(ਸਮਾਜ ਵੀਕਲੀ)
21 ਨੰਵਬਰ 2020, ਸ਼ੰਭੂ ਬਾਰਡਰ ਤੇ ਜਦ ਮੈਂ ਪਹੁੰਚਿਆ ਤਾ ਵੇਖਿਆ ਇੱਕ ਪਾਸੇ ਹਰਿਆਣਾ ਪੁਲਿਸ ਬੈਰੀਗੇਡ ਦੇ ਉਸ ਪਾਰ ਖੜੀ ਸੀ ਤੇ ਦੂਜੇ ਪੰਜਾਬ ਵਾਲੇ ਪਾਸੇ ਪੰਜਾਬ ਦੇ ਨੌਜਵਾਨ, ਅੱਖਾਂ ‘ਚ ਜੋਸ਼ ਭਰਿਆ, ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਹੋਏ ਬੈਰੀਗੇਡਾਂ ਨੂੰ ਇਉਂ ਚੁੱਕੀ ਜਾਂਦੇ ਸੀ ਜਿਵੇਂ ਕੋਈ ਕਰਿਸ਼ਮਾ ਵਾਪਰ ਰਿਹਾ ਹੋਵੇ।
ਕਹਿੰਦੇ ਨੇ ਜੀ ਕਿ, ਬਚਪਨ ਤੇ ਜਵਾਨੀ ਦੀ ਉਮਰ ਇੱਕ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੀ ਹੈ, ਜਿਵੇਂ ਮਰਜ਼ੀ ਢਾਲ ਕੇ ਕਿਸੇ ਵੀ ਰਾਹ ਪਾ ਲਵੋ ਤੇ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ, ਉਸ ਸਮੇਂ ਵਿੱਚ ਨੌਜਵਾਨਾਂ ਨੇ ਆਪਣੇ ਪੈਰਾਂ ਨੂੰ ਸੰਘਰਸ਼ ਦੇ ਰਾਹਾਂ ਵੱਲ ਤੋਰ ਕੇ ਆਪਣੇ ਆਪ ਨੂੰ ਇੱਕ ਵੱਖਰੇ ਰੂਪ ਵਿੱਚ ਪੇਸ਼ ਕੀਤਾ ਹੈ। ਨੌਜਵਾਨ ਇਕ ਨਵਾਂ ਇਤਿਹਾਸ ਸਿਰਜਣ ਵੱਲ ਤੁਰ ਪਏ ਹਨ। ਪੁਰਾਣੇ ਇਤਿਹਾਸ ਨੂੰ ਫਰੋਲ ਕੇ ਵੇਖੀਏ ਤਾ ਪਤਾ ਲੱਗਦਾ ਹੈ, ਕਿਵੇਂ ਹੁਕਮਰਾਨ ਸਰਕਾਰਾਂ ਆਮ ਲੋਕਾਂ ਤੇ ਜ਼ੁਲਮ ਕਰਦੀਆਂ ਸਨ, ਤੇ ਬਾਗ਼ੀ ਲੋਕ ਜ਼ੁਲਮ ਨਾ ਸਹਿੰਦੇ ਹੋਏ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਸਨ।
ਉਹੀ ਸਮੇਂ ਨੇ ਅੱਜ ਫੇਰ ਦੁਬਾਰਾ ਭਾਰਤ ਦੀ ਧਰਤੀ ਤੇ ਫੇਰੀ ਪਾਈ ਹੈ, ਤੇ ਜਿਸ ਦਾ ਜੁਆਬ ਦੇਣ ਲਈ ਨੌਜਵਾਨਾਂ ਨੇ ਆਪਣੀਆਂ ਕਮਰਾ ਕੱਸ ਲਈਆਂ ਹਨ। ਬਾਰਡਰ ਤੇ ਨੌਜਵਾਨਾਂ ਦਾ ਜੋਸ਼ ਵੇਖਨ ਵਾਲਾ ਸੀ। ਠੰਡੇ ਪਾਣੀਆਂ ਦੀਆਂ ਬੁਛਾੜਾਂ ਦੀ ਕੋਈ ਪ੍ਰਵਾਹ ਨੀ, ਅੱਥਰੂ ਗੈਸ ਦੇ ਗੋਲਿਆਂ ਨੂੰ ਚੁੱਕ – ਚੁੱਕ ਪੁਲਿਸ ਤੇ ਸੁੱਟੀ ਜਾਵਣ, ਸੱਚ ਮਾਨਿਉਂ ਇਉਂ ਲੱਗਿਆ ਸੀ ਜਿਵੇਂ ਪਰਮੇਸ਼ਰ ਨੇ ਵੱਖਰੀ ਤਾਕਤ ਇਹਨਾਂ ਵਿੱਚ ਭਰ ਦਿੱਤੀ ਹੋਵੇ। ਮਿੱਟੀ ਦੇ ਟਿੱਪਰ, ਰੋਡ ਕੁੱਟਣੇ ਆਦਿ ਜੋ ਵੀ ਰਾਹ ਦੇ ਰੋੜੇ ਬਣੇ ਹੋਏ ਸਨ, ਨੌਜਵਾਨਾਂ ਨੇ ਇਉਂ ਮਿੰਟਾਂ ਵਿੱਚ ਪਰੇ ਸੁੱਟ ਮਾਰੇ ਜਿਵੇਂ ਕੋਈ ਖਾਲੀ ਲਿਫ਼ਾਫ਼ੇ ਚੁੱਕ ਕੇ ਸਫਾਈ ਕਰਦਾ ਹੋਵੇ।
ਬਜ਼ੁਰਗਾਂ ਦੀ ਹੱਲਾਸ਼ੇਰੀ, ‘ਵਾਹ ਜਵਾਨਾਂ’ , ‘ਚੱਕ ਦੇ ਫੱਟੇ’ , ‘ਨਹੀਂ ਰੀਸਾਂ ਤੇਰੀਆਂ’ , ‘ਕਮਾਲ ਕਰਤੀ ਜਵਾਨਾਂ’ ਆਦਿ ਸੁਣ ਕੇ ਨੌਜਵਾਨਾਂ ਵਿੱਚ ਜੋਸ਼ ਦੂਣਾ ਹੋ ਜਾਂਦਾ ਤੇ ਉਹ ਇੱਕ ਦੂਜੇ ਨਾਲ਼ੋਂ ਵੱਧ ਕੇ ਅੱਗੇ ਤੁਰਦੇ। ਪੰਜਾਬ ਨੂੰ ਅਮਲੀ, ਬਾਹਰ ਜਾ ਕੇ ਗੁਲਾਮੀ ਕਰਨ ਵਾਲੇ ਤੇ ਹੋਰ ਵੱਖ – ਵੱਖ ਲਾਹਨਤਾਂ ਪਾਉਣ ਵਾਲੇ ਲੋਕਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਸੀ ਇਹ। ਨੌਜਵਾਨਾਂ ਨੇ ਦਿਖਾ ਦਿੱਤਾ ਕਿ ਜੇ ਉਹ ਆਪਣੀ ਆਈ ਤੇ ਆ ਜਾਣ ਤਾਂ ਦੁਨੀਆ ਪਲਟ ਸਕਦੇ ਨੇ।
ਇਸ ਵਿੱਚ ਕੋਈ ਸ਼ੱਕ ਨਹੀਂ ਤੇ ਨੌਜਵਾਨਾਂ ਨੇ ਉਹ ਕਰਤਾ ਜੋ ਕਦੇ ਦੁਨੀਆ ਸੋਚ ਵੀ ਨਹੀਂ ਸਕਦੀ ਸੀ, ਪੂਰੇ ਪੰਜਾਬ ਦੇ ਕਿਸਾਨਾਂ ਨੂੰ ਬਿਨਾਂ ਕੋਈ ਤੋੜ ਭੰਨ ਕੀਤੇ, ਦਿੱਲੀ ਦੇ ਬਾਰਡਰ ਤੇ ਲਿਆ ਕੇ ਬਿੱਠਾ ਦਿੱਤਾ। ਨੌਜਵਾਨ ਆਪਣੇ ਜ਼ਿੰਦਗੀ ਦੇ ਵੱਖ-ਵੱਖ ਤਜ਼ਰਬੇ ਲੈ ਕੇ ਧਰਨੇ ਵਿੱਚ ਸ਼ਾਮੂਲੀਅਤ ਕਰ ਰਹੇ ਹਨ, ਜਿਵੇਂ ਉੱਥੇ ਪਹੁੰਚੇ ਬੱਚਿਆਂ ਲਈ ਤੇ ਹੋਰ ਜੋ ਨੇੜੇ ਦੇ ਗਰੀਬ ਤੱਬਕੇ ਦੇ ਬੱਚੇ ਉੱਥੇ ਘੁੰਮਦੇ ਸੀ ਉਹਨਾਂ ਲਈ ਸਕੂਲ ਸ਼ੁਰੂ ਕਰਤਾ, ਜਿਸ ਵਿੱਚ ਬੱਚਿਆ ਨੂੰ ਪੜਾਈ ਦੇ ਨਾਲ – ਨਾਲ ਜ਼ਿੰਦਗੀ ਦੇ ਚੰਗੇ ਫ਼ਲਸਫ਼ੇ ਸਿਖਾਏ ਜਾਂਦੇ ਹਨ।
