(ਸਮਾਜਵੀਕਲੀ) – ਨੇਪਾਲ ਸਰਕਾਰ ਨੇ ਲਿੰਪਿਆਧੁਰਾ ਕਾਲਾ ਪਾਣੀ ਅਤੇ ਲਿਪੂਲੇਖ ਨੂੰ ਆਪਣੇ ਨਵੇਂ ਰਾਜਨੀਤਿਕ ਨਕਸ਼ੇ *ਚ ਸ਼ਾਮਲ ਕੀਤਾ ਹੈ ਅਤੇ ਇਸ *ਤੇ ਭਾਰਤ ਬੇਹੱਦ ਨਰਾਜ਼ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੇ ਕਿ ਕਿਸੇ ਵੀ ਇਲਾਕੇ *ਤੇ ਅਜਿਹੇ ਦਾਅਵੇ ਨੂੰ ਭਾਰਤ ਕਦੇ ਵੀ ਕਬੂਲ ਨਹੀਂ ਕਰੇਗਾ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਨੇਪਾਲ ਦਾ ਨਕਸ਼ਾ ਇਕ ਤਰ਼ਫਾ ਹਰਕਤ ਹੈ ਅਤੇ ਇਤਹਾਸਕ ਤੱਥਾਂ ਅਤੇ ਸਬੂਤਾਂ *ਤੇ ਅਧਾਰਤ ਨਹੀਂ ਹੈ। ਇਹ ਦਾਅਵਾ ਬਣਾਉਟੀ ਹੈ ਅਤੇ ਦੋ —ਪੱਖੀ ਗੱਲਬਾਤ ਨਾਲ ਮਾਮਲੇ ਨੂੰ ਸੁਲਝਾਉਣ ਦੀ ਸਿਆਸੀ ਸਮਝਦਾਰੀ ਤੋਂ ਹਟਕੇ ਹੈ। ਭਾਰਤ ਸਰਕਾਰ ਨੇ ਸਲਾਹ ਦਿੱਤੀ ਹੈ ਕਿ ਨੇਪਾਲ ਅਜਿਹੀਆਂ ਹਰਕਤਾਂ ਤੋਂ ਬਚੇ ਅਤੇ ਭਾਰਤ ਦੀ ਇਕਜੁਟਤਾ ਨਾਲ ਖਿਲਵਾੜ ਕਰਨ ਦੀ ਬਜਾਏ ਇਸਦਾ ਆਦਰ ਕਰੇ। ਭਾਰਤ ਸਰਕਾਰ ਨੇ ਇਹ ਉਮੀਦ ਕੀਤੀ ਹੈ ਕਿ ਨੇਪਾਲ ਦੀ ਪਹਿਲ ਅਤੇ ਅਗਵਾਈ , ਸਕਰਾਤਮਕ ਵਾਤਾਵਰਣ ਸਿਰਜਦੇ ਹੋਏ ਗੱਲਬਾਤ ਰਾਹੀ ਸਰਹੱਦੀ ਮਾਮਲਿਆਂ ਦਾ ਹੱਲ ਕਰੇਗੀ।
ਨੇਪਾਲ ਦਾ ਰਵੱਈਆ ਦਿਨੋਦਿਨ ਬਦਲ ਰਿਹਾ ਹੈ। ਪਿਛਲੇ ਹਫਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਸਰਬ ਪਾਰਟੀ ਬੈਠਕ ਬੁਲਾਈ ਜਿਸ ਵਿਚ ਕਈ ਸਾਬਕਾ ਪ੍ਰਧਾਨਮੰਤਰੀਆਂ ਨੇ ਵੀ ਹਿੱਸਾ ਲਿਆ ਸੀ। ਨੇਪਾਲ ਮਜ਼ਦੂਰ ਚੰਦ ਪਾਰਟੀ ਦੇ ਸਾਂਸਦ ਪ੍ਰੇਮ ਸੁਵਾਲ ਨੇ ਬੈਠਕ ਤੋਂ ਬਾਅਦ ਦੱਸਿਆ ਕਿ ਪ੍ਰਧਾਨਮੰਤਰੀ ਓੁਲੀ ਨੇ ਸਪਸ਼ਟ ਕਿਹਾ ਹੈ ਕਿ ਉਹ ਭਾਰਤ ਦੇ ਹੱਕ ਵਿਚ ਜ਼ਮੀਨ ਕਦੇ ਵੀ ਨਹੀਂ ਛੱਡਣਗੇ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਆਪਣੇ ਪੁਰਖਾਂ ਦੀ ਜ਼ਮੀਨ ਦੀ ਹਿਫਾਜ਼ਤ ਕਰੇਗੀ ਅਤੇ ਉਨਾਂ ਨੇ ਆਪਣੇ ਲੀਡਰਾਂ ਨੂੰ ਇਸ ਮਾਮਲੇ *ਤੇ ਸੰਜ਼ਮ ਵਰਤਣ ਦੀ ਅਪੀਲ ਵੀ ਕੀਤੀ। ਦੂਜੇ ਪਾਸੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 8 ਮਈ ਨੂੰ ਲਿਪੂਲੇਖ ਦੇ ਕੋਲੋ ਲੰਘਣ ਵਾਲੀ ਉਤਰਾਖੰਡ—ਮਾਨਸਰੋਵਰ ਸੜਕ ਦਾ ਉਦਘਾਟਨ ਕੀਤਾ।
ਲਿਪੂਲੇਖ ਨੇਪਾਲ ਅਤੇ ਭਾਰਤ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਨੇਪਾਲ ਭਾਰਤ ਦੇ ਇਸ ਕਦਮ ਨੂੰ ਲੈਕੇ ਨਰਾਜ਼ ਹੈ। ਨੇਪਾਲ ਇਸ ਨੂੰ ਕਬਜ਼ੇ ਦਾ ਮੁੱਦਾ ਕਹਿ ਰਿਹਾ ਹੈ ਅਤੇ ਇਸ ਨੂੰ ਲੈਕੇ ਨੇਪਾਲ ਵਿਚ ਭਾਰਤ ਵਿਰੋਧੀ ਪ੍ਰਦਰਸ਼ਨ ਵੀ ਹੋ ਰਹੇ ਹਨ।
ਉੱਤਰਾਖੰਡ ਦੇ ਧਾਰਚੁਲਾ ਦੇ ਪੂਰਬ *ਚ ਮਹਾਂਕਾਲੀ ਨਦੀ ਦੇ ਕੰਢੇ ਨੇਪਾਲ ਦਾ ਦਾਰਚੁੱਲਾ ਜਿਲ੍ਹਾ ਹੈ। ਮਹਾਂਕਾਰਲੀ ਨਦੀ ਨੇਪਾਲ ਭਾਰਤ ਸਰਹੱਦ ਦਾ ਵੀ ਕੰਮ ਕਰਦੀ ਹੈ। ਨੇਪਾਲ ਸਰਕਾਰ ਦਾ ਦਾਅਵਾ ਹੈ ਕਿ ਭਾਰਤ ਸਰਕਾਰ ਨੇ ਉਸ ਦੇ ਲਿਪੂਲੇਖ ਇਲਾਕੇ *ਚ 22 ਕਿਲੋਮੀਟਰ ਲੰਮੀ ਸੜਕ ਬਣਾ ਦਿੱਤੀ ਹੈ। ਨੇਪਾਲ ਨੇ 2019 ਦੇ ਨਵੰਬਰ *ਚ ਇਸੇ ਮਾਮਲੇ ਨੂੰ ਲੈਕੇ ਆਪਣਾ ਵਿਰੋਧ ਦਰਜ਼ ਕਰਵਾਇਆ ਸੀ। ਜੰਮੂ ਅਤੇ ਕਸ਼ਮੀਰ ਦੀ ਵੰਡ ਸਮੇਂ ਜੋ ਰਾਜਨੀਤਿਕ ਨਕਸ਼ਾ ਜਾਰੀ ਕੀਤਾ ਗਿਆ ਸੀ, ਉਸ ਵਿਚ ਅਧਿਕਾਰਿਕ ਤੌਰ *ਤੇ ਕਾਲਾਪਾਣੀ ਇਲਾਕੇ ਨੂੰ ਭਾਰਤ ਦਾ ਹਿੱਸਾ ਦਰਸਾਇਆ ਗਿਆ ਸੀ। ਕਾਲਾ ਪਾਣੀ ਲਿਪੂਲੇਖ ਦੇ ਪੱਛਮ ਵਿਚ ਹੈ।
ਨੇਪਾਲ ਲੰਮੇ ਸਮੇਂ ਤੋਂ ਇਸ *ਤੇ ਦਾਆਵਾ ਕਰ ਰਿਹਾ ਹੈ। 2015 *ਚ ਜਦੋਂ ਚੀਨ ਅਤੇ ਭਾਰਤ ਦਰਮਿਆਨ ਵਪਾਰ ਨੂੰ ਵਧਾਉਣ ਲਈ ਸਮਝੌਤਾ ਹੋਇਆ ਸੀ, ੳਦੋਂ ਵੀ ਨੇਪਾਲ ਨੇ ਮਹਾਂਕਾਲੀ ਨਦੀ ਨਾਲ ਲੱਗਦੇ ਸਰਹੱਦੀ ਇਲਾਕਿਆਂ *ਚ ਆਪਣੀ ਹਥਿਆਰਬੰਦ ਪੁਲਿਸ ਤੈਨਾਤ ਕਰ ਦਿੱਤੀ ਸੀ। ਕਾਲਾ ਪਾਣੀ ਨਾਲ ਲੱਗਦੇ ਛੰਗਾਰੂ ਪਿੰਡ *ਚ ਨੇਪਾਲ ਪੁਲਿਸ ਦੀ ਚੌਂਕੀ ਵੀ ਮੌਜ਼ੂਦ ਹੈ। 1816 *ਚ ਨੇਪਾਲ ਅਤੇ ਭਾਰਤ ਦੀ ਮੋਜ਼ੂਦਾ ਬ੍ਰਿਟਿਸ਼ ਸਰਕਾਰ *ਚ ਇਕ ਸਮਝੌਤਾ ਹੋਇਆ ਸੀ ਜਿਸਦੇ ਲਗਭਗ 204 ਸਾਲ ਬਾਅਦ ਨੇਪਾਲ ਨੇ ਇਹ ਕਦਮ ਚੁੱਕਿਆ ਹੈ।ਕਾਲਾ ਪਾਣੀ ਵਿਵਾਦ ਤੋਂ ਬਾਅਦ ਇਸ ਹਫ਼ਤੇ ਲਿਪੂਲੇਖ ਨੂੰ ਲੈਕੇ ਕਾਠਮਾਂਡੂ *ਚ ਵਿਰੋਧ ਪ੍ਰਦਰਸ਼ਨਾਂ ਨਾਲ ਭਾਰਤ—ਨੇਪਾਲ ਸਬੰਧਾ *ਚ ਮੁੜ ਖਟਾਸ ਆਉਣ ਲੱਗੀ ਹੈ।
ਜੇਕਰ ਵਿਵਾਦ ਦੇ ਕੁਝ ਮੁੱਦਿਆਂ ਨੁੰ ਛੱਡ ਦੇਈਏ ਤਾਂ ਦੋਹਾਂ ਦੇਸ਼ਾਂ ਦਰਮਿਆਨ ਬਹੁਤ ਚੰਗੇ ਸਬੰਧ ਰਹੇ ਹਨ ਅਤੇ ਵਿਵਾਦ ਦੀ ਸੀਰਤ ਨੂੰ ਦੇਖ ਕੇ ਇਹ ਜ਼ਾਹਰ ਹੁੰਦਾ ਹੈ ਕਿ ਸਬੰਧਾਂ ਨੂੰ ਵਿਗਾੜਨ ਪਿੱਛੇ ਕੋਈ ਹੋਰ ਤੀਜਾ ਕਾਰਨ ਹੈ।
ਜੋ ਲੋਕ ਚੀਨੀ ਕੂਟਨੀਤੀ ਨੂੰ ਸਮਝਦੇ ਹਨ ਉਨ੍ਹਾਂ ਨੂੰ ਇਹ ਪਤਾ ਲੱਗ ਰਿਹਾ ਹੋਵੇਗਾ ਕਿ ਇਹ ਕਾਰਨ ਚੀਨ ਹੀ ਹੈ। ਇਸ ਘਟਨਾ ਨੇ ਨੇਪਾਲੀਆਂ ਨੂੰ ਨਰਾਜ਼ ਕਰ ਦਿੱਤਾ ਹੈ। ਇਥੋਂ ਤੱਕ ਕਿ ਪ੍ਰਧਾਨਮੰਤਰੀ ਓੁਲੀ ਨੇ ਕਹਿ ਦਿੱਤਾ ਹੈ ਕਿ ਨੇਪਾਲ ਇਕ ਇੰਚ ਜ਼ਮੀਨ ਵੀ ਨਹੀਂ ਛੱਡਣ ਵਾਲਾ।ਸਵਾਲ ਉੱਠਦਾ ਹੈ ਕਿ ਇਹਨਾਂ ਹਲਾਤਾਂ ਕਾਰਨ ਭਾਰਤ —ਨੇਪਾਲ ਸਬੰਧ ਖ਼ਰਾਬ ਹੋ ਜਾਣਗੇ ।ਇਹ ਗੱਲ ਵੀ ਅਹਿਮ ਹੈ ਕਿ ਮਹਾਂਕਾਲੀ ਨੇਪਾਲ ਦੇ ਲਈ ਅਹਿਮ ਕਿਊ ਹੈ? ਭਾਰਤ ਅਤੇ ਨੇਪਾਲ *ਚ ਸੰਸਕ੍ਰਿਤੀ, ਸੱਭਿਅਤਾ, ਇਤਹਾਸ ਅਤੇ ਭੂਗੋਲ ਪੱਖੋਂ ਬਹੁਤ ਨਜ਼ਦੀਕੀਆਂ ਹਨ। ਸ਼ਾਇਦ ਕੋਈ ਵੀ ਦੇਸ਼ ਐਨੀ ਨਜ਼ਦੀਕੀ ਨਹੀਂ ਰੱਖਦਾ ਜਿੰਨੀ ਇਹਨਾਂ ਦੋਹਾਂ ਦੇਸ਼ਾਂ ਨੇ ਰੱਖੀ ਹੋਈ ਹੈ। ਪਰ 1800 ਕਿਲੋਮੀਟਰ ਲੰਮੀ ਸਰਹੱਦ *ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਕਦੇ ਨਾ ਖ਼ਤਮ ਹੋਣ ਵਾਲੇ ਕਈ ਸਰਹੱਦੀ ਵਿਵਾਦ ਵੀ ਹਨ। ਦੋਹੇਂ ਦੇਸ਼ਾਂ ਦੀਆਂ ਸਰਹੱਦਾਂ ਖੁੱਲੀਆਂ ਹੋਈਆਂ ਅਤੇ ਵਿੰਗੀਆ —ਟੇਢੀਆਂ ਹਨ। ਮੁਸ਼ਕਲ ਤਾਂ ਇਹੋ ਹੈ ਕਿ ਸਪਸ਼ਟ ਰੂਪ ਵਿੱਚ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਹੀ ਤੈਅ ਨਹੀਂ ਹੋੋ ਪਾਈਆਂ ਹਨ। ਮਹਾਂਕਾਲੀ ਜਿਸ ਨੂੰ ਨੇਪਾਲ *ਚ ਸ਼ਾਰਦਾ ਅਤੇ ਗੰਡਕ ਜਿਸ ਨੂੰ ਨੇਪਾਲ *ਚ ਨਰਾਇਣੀ ਕਹਿੰਦੇ ਹਨ ਉਹ ਸਰਹੱਦੀ ਨਦੀਆਂ ਹਨ ਜਿੰਨ੍ਹਾਂ ਦੀ ਮਾਨਸੂਨ ਸਮੇਂ ਹੜ੍ਹ ਆਉਣ *ਤੇ ਤਸਵੀਰ ਹੀ ਬਦਲ ਜਾਂਦੀ ਹੈ।
ਇਹੋ ਨਹੀਂ, ਨਦੀਆਂ ਦਾ ਵਹਾਅ ਵੀ ਹਰ ਸਾਲ ਬਦਲਦਾ ਹੈ। ਕਈ ਇਲਾਕਿਆਂ *ਚ ਸਰਹੱਦ ਦਰਸਾਉਣ ਵਾਲੇ ਖੰਭੇ ਹਜੇ ਵੀ ਖੜੇ ਹਨ ,ਪਰ ਕੋਈ ਉਨ੍ਹਾਂ ਦੀ ਕਦਰ ਨਹੀਂ ਕਰਦਾ। ਹਾਲਾਂਕਿ ਆਮ ਹਲਾਤਾਂ *ਚ ਦੋਹੇਂ ਦੇਸ਼ਾਂ *ਚ ਆਵਾਜਾਈ ਲੱਗੀ ਰਹਿੰਦੀ ਹੈ।
– ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