ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਅੱਜ ਇਕ ਵੀਡੀਓ ਜਾਰੀ ਕੀਤਾ ਜਿਸ ਵਿਚ ਕੁਝ ਲੋਕ ਕਥਿਤ ਤੌਰ ’ਤੇ ਇਹ ਦਾਅਵਾ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਨੋਟਬੰਦੀ ਤੋਂ ਬਾਅਦ ਭਾਜਪਾ ਦੇ ਕੁਝ ਆਗੂਆਂ ਦੀ ਮਦਦ ਨਾਲ ਕਮਿਸ਼ਨ ਲੈ ਕੇ ਨੋਟ ਬਦਲੇ ਗਏ। ਸਿੱਬਲ ਨੇ ਇਹ ਵੀ ਦਾਅਵਾ ਕੀਤਾ ਕਿ ਨੋਟਬੰਦੀ ਤੋਂ ਬਾਅਦ 15 ਤੋਂ ਲੈ ਕੇ 40 ਫੀਸਦ ਤੱਕ ਕਮਿਸ਼ਨ ਬਦਲੇ ਨੋਟ ਬਦਲੇ ਗਏ। ਸਿੱਬਲ ਨੇ ਜੋ ਵੀਡੀਓ ਜਾਰੀ ਕੀਤਾ ਹੈ ਉਸ ਦੇ ਅਸਲੀ ਹੋਣ ਦੀ ਆਜ਼ਾਦ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ ਤੇ ਫ਼ਿਲਹਾਲ ਭਾਜਪਾ ਵੱਲੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਇਸ ਮਾਮਲੇ ਵਿਚ ਅਦਾਲਤ ਜਾਣਗੇ ਤਾਂ ਉਨ੍ਹਾਂ ਇਸ ਤੋਂ ਇਨਕਾਰ ਕੀਤਾ। ਕਾਂਗਰਸ ਆਗੂ ਨੇ ਨੋਟਬੰਦੀ ਨੂੰ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਕਿਹਾ ਕਿ ਲੰਘੇ ਪੰਜ ਵਰ੍ਹਿਆਂ ਵਿਚ ਲੋਕਾਂ ਨੇ ਦੇਖਿਆ ਹੈ ਕਿ ਪਾਣੀ ਵਾਂਗ ਪੈਸਾ ਵਹਾਇਆ ਗਿਆ ਹੈ ਤੇ ਇਸ ਦੀ ਝਲਕ ਵੀਡੀਓ ਵਿਚ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਬੈਂਕਰ, ਸਰਕਾਰੀ ਕਰਮਚਾਰੀ, ਸਰਕਾਰ ਦੇ ਲੋਕ ਮਿਲ ਕੇ 15 ਤੋਂ 40 ਫੀਸਦ ਕਮਿਸ਼ਨ ਕਮਾਉਂਦੇ ਹਨ ਤਾਂ ਇਸ ਤੋਂ ਵੱਡਾ ਕੋਈ ਜੁਰਮ ਨਹੀਂ ਹੈ। ਇਹ ਦੇਸ਼ਧ੍ਰੋਹ ਹੈ। ਸਿੱਬਲ ਨੇ ਕਿਹਾ ਕਿ ਜਾਂਚ ਏਜੰਸੀਆਂ ਵਿਰੋਧੀ ਧਿਰਾਂ ਦੇ ਆਗੂਆਂ ਦੀ ਤਾਂ ਜਾਂਚ ਕਰਨਗੀਆਂ ਪਰ ਸੱਤਾਧਾਰੀਆਂ ਦੇ ਮਾਮਲੇ ਵਿਚ ਕੋਈ ਜਾਂਚ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਈਡੀ, ਸੀਬੀਆਈ ਤੇ ਐਨਆਈਏ ਮੋਦੀ ਸਰਕਾਰ ਦੇ ਕਬਜ਼ੇ ਹੇਠ ਹੈ। ਹੁਣ ਲੋਕਤੰਤਰ ਨੂੰ ਬਚਾਉਣਾ ਲੋਕਾਂ ਦੇ ਹੱਥ ਵੱਸ ਹੈ।
INDIA ਨੋਟਬੰਦੀ ਮਗਰੋਂ ਮੋਟੇ ਕਮਿਸ਼ਨ ’ਤੇ ਨੋਟ ਬਦਲੇ ਗਏ: ਕਾਂਗਰਸ