ਚੰਡੀਗੜ੍ਹ ਪੁਲੀਸ ਨੇ ਲੰਘੀ 13 ਅਕਤੂਬਰ ਨੂੰ ਇਥੇ ਸੈਕਟਰ-15 ’ਚ ਸੰਦੀਪ ਨਾਂ ਦੇ ਨੌਜਵਾਨ ਦੇ ਕਤਲ ਦੇ ਦੋਸ਼ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਇਥੇ ਧਨਾਸ ਦੇ ਰਹਿਣ ਵਾਲੇ ਹਨ ਤੇ ਵੇਟਰ ਦਾ ਕੰਮ ਕਰਦੇ ਸਨ। ਪੁਲੀਸ ਅਨੁਸਾਰ ਗੁਪਤ ਸੂਚਨਾ ਦੇ ਆਧਾਰ ’ਤੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨੌਜਵਾਨ ਦੇ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਮੁਜ਼ਲਮਾਂ ਬਾਰੇ ਸੈਕਟਰ-11 ਥਾਣੇ ਦੇ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 13 ਅਕਤੂਬਰ ਨੂੰ ਸੰਦੀਪ ਨਾਂ ਦੇ ਨੌਜਵਾਨ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮ ਇਥੇ ਧਨਾਸ ਲਾਗੇ ਜੰਗਲਾਂ ’ਚ ਸਥਿਤ ਕਾਲੀਮਾਤਾ ਮੰਦਰ ਇਲਾਕੇ ’ਚ ਘੁੰਮ ਰਹੇ ਹਨ। ਪੁਲੀਸ ਨੇ ਇਥੇ ਨਾਕਾ ਲਾ ਕੇ ਐਕਟਿਵਾ ’ਤੇ ਸਵਾਰ ਤਿੰਨਾਂ ਨੂੰ ਰੋਕਿਆ ਤੇ ਪੁੱਛਗਿੱਛ ਕੀਤੀ। ਪੁੱਛਗਿੱਛ ਮਗਰੋਂ ਇਨ੍ਹਾਂ ਤਿੰਨੇ ਜਣਿਆਂ ਨੇ ਸੰਦੀਪ ਦਾ ਕਤਲ ਕਰਨ ਦਾ ਜੁਰਮ ਕਬੂਲ ਲਿਆ। ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਦੀ ਪਛਾਣ ਸੂਰਜ, ਜੋ ਦਸਵੀਂ ਤੱਕ ਪੜ੍ਹਿਆ ਹੈ ਤੇ ਵੇਟਰ ਦਾ ਕੰਮ ਕਰਦਾ ਹੈ। ਦੂਜਾ ਮੁਲਜ਼ਮ ਅਖਿਲੇਸ਼ ਤੀਜੇ ਮੁਲਜ਼ਮ ਦੀ ਪਛਾਣ ਰਾਮ ਅਸ਼ੀਸ਼ ਵਜੋਂ ਹੋਈ ਹੈ। ਇਹ ਤਿੰਨੇ 10 ਦਸਵੀਂ ਤੱਕ ਪੜ੍ਹੇ ਹਨ ਤੇ ਵੇਟਰ ਦਾ ਕੰਮ ਕਰਦੇ ਹਨ। ਇਹ ਤਿੰਨੇ ਇਥੇ ਧਨਾਸ ਦੀ ਈਡਬਲਿਊਐਸ ਕਲੋਨੀ ਦੇ ਰਹਿਣ ਵਾਲੇ ਹਨ। ਪੁਲੀਸ ਨੂੰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦਾ 12 ਤੇ 13 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸੰਦੀਪ ਨਾਲ ਇਥੇ ਸੈਕਟਰ-17 ਸਥਿਤ ਆਈਐਸਬੀਟੀ ਅਤੇ ਉਸਤੋਂ ਬਾਅਦ ਸੈਕਟਰ -24/15 ਦੀ ਸੜਕ ‘’ਤੇ ਝਗੜਾ ਹੋਇਆ ਸੀ। ਤਿੰਨੇ ਮੁਲਜ਼ਮਾਂ ਨੇ ਸੰਦੀਪ ਨਾਲ ਕੁੱਟਮਾਰ ਕੀਤੀ ਤੇ ਬਰਫ ਤੋੜਨ ਵਾਲੇ ਸੂਏ ਨਾਲ ਉਸ ’ਤੇ ਹਮਲਾ ਕੀਤਾ। ਬਰਫ ਤੋੜਨ ਵਾਲੇ ਸੂਏ ਨਾਲ ਸੰਦੀਪ ’ਤੇ ਕਈਂ ਵਾਰ ਕਰਕੇ ਉਸਦਾ ਸ਼ਰੀਰ ਛਲਣੀ ਕਰ ਦਿੱਤਾ। ਪੁਲੀਸ ਅਨੁਸਾਰ ਤਿੰਨੇ ਮੁਲਜ਼ਮਾਂ ਦੀ ਮਰਹੂਮ ਸੰਦੀਪ ਨਾਲ ਕੋਈ ਪੁਰਾਣੀ ਰੰਜਿਸ਼ ਸੀ। ਪੁਲੀਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 13 ਅਕਤੂਬਰ ਨੂੰ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਸੈਕਟਰ 24/15 ਦੀ ਸੜਕ ਤੇ ਹੋਟਲ ਪਾਰਕਵਿਊ ਦੇ ਸਾਹਮਣੇ ਸੰਦੀਪ ਦੀ ਖੂਨ ਨਾਲ ਲਿਬੜੀ ਲਾਸ਼ ਮਿਲੀ ਸੀ ਜਿਸਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮ੍ਰਿਤਕ ਦੀ ਪਛਾਣ ਇਥੇ ਧਨਾਸ ਦੇ ਰਹਿਣ ਵਾਲੇ ਇੱਕ ਡਿਲੀਵਰੀ ਬੁਆਏ ਸੰਦੀਪ ਵਜੋਂ ਹੋਈ ਸੀ। 22 ਸਾਲਾ ਸੰਦੀਪ ਦੀ ਗਰਦਨ, ਛਾਤੀ ਤੇ ਪਿੱਠ ’ਤੇ ਕਈ ਜ਼ਖ਼ਮਾਂ ਦੇ ਕਈਂ ਨਿਸ਼ਾਨ ਮਿਲੇ ਸਨ।