ਧਰਨੇ ਵਿੱਚ ਲਾਇਬ੍ਰੇਰੀ ਦੀ ਉਸਾਰੀ, ਜੋ ਕੀ ਉੱਥੇ ਪਹੁੰਚੇ ਲੋਕਾਂ ਵਿੱਚ ਪੜ੍ਹਨ ਦੀ ਨਵੀਂ ਜਾਗਰੂਕਤਾ ਪੈਦਾ ਕਰ ਰਹੀ ਹੈ।ਜਿਵੇਂ ਕਿ ਆਪਾਂ ਜਾਣਦੇ ਹਾਂ, ਕਈ ਵਾਰ ਕਲਮ ਦੀ ਤਿੱਖੀ ਧਾਰ ਕਿਰਪਾਨ ਨਾਲ਼ੋਂ ਜ਼ਿਆਦਾ ਤੇ ਗਹਿਰਾ ਜ਼ਖ਼ਮ ਪਾ ਦਿੰਦੀ ਹੈ, ਉਸੇ ਧਾਰ ਨੂੰ ਤਿੱਖੀ ਕਰਨ ਲਈ ਲਾਇਬ੍ਰੇਰੀ ਇੱਕ ਅਹਿਮ ਯੋਗਦਾਨ ਪਾ ਰਹੀ ਹੈ। ਪੱਗਾਂ ਦੀ ਸਿਖਲਾਈ, ਕੁੱਝ ਸਿੱਖ ਭਾਈਚਾਰੇ ਦੇ ਮੁੰਡਿਆਂ ਵੱਲੋਂ ਧਰਨੇ ਵਿੱਚ ਪੱਗ ਸਿਖਲਾਈ ਦਾ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਨੌਜਵਾਨ ਕੀ ਹਰ ਉਮਰ ਦੇ ਲੋਕੀਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਖ਼ੂਨ ਦਾਨ ਕੈੰਪ, ਕੁੱਝ ਲੋਕ ਭਲਾਈ ਸੰਸਥਾਵਾਂ ਨੇ ਧਰਨੇ ਵਿੱਚ ਨੌਜਵਾਨਾਂ ਦੀ ਵੱਧਦੀ ਭਾਗੇਦਾਰੀ ਨੂੰ ਵੇਖਦਿਆਂ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ, ਜਿਸ ਵਿੱਚ ਨੌਜਵਾਨਾਂ ਖ਼ੂਨ ਦਾਨ ਕਰਕੇ ਇੱਕ ਚੰਗੀ ਸਿਹਤ ਦਾ ਸੁਨੇਹਾ ਦੇ ਰਹੇ ਹਨ। ਅਸੀ ਅਕਸਰ ਵੱਡੇ ਮੇਲਿਆਂ, ਰੈਲੀਆ, ਜਾ ਹੋਰ ਕਈ ਪ੍ਰਕਾਰ ਦੇ ਇਕੱਠਾ ਵਿੱਚ ਵੇਖਿਆ ਹੈ ਕੀ, ਜਨਤਾ ਨੂੰ ਇਕ ਅਨੁਸ਼ਾਸਨਿਕ ਦਾਇਰੇ ਵਿੱਚ ਰੱਖਣ ਲਈ ਪੁਲਿਸ ਫੋਰਸ ਦੀ ਮੱਦਦ ਲਈ ਜਾਂਦੀ ਹੈ।
ਪਰ ਇਸ ਕਿਸਾਨੀ ਸੰਘਰਸ਼ ਵਿੱਚ ਜੋ ਕਿ ਬਹੁ ਗਿਣਤੀ ਨਾਲ ਬੜੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ, ਉਸ ਸ਼ਾਂਤੀ ਨੂੰ ਕਾਇਮ ਰੱਖਣ ਲਈ ਕਿਸੇ ਪੁਲਿਸ ਯਾ ਫੌਜ਼ ਦੀ ਮੱਦਦ ਨਹੀਂ ਬਲਕਿ ਆਪਣੇ ਨੌਜਵਾਨ ਹੀ ਰਾਤ ਨੂੰ ਧਰਨੇ ਦੀ ਪਹਿਰੇਦਾਰੀ ਕਰਦੇ ਹਨ। ਜੋ ਕੀ ਕਿਸੇ ਬਾਹਰਲੇ ਗ਼ੈਰ ਬੰਦੇ ਤੋਂ ਬਚਾਅ ਰੱਖਦੀ ਹੈ, ਨਾਲ ਹੀ ਆਪਣੇ ਸੰਘਰਸ਼ੀ ਲੋਕਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰੇਰਦੀ ਹੈ।ਅੱਜ ਪੂਰਾ ਭਾਰਤ ਹੀ ਨਹੀਂ, ਸਾਰੀ ਦੁਨੀਆ ਨੌਜਵਾਨਾਂ ਦੀ ਵਾਹ – ਵਾਹ ਕਰ ਰਿਹਾ ਸੀ।
ਮਨਿੰਦਰ ਸਿੰਘ ਘੜਾਮਾਂ
9779390233