਘ ਸੁੰਨੜ ਕਲਾਂ ਅਤੇ ਦਿਨਕਰ ਸੰਧੂ ਤੋਂ ਇਲਾਵਾ ਹੋਰ ਨੰਬਰਦਾਰ ਸਾਹਿਬਾਨਾਂ ਨੇ ਸਰਬੱਤ ਦੇ ਭਲੇ ਲਈ ਨਵੇਂ ਸਾਲ ਮੌਕੇ ਸਭ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੇਸ਼, ਸਮਾਜ, ਧਰਮ ਅਤੇ ਫ਼ਰਜਾਂ ਪ੍ਰਤੀ ਸੁਚਾਰੂ ਰਹਿਣ ਦਾ ਪਰਮਾਤਮਾ ਪਾਸੋਂ ਬਲ ਮੰਗਿਆ।
Previous articleAustralian government closes major immigration detention centres
Next articleThe Public Relation Interview of Narendra Modi